ਪਟਿਆਲਾ, 09 ਸਤੰਬਰ 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਰੀ ਮੀਂਹ ਤੇ ਉਸ ਤੋਂ ਬਾਅਦ ਆਏ ਹੜ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪਾਵਰਕਾਮ) ਨੂੰ 50 ਕਰੋੜ ਰੁਪਏ ਤੋਂ ਵੱਧ ਨੁਕਸਾਨ ਹੋਇਆ ਹੈ ਜੋਕਿ ਜੋ ਪਾਣੀ ਹਟਣ ਤੋਂ ਬਾਅਦ ਹੋਰ ਵੀ ਵੱਧ ਸਕਦਾ ਹੈ। ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੈ ਪਾਲ ਸਿੰਘ ਅਟਵਾਲ ਨੇ ਦੱਸਿਆ ਕਿ ਲਗਾਤਾਰ ਮੀਂਹ ਅਤੇ ਹੜ੍ਹਾਂ ਨੇ ਪਾਵਰਕਾਮ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਜ਼ਾਰਾਂ ਬਿਜਲੀ ਦੇ ਖੰਭੇ, ਸਪਲਾਈ ਲਾਈਨਾਂ ਅਤੇ ਟਰਾਂਸਫਾਰਮਰ ਬਰਬਾਦ ਹੋ ਗਏ ਹਨ। ਹਜ਼ਾਰਾਂ ਪਿੰਡਾਂ ਵਿੱਚ ਬਿਜਲੀ ਬੰਦ ਹੈ, ਜਦਕਿ 2300 ਟਰਾਂਸਫਾਰਮਰ ਅਤੇ ਕਰੀਬ 8 ਹਜ਼ਾਰ ਕਿਲੋਮੀਟਰ ਤਾਰਾਂ ਹੜ੍ਹ ਦੀ ਭੇਟ ਚੜ ਗਏ ਹਨ।

ਅਟਵਾਲ ਨੇ ਦੱਸਿਆ ਕਿ ਸਰਹੱਦੀ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹਨ, ਜਿੱਥੇ ਪਾਣੀ ਭਰਨ ਅਤੇ ਟੁੱਟੇ ਬੰਨਾਂ ਨੇ ਬਿਜਲੀ ਢਾਂਚੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਣੀ ਪੂਰੀ ਤਰ੍ਹਾਂ ਹਟਣ ‘ਤੇ ਨੁਕਸਾਨ ਹੁਣ ਦੇ ਅੰਦਾਜ਼ੇ ਤੋਂ ਕਈ ਗੁਣਾ ਵੱਧ ਹੋ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਨੁਕਸਾਨ ਭਾਰੀ ਹੈ, ਪਰ ਇੰਜੀਨੀਅਰਾਂ ਅਤੇ ਲੋਕਾਂ ਦੀ ਏਕਤਾ ਅਤੇ ਸੇਵਾ-ਭਾਵਨਾ ਨਾਲ ਪੰਜਾਬ ਇਸ ਸੰਕਟ ‘ਤੇ ਕਾਬੂ ਪਾ ਲਵੇਗਾ। ਅਟਵਾਲ ਨੇ ਕਿਹਾ ਕਿ ਸਾਡਾ ਬਿਜਲੀ ਢਾਂਚਾ ਮੁੜ ਬਣ ਸਕਦਾ ਹੈ, ਪਰ ਇਸ ਮੁਸ਼ਕਲ ਵੇਲੇ ਦਿਖਾਈ ਏਕਤਾ ਅਤੇ ਸੇਵਾ ਦੀ ਭਾਵਨਾ ਅਮੁੱਲ ਹੈ।

ਪੂਰੀ ਬਹਾਲੀ ਲਈ ਲੱਗੇਗਾ ਹਫਤਾ

ਖੇਤੀਬਾੜੀ ‘ਤੇ ਵੀ ਇਸਦਾ ਵੱਡਾ ਅਸਰ ਪਿਆ ਹੈ। ਬਿਜਲੀ ਬੰਦ ਹੋਣ ਕਰਕੇ ਕਿਸਾਨਾਂ ਦੇ ਟਿਊਬਵੈੱਲ ਤੇ ਸਿੰਚਾਈ ਪ੍ਰਣਾਲੀਆਂ ਠੱਪ ਹੋ ਗਈਆਂ ਹਨ, ਜਿਸ ਕਾਰਨ ਹੜ੍ਹਾਂ ਨਾਲ ਖਰਾਬ ਹੋਈਆਂ ਫ਼ਸਲਾਂ ਦੀ ਹਾਲਤ ਹੋਰ ਖ਼ਰਾਬ ਹੋ ਰਹੀ ਹੈ। ਇਸ ਮੁਸ਼ਕਲ ਘੜੀ ਵਿੱਚ ਵੀ ਪਾਵਰਕਾਮ ਦੇ 22 ਹਜ਼ਾਰ ਤੋਂ ਵੱਧ ਕਰਮਚਾਰੀ ਰਾਤ-ਦਿਨ ਮਿਹਨਤ ਕਰਕੇ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਲੱਗੇ ਹੋਏ ਹਨ। ਹਸਪਤਾਲਾਂ, ਪਾਣੀ ਸਪਲਾਈ ਪ੍ਰਣਾਲੀ ਅਤੇ ਰਾਹਤ ਕੈਂਪਾਂ ਨੂੰ ਤਰਜੀਹ ਦੇ ਕੇ ਬਿਜਲੀ ਦਿੱਤੀ ਜਾ ਰਹੀ ਹੈ, ਹਾਲਾਂਕਿ ਪਿੰਡਾਂ ਦਾ ਵੱਡਾ ਹਿੱਸਾ ਅਜੇ ਵੀ ਹਨੇਰੇ ਵਿੱਚ ਹੈ। ਇੰਜੀਨੀਅਰਾਂ ਨੇ ਦੱਸਿਆ ਕਿ ਜਿੱਥੇ ਟਰਾਂਸਫਾਰਮਰ ਤੇ ਲਾਈਨਾਂ ਅਜੇ ਵੀ ਪਾਣੀ ਹੇਠ ਹਨ, ਉੱਥੇ ਮੁਰੰਮਤ ਕਰਨਾ ਸੰਭਵ ਨਹੀਂ। ਸੁਰੱਖਿਆ ਕਾਰਨ, ਪਾਣੀ ਹਟਣ ਦੀ ਉਡੀਕ ਕਰਨੀ ਪੈਂਦੀ ਹੈ। ਇਸ ਕਰਕੇ ਪੂਰੀ ਬਹਾਲੀ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ।

ਇੰਜੀਨੀਅਰਾਂ ਵੱਲੋਂ ਤਨਖਾਹ ਦੇਣ ਦਾ ਐਲਾਨ

ਹੜ੍ਹ-ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪਾਵਰਕਾਮ ਦੇ ਇੰਜੀਨੀਅਰ ਵੀ ਅੱਗੇ ਆਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਨੇ ਐਲਾਨ ਕੀਤਾ ਕਿ ਸਾਰੇ ਇੰਜੀਨੀਅਰ ਮੌਜੂਦਾ ਤੇ ਸੇਵਾ ਮੁਕਤ ਆਪਣੀ ਇੱਕ ਦਿਨ ਦੀ ਤਨਖਾਹ ਅਤੇ ਪੈਂਨਸ਼ਨ ਮੁੱਖ ਮੰਤਰੀ ਰਾਹਤ ਕੋਸ਼ ਲਈ ਦੇਣਗੇ। ਧੀਮਾਨ ਨੇ ਕਿਹਾ, ‘ਇਹ ਸਿਰਫ਼ ਵਿੱਤੀ ਮਦਦ ਨਹੀਂ, ਸਗੋਂ ਇਕ ਨੈਤਿਕ ਵਚਨਬੱਧਤਾ ਵੀ ਹੈ। ਇੰਜੀਨੀਅਰ ਪੰਜਾਬ ਦੇ ਲੋਕਾਂ ਨਾਲ ਮੋਢੇ-ਨਾਲ-ਮੋਢੇ ਲਗਾ ਕੇ ਖੜ੍ਹੇ ਹਨ, ਬਿਜਲੀ ਬਹਾਲ ਕਰਨ ਦੀ ਮਿਹਨਤ ਵੀ ਕਰ ਰਹੇ ਹਨ ਅਤੇ ਆਪਣੀ ਕਮਾਈ ‘ਚੋਂ ਰਾਹਤ ਲਈ ਹਿੱਸਾ ਵੀ ਪਾ ਰਹੇ ਹਨ।’

ਸੰਖੇਪ:
ਪੰਜਾਬ ‘ਚ ਹੜ੍ਹਾਂ ਕਾਰਨ ਪਾਵਰਕਾਮ ਨੂੰ ਭਾਰੀ ਨੁਕਸਾਨ ਹੋਇਆ, ਇੰਜੀਨੀਅਰ ਤਨਖਾਹਾਂ ਤੋਂ ਮਦਦ ਕਰ ਰਹੇ ਹਨ ਜਦਕਿ ਬਿਜਲੀ ਬਹਾਲੀ ਵਿੱਚ ਹਫ਼ਤਾ ਲੱਗ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।