29 ਅਗਸਤ 2024 : ਫ਼ਿਲਮਸਾਜ਼ ਰਿਮਾ ਦਾਸ ਦੀ ਫ਼ਿਲਮ ‘ਵਿਲੇਜ ਰੌਕਸਟਾਰਜ਼-2’ ਨੂੰ ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (ਬੀਆਈਐੱਫਐੱਫ) 2024 ਦੇ ‘ਕਿਮ ਜਿਸਿਓਕ ਐਵਾਰਡ’ ਮੁਕਾਬਲੇ ਲਈ ਚੁਣਿਆ ਗਿਆ ਹੈ। ਇਹ ਫ਼ਿਲਮ 2017 ਵਿੱਚ ਆਈ ਫ਼ਿਲਮ ‘ਵਿਲੇਜ ਰੌਕਸਟਾਰਜ਼’ ਦਾ ਅਗਲਾ ਭਾਗ ਹੈ ਜਿਸ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 2017 ਵਿੱਚ ਹੋਇਆ ਸੀ ਅਤੇ ਇਹ ਅਕੈਡਮੀ ਐਵਾਰਡਜ਼ 2019 ਲਈ ਭਾਰਤ ਦੀ ਅਧਿਕਾਰਤ ਐਂਟਰੀ ਸੀ। ਜਾਣਕਾਰੀ ਅਨੁਸਾਰ ਬੁਸਾਨ ਫ਼ਿਲਮ ਮੇਲੇ ਦੇ 29ਵੇਂ ਅਡੀਸ਼ਨ ਵਿੱਚ ਜਿਸਿਓਕ ਮੁਕਾਬਲੇ ਲਈ ਚੁਣੀਆਂ ਅੱਠ ਫਿਲਮਾਂ ’ਚੋਂ ਸਿਰਫ਼ ‘ਵਿਲੇਜ ਰੌਕਸਟਾਰਜ਼-2’ ਭਾਰਤੀ ਫੀਚਰ ਫਿਲਮ ਹੈ। ਇਹ ਮੇਲਾ ਅਗਲੇ ਮਹੀਨੇ 2 ਅਕਤੂਬਰ ਨੂੰ ਸ਼ੁਰੂ ਹੋਵੇਗਾ। ਰਿਮਾ ਦਾਸ ਨੇ ਦੱਸਿਆ ਕਿ ਉਹ ਫ਼ਿਲਮ ਮੇਲੇ ਵਿੱਚ ‘ਵਿਲੇਜ ਰੌਕਸਟਾਰਜ਼-2’ ਦੇ ਵਰਲਡ ਪ੍ਰੀਮੀਅਰ ਦੀ ਉਡੀਕ ਕਰ ਰਹੀ ਹੈ। ਉਸ ਨੇ ਦੱਸਿਆ ‘ਵਿਲੇਜ ਰੌਕਸਟਾਰਜ਼’ ਹਮੇਸ਼ਾ ਮੇਰੇ ਦੇ ਦਿਲ ਦੇ ਨੇੜੇ ਰਹੀ ਹੈ ਅਤੇ ਮੈਂ ਇਸ ਨੂੰ ਮਿਲੇ ਪਿਆਰ ਤੇ ਸਤਿਕਾਰ ਦੀ ਕਦਰ ਕਰਦੀ ਹਾਂ।’’ ‘ਵਿਲੇਜ ਰੌਕਸਟਾਰਜ਼’ ਫ਼ਿਲਮ ਇਕ 10 ਸਾਲਾ ਲੜਕੀ ਧੁਨੂੰ ਦੀ ਕਹਾਣੀ ਹੈ ਜੋ ਲੜਕਿਆਂ ਦੀ ਇਕ ਜੁੰਡਲੀ ਦੀ ਦੋਸਤ ਬਣਦੀ ਹੈ ਅਤੇ ਰੌਕ ਸਟਾਰ ਬਣਨ ਦੇ ਸੁਫ਼ਨੇ ਦੇਖਣ ਲੱਗਦੀ ਹੈ। ਰਿਮਾ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਸ ਫਿਲਮ ਨੂੰ ਵੀ ਪਹਿਲਾਂ ਵਾਂਗ ਪਿਆਰ ਮਿਲੇਗਾ’’।