28 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪਾਲੀਵੁੱਡ ਦ੍ਰਿਸ਼ਾਂਵਲੀ ਤੋਂ ਲਾਂਭੇ ਵਿਖਾਈ ਦੇ ਰਹੇ ਗਾਇਕ ਅਤੇ ਅਦਾਕਾਰ ਨਿੰਜਾ ਇੱਕ ਵਾਰ ਮੁੜ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਅਦਾਕਾਰੀ ਨਾਲ ਸਜੀ ਪੰਜਾਬੀ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’ ਜਲਦ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ। ਜੋ ਨਸ਼ੇ ਵਿੱਚ ਡੁੱਬੇ 5 ਲੋਕਾਂ ਦੀ ਕਹਾਣੀ ਬਿਆਨ ਕਰਦੀ ਹੈ।
‘ਸਾਗਾ ਸਟੂਡਿਓਜ਼, ਯਾਦੂ ਪ੍ਰੋਡੋਕਸ਼ਨ, ਮਿਲੀਅਨ ਬ੍ਰਦਰਜ਼ ਮੋਸ਼ਨਜ ਪਿਕਚਰਜ਼’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਪ੍ਰੇਮ ਸਿੱਧੂ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਅਰਥ-ਭਰਪੂਰ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਸਫ਼ਲਤਾਪੂਰਵਕ ਕਰ ਚੁੱਕੇ ਹਨ।
ਨਿਰਮਾਤਾ ਸੁਮਿਤ ਸਿੰਘ, ਅਸ਼ੋਕ ਯਾਦਵ ਅਤੇ ਰੀਤਿਕਾ ਬਾਂਸਲ ਦੁਆਰਾ ਨਿਰਮਿਤ ਕੀਤੀ ਗਈ ਇਸ ਇਮੋਸ਼ਨਲ ਡ੍ਰਾਮੈਟਿਕ ਫਿਲਮ ਵਿੱਚ ਨਿੰਜਾ ਅਤੇ ਮੈਂਡੀ ਤੱਖੜ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਯਾਦ ਗਰੇਵਾਲ, ਰਾਜੀਵ ਠਾਕੁਰ, ਸੁਖਦੀਪ ਸੁੱਖ, ਵੱਡਾ ਗਰੇਵਾਲ, ਅੰਮ੍ਰਿਤ ਅੰਬੀ, ਵਿਭਾ ਭਗਤ, ਸਰਦਾਰ ਸੋਹੀ, ਕੁਲਜਿੰਦਰ ਸਿੱਧੂ, ਰੂਪ ਸੰਧੂ, ਅਨੀਤਾ ਮੀਤ, ਪ੍ਰਿਯੰਕਾ ਤਿਵਾੜੀ, ਸੈਮੂਅਲ ਜੌਨ ਆਦਿ ਸ਼ੁਮਾਰ ਹਨ।
ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਸ਼੍ਰੀ ਮੁਕਤਸਰ ਸਾਹਿਬ ਲਾਗਲੇ ਸਰਹੱਦੀ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੀ ਕਹਾਣੀ ਬਹੁਤ ਹੀ ਭਾਵਪੂਰਨ ਤਾਣੇ-ਬਾਣੇ ਅਧੀਨ ਬੁਣੀ ਗਈ ਹੈ, ਜਿਸ ਵਿੱਚ ਨਿਵੇਕਲੇ ਅਤੇ ਗੰਭੀਰ ਕਿਰਦਾਰ ਵਿੱਚ ਹਨ ਗਾਇਕ ਅਤੇ ਅਦਾਕਾਰ ਨਿੰਜਾ, ਜੋ ਇਸ ਫਿਲਮ ਵਿੱਚ ਮੈਂਡੀ ਤੱਖੜ੍ਹ ਨਾਲ ਸਕਰੀਨ ਸਪੇਸ ਸ਼ੇਅਰ ਕਰਦੇ ਨਜ਼ਰੀ ਪੈਣਗੇ, ਜਿੰਨ੍ਹਾਂ ਦੀ ਆਨ ਸਕਰੀਨ ਕੈਮਿਸਟਰੀ ਇਸ ਆਹਲਾ ਕੰਟੈਂਟ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ।
ਮੇਨ ਸਟ੍ਰੀਮ ਫਿਲਮੀ ਸਾਂਚੇ ਤੋਂ ਅਲਹਦਾ ਹੱਟ ਕੇ ਵਜ਼ੂਦ ਵਿੱਚ ਲਿਆਂਦੀ ਗਈ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਨਿਰਦੇਸ਼ਕ ਪ੍ਰੇਮ ਸਿੰਘ ਸਿੱਧੂ ਦੀ ਪ੍ਰਭਾਵਪੂਰਨ ਵੈੱਬ ਸੀਰੀਜ਼ ‘ਸ਼ਾਹੀ ਮਾਜਰਾ’ ਦਾ ਵੀ ਸ਼ਾਨਦਾਰ ਹਿੱਸਾ ਰਹੇ ਹਨ ਗਾਇਕ ਅਤੇ ਅਦਾਕਾਰ ਨਿੰਜਾ, ਜਿਸ ਵਿੱਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ। ਅਗਾਮੀ ਦਿਨੀਂ 06 ਜੂਨ ਨੂੰ ਓਟੀਟੀ ਪਲੇਟਫ਼ਾਰਮ ਕੇਬਲਵਨ ਉਤੇ ਸਟ੍ਰੀਮ ਹੋਵੇਗੀ ਇਹ ਫਿਲਮ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਵੀ ਬੇਹੱਦ ਉਤਸੁਕਤਾ ਪਾਈ ਜਾ ਰਹੀ ਹੈ।
ਸੰਖੇਪ: ਫਿਲਮ ‘ਜ਼ਿੰਦਗੀ ਜ਼ਿੰਦਾਬਾਦ’ ਨਸ਼ੇ ਅਤੇ ਵੈਲਪਣੇ ਨਾਲ ਪੰਜ ਜ਼ਿੰਦਗੀਆਂ ਦੀ ਬਰਬਾਦੀ ਦੀ ਕਹਾਣੀ ਦਰਸਾਉਂਦੀ ਹੈ। ਇਹ ਫਿਲਮ ਓਟੀਟੀ ‘ਤੇ ਜਲਦ ਰਿਲੀਜ਼ ਹੋ ਰਹੀ ਹੈ।