ਮਾਨਸਾ, 19 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ): ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ 19 ਸਾਲਾ ਨੌਜਵਾਨ ਗੁਰਮੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਪਰਿਵਾਰਿਕ ਮੈਂਬਰਾਂ ਤੇ ਨਸ਼ਾ ਛੁਡਾਊ ਕਮੇਟੀ ਦੇ ਸੰਚਾਲਕ ਪਰਮਿੰਦਰ ਸਿੰਘ ਝੋਟਾ ਵੱਲੋਂ ਨਸ਼ਾ ਕਾਰੋਬਾਰੀਆਂ ਖਿਲਾਫ਼ ਵਿਰੋਧ ਜਿਤਾਇਆ ਜਾ ਰਿਹਾ ਹੈ।
ਪਰਮਿੰਦਰ ਸਿੰਘ ਝੋਟਾ ਨੇ ਕਿਹਾ ਕਿ ਲਗਾਤਾਰ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਪਿੰਡ ਜਵਾਹਰਕੇ ਵਿੱਚ ਅੱਜ ਫਿਰ ਇੱਕ ਮੌਤ ਹੋ ਗਈ ਹੈ ਜਦੋਂ ਕਿ ਇਸ ਦੇ ਪਹਿਲਾਂ ਵੀ ਇੱਕ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਦੇ ਪਿੰਡ ਅਗਲੀਆ ਵਿਖੇ ਵੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਮ੍ਰਿਤਕ ਗੁਰਮੀਤ ਸਿੰਘ ਦੇ ਪਿਤਾ ਗੁਰਨੈਬ ਸਿੰਘ ਨੇ ਦੱਸਿਆ ਕਿ ਅੱਜ ਜਦ ਉਹ ਆਪਣੀ ਦਿਹਾੜੀ ‘ਤੇ ਜਾ ਰਿਹਾ ਸੀ ਪਰ ਰਸਤੇ ‘ਚ ਉਸਨੂੰ ਖਬਰ ਮਿਲੀ ਕਿ ਉਸਦਾ ਪੁੱਤਰ ਫਿਰਨੀ ‘ਤੇ ਡਿੱਗਿਆ ਪਿਆ ਹੈ। ਉਸ ਦੇ ਕੋਲ ਇੱਕ ਸਰਿੰਜ ਪਈ ਸੀ। ਉਨ੍ਹਾਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।