22 ਅਗਸਤ 2024 : ਭਾਰਤ ਦੇ ਰੌਣਕ ਦਹੀਆ ਨੇ ਇੱਥੇ ਚੱਲ ਰਹੀ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਗਰੀਕੋ-ਰੋਮਨ ਸਟਾਈਲ ਦੇ 110 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਲਿਆ ਹੈ। ਆਪਣੇ ਉਮਰ ਵਰਗ ’ਚ ਦੂਜੇ ਸਥਾਨ ’ਤੇ ਰਹੇ ਰੌਣਕ ਨੇ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ’ਚ ਤੁਰਕੀ ਦੇ ਇਮਰੁੱਲਾ ਕੈਪਕਾਨ ਨੂੰ ਸੌਖਿਆਂ ਹੀ 6-1 ਨਾਲ ਹਰਾ ਦਿੱਤਾ। ਮੌਜੂਦਾ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਪਹਿਲਾ ਤਗ਼ਮਾ ਹੈ। ਇਸ ਤੋਂ ਪਹਿਲਾਂ ਰੌਣਕ ਸੈਮੀ ਫਾਈਨਲ ’ਚ ਚਾਂਦੀ ਦਾ ਤਗ਼ਮਾ ਜੇਤੂ ਹੰਗਰੀ ਦੇ ਜ਼ੋਲਟਨ ਕਜ਼ਾਕੋ ਤੋਂ ਹਾਰ ਗਿਆ ਸੀ। ਇਸ ਵਰਗ ਵਿੱਚ ਸੋਨ ਤਗ਼ਮਾ ਯੂਕਰੇਨ ਦੇ ਇਵਾਨ ਯਾਂਕੋਵਸਕੀ ਨੇ ਜਿੱਤਿਆ। ਉਸ ਨੇ ਕਜ਼ਾਕੋ ਨੂੰ 13-4 ਨਾਲ ਮਾਤ ਦਿੱਤੀ।

ਇਸ ਦੌਰਾਨ ਅਦਿਤੀ ਕੁਮਾਰੀ ਨੇ ਯੂਕਰੇਨ ਦੀ ਕੈਰੋਲੀਨਾ (10-0) ਅਤੇ ਮਰੀਅਮ ਮੁਹੰਮਦ ਅਬਦੇਲਾਲ (4-2) ਨੂੰ ਹਰਾ ਕੇ ਮਹਿਲਾ ਕੁਸ਼ਤੀ ਦੇ 43 ਕਿਲੋ ਵਰਗ ਦੇ ਸੈਮੀ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਇਸੇ ਤਰ੍ਹਾਂ ਨੇਹਾ ਨੇ 57 ਕਿਲੋ ਵਰਗ ਅਤੇ ਪੁਲਕਿਤ ਨੇ 65 ਕਿਲੋ ਵਰਗ ਵਿੱਚ ਆਪੋ-ਆਪਣੇ ਮੁਕਾਬਲੇ ਜਿੱਤ ਕੇ ਸੈਮੀ ਫਾਈਨਲ ਵਿੱਚ ਪਹੁੰਚ ਗਈਆਂ ਹਨ।

ਜੇ ਸਾਈਨਾਥ ਪਾਰਧੀ ਦੋ ਮੈਚ ਜਿੱਤ ਜਾਂਦਾ ਹੈ ਤਾਂ ਭਾਰਤ 51 ਕਿਲੋਗ੍ਰਾਮ ਵਰਗ ਵਿੱਚ ਰੈਪੇਚੇਜ ਰਾਹੀਂ ਦੂਜਾ ਤਗ਼ਮਾ ਜਿੱਤ ਸਕਦਾ ਹੈ। ਉਸ ਦਾ ਪਹਿਲਾ ਮੁਕਾਬਲਾ ਅਮਰੀਕਾ ਦੇ ਡੋਮਨਿਕ ਮਾਈਕਲ ਮੁਨਾਰੇਟੋ ਨਾਲ ਹੋਵੇਗਾ। ਜੇ ਉਹ ਇਹ ਮੁਕਬਾਲਾ ਜਿੱਤ ਜਾਂਦਾ ਹੈ ਤਾਂ ਉਸ ਦਾ ਕਾਂਸੇ ਦੇ ਤਗ਼ਮੇ ਲਈ ਮੁਕਾਬਲਾ ਕਜ਼ਾਖ਼ਸਤਾਨ ਦੇ ਮੁਸਾਨ ਯੇਰਾਸਿਲ ਜਾਂ ਇਰਾਨ ਦੇ ਅਬਲਫ਼ਜ਼ਲ ਮਿਹਰਦਾਦ ਕਰਾਮੇਈਗੇਈ ਨਾਲ ਹੋਵੇਗਾ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।