homopathy

10 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਜਦੋਂ ਵੀ ਦੁਨੀਆ ’ਤੇ ਦੁੱਖਾਂ ਦੀ ਹਨੇਰੀ ਝੁੱਲੀ ਤਾਂ ਕੁਦਰਤ ਨੇ ਇਨ੍ਹਾਂ ਦੁੱਖਾਂ ਨੂੰ ਦੂਰ ਕਰਨ ਲਈ ਅਜਿਹੇ ਇਨਸਾਨਾਂ ਨੂੰ ਧਰਤੀ ’ਤੇ ਭੇਜਿਆ, ਜਿਨ੍ਹਾਂ ਨੇ ਆਪਣੇ ਸੁੱਖਾਂ ਨੂੰ ਤਿਲਾਂਜਲੀ ਦੇ ਕੇ ਲੋਕਾਈ ਪੀੜਾ ਨੂੰ ਆਪਣੇ ਗਲ ਨਾਲ ਹੀ ਨਹੀਂ ਲਾਇਆ ਸਗੋਂ ਆਪਣੀ ਜ਼ਿੰਦਗੀ ਮਾਨਵਤਾ ਦੇ ਭਲੇ ਲਈ ਕੁਰਬਾਨ ਕੀਤੀ। ਅਜਿਹੇ ਇਨਸਾਨਾਂ ਵਿੱਚੋਂ ਇਕ ਸੀ ਹੋਮਿਓਪੈਥੀ ਦੇ ਜਨਮਦਾਤਾ ਡਾ. ਹੈਨੇਮੈਨ। ਉਨ੍ਹਾਂ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨੀ ਦੇ ਇਕ ਪਿੰਡ ’ਚ ਬਹੁਤ ਹੀ ਗ਼ਰੀਬ ਪਰਿਵਾਰ ਵਿਚ ਹੋਇਆ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚੋਂ ਪ੍ਰਾਪਤ ਕੀਤੀ। ਘਰ ਦੀ ਗ਼ਰੀਬੀ ਕਾਰਨ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਕਿਸੇ ਸਟੋਰ ’ਤੇ ਨੌਕਰੀ ਕਰਨੀ ਪਈ। ਉਨ੍ਹਾਂ ਦੇ ਮਨ ’ਚ ਮਾਨਵਤਾ ਲਈ ਕੁਝ ਕਰਨ ਦੀ ਇੱਛਾ ਸੀ, ਇਸ ਲਈ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਪੜ੍ਹਾਈ ਨੂੰ ਜਾਰੀ ਰੱਖਿਆ ਅਤੇ ਐੱਮਡੀ ਦੀ ਡਿਗਰੀ ਹਾਸਿਲ ਕੀਤੀ।

ਕਿਵੇਂ ਆਈ ਹੋਂਦ ’ਚ?

ਐੱਮਡੀ ਕਰਨ ਮਗਰੋਂ ਉਨ੍ਹਾਂ ਨੇ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਪਰ ਡਾਕਟਰ ਹੈਨੇਮੈਨ ਉਸ ਵੇਲੇ ਦੀਆਂ ਸਿਹਤ ਸਹੂਲਤਾਂ ਤੋਂ ਅਸੰਤੁਸ਼ਟ ਸੀ। ਇਸ ਲਈ ਪ੍ਰੈਕਟਿਸ ਛੱਡ ਕੇ ਇਕ ਭਾਸ਼ਾ ਤੋਂ ਦੂਜੀ ਭਾਸ਼ਾ ’ਚ ਕਿਤਾਬਾਂ ਦੇ ਅਨੁਵਾਦ ਕਰਨ ਲੱਗੇ। ਇਕ ਦਿਨ ਇਕ ਕਿਤਾਬ ਦਾ ਅਨੁਵਾਦ ਕਰਦਿਆਂ ਉਨ੍ਹਾਂ ਨੇ ਸਿਨਕੋਨਾ ਟ੍ਰੀ ਬਾਰੇ ਪੜ੍ਹਿਆ ਕਿ ਜੇ ਸਿਨਕੋਨਾ ਦੇ ਪੱਤੇ ਕਿਸੇ ਤੰਦਰੁਸਤ ਮਨੁੱਖ ਨੂੰ ਪਿਲਾਏ ਜਾਣ ਤਾਂ ਉਸ ’ਚ ਮਲੇਰੀਏ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਇਹ ਗੱਲ ਡਾ. ਹੈਨੇਮੈਨ ਨੂੰ ਸੱਚੀ ਜਾਪੀ ਤੇ ਉਨ੍ਹਾਂ ਨੇ ਤਜਰਬਾ ਕਰਨਾ ਸ਼ੁਰੂ ਕਰ ਦਿੱਤਾ। ਸੱਚਮੁੱਚ ਉਹੀ ਹੋਇਆ, ਇਸੇ ਤਰ੍ਹਾਂ ਹੋਮਿਓਪੈਥੀ ਹੋਂਦ ’ਚ ਆਈ।

ਮਰੀਜ਼ ਬਨਾਮ ਦਵਾਈ ਦੀ ਚੋਣ

ਹੋਮਿਓਪੈਥੀ ਦਾ ਸਿਧਾਂਤ ‘ਜ਼ਹਿਰ ਨੂੰ ਜ਼ਹਿਰ ਮਾਰਦਾ ਹੈ’ ਵਾਲਾ ਹੈ। ਇਸ ਤੋਂ ਭਾਵ ਜਿਹੋ ਜਿਹੀ ਬਿਮਾਰੀ ਸਾਡੇ ਸਰੀਰ ’ਚ ਹੈ, ਉਸ ਨੂੰ ਉਹੀ ਦਵਾਈ ਦੇਣੀ ਪਵੇਗੀ ਜਿਹੜੀ ਸਰੀਰ ’ਚ ਜਾ ਕੇ ਉਸ ਤਰ੍ਹਾਂ ਦਾ ਰੋਗ ਪੈਦਾ ਕਰ ਸਕੇ ਤਾਂ ਜੋ ਬਿਮਾਰੀ, ਬਿਮਾਰੀ ਨਾਲ ਲੜੇ ਤੇ ਮਰੀਜ਼ ਤੰਦਰੁਸਤ ਹੋ ਜਾਵੇ। ਬੇਸ਼ੱਕ ਸ਼੍ਰਿਸ਼ਟੀ ਦੀ ਸਿਰਜਨਾ ਪੰਜ ਤੱਤਾਂ ਤੋਂ ਹੋਈ ਹੈ ਪਰ ਫਿਰ ਵੀ ਹਰ ਮਨੁੱਖ ਦਾ ਕੰਮ ਕਰਨ ਦਾ ਢੰਗ ਜਾਂ ਰਹਿਣ-ਸਹਿਣ ਦੂਸਰਿਆਂ ਨਾਲੋਂ ਅਲੱਗ ਹੈ। ਇਸ ਨੂੰ ਡਾਕਟਰ ਹੈਨੇਮੈਨ ਨੇ ਇੰਡੀਵਿਜ਼ੂਅਲਾਈਜੇਸ਼ਨ (individualisation) ਦਾ ਨਾਂ ਦਿੱਤਾ ਹੈ। ਇਸ ਤੋਂ ਭਾਵ ਜੇ ਦੋ ਵਿਅਕਤੀਆਂ ਨੂੰ ਬੁਖ਼ਾਰ ਹੋਇਆ ਹੈ ਤਾਂ ਉਨ੍ਹਾਂ ਦੋਵਾਂ ਦੇ ਲੱਛਣ ਅਲੱਗ-ਅਲੱਗ ਹੋਣਗੇ, ਬੇਸ਼ੱਕ ਬੁਖ਼ਾਰ ਨੂੰ ਨਾਂ ਕੋਈ ਵੀ ਦਿੱਤਾ ਜਾਵੇ। ਹੋਮਿਓਪੈਥੀ ’ਚ ਬਿਮਾਰੀ ਬਨਾਮ ਦਵਾਈ ਨਹੀਂ ਹੁੰਦੀ ਸਗੋਂ ਮਰੀਜ਼ ਬਨਾਮ ਦਵਾਈ ਦੀ ਚੋਣ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ।

ਡਾ. ਹੈਨੇਮੈਨ ਦਾ ਵਿਰੋਧ

ਭਾਵੇਂ ਹੋਮਿਓਪੈਥੀ ਦੀ ਖੋਜ ਨਾਲ ਡਾ. ਹੈਨੇਮੈਨ ਦਾ ਵਿਰੋਧ ਹੋਇਆ ਪਰ ਸਮੇਂ ਨਾਲ ਸਭ ਕੁੱਝ ਸੱਚ ਹੋਇਆ। ਹੋਮਿਓਪੈਥੀ ਦਾ ਇੱਕ ਹੋਰ ਸਿਧਾਂਤ ਜੋ ਉਨ੍ਹਾਂ ਨੇ ਹੋਂਦ ਵਿੱਚ ਲਿਆਂਦਾ, ਉਹ ਇਹ ਹੈ ਕਿ ਸਾਡੇ ਸਰੀਰ ਨੂੰ ਇਕ ਸ਼ਕਤੀ ਚਲਾ ਰਹੀ ਹੈ, ਜਿਸ ਨੂੰ ਉਨ੍ਹਾਂ ਵਾਇਟਲ ਫੋਰਸ ਦਾ ਨਾਂ ਦਿੱਤਾ। ਇਹ ਉਹੀ ਕੁਦਰਤੀ ਸ਼ਕਤੀ ਹੈ, ਜੋ ਬਿਮਾਰੀਆਂ ਨਾਲ ਲੜਦੀ ਹੈ। ਕੁਦਰਤ ਨੇ ਮਨੁੱਖੀ ਸਰੀਰ ਅੰਦਰ ਇੱਕ ਡਾਕਟਰ ਬਿਠਾਇਆ ਹੋਇਆ ਹੈ ਪਰ ਜਦੋਂ ਬਿਮਾਰੀ ਆਪਣਾ ਜ਼ੋਰ ਪਾ ਲੈਂਦੀ ਹੈ ਤਦ ਇਹ ਵਾਇਟਲ ਫੋਰਸ ਕਮਜੋਰ ਹੋ ਜਾਂਦੀ ਹੈ। ਉਸ ਵੇਲੇ ਹੋਮਿਓਪੈਥਿਕ ਦਵਾਈ ਜਦੋਂ ਮਰੀਜ਼ ਨੂੰ ਦਿੱਤੀ ਜਾਂਦੀ ਹੈ ਤਾਂ ਇਹੀ ਸ਼ਕਤੀ ਸਭ ਤੋਂ ਪਹਿਲਾਂ ਠੀਕ ਹੁੰਦੀ ਹੈ ਅਤੇ ਮਰੀਜ਼ ਤੰਦਰੁਸਤ ਮਹਿਸੂਸ ਕਰਦਾ ਹੈ।

ਭਾਵੇਂ ਇਸ ਗੱਲ ਦਾ ਬਹੁਤ ਵਿਰੋਧ ਹੋਇਆ ਪਰ ਡਾ. ਹੈਨੇਮੈਨ ਨੇ ਤੱਥਾਂ ਦੇ ਆਧਾਰ ‘ਤੇ ਇਹ ਸਮਝਾਇਆ ਕਿ ਇਕ ਪਾਸੇ ਤੰਦਰੁਸਤ ਜਿਉਂਦਾ ਜਾਗਦਾ ਮਨੁੱਖ ਹੈ ਅਤੇ ਦੂਸਰੇ ਪਾਸੇ ਮਰਿਆ ਹੋਇਆ ਮਨੁੱਖ। ਦੋਵਾਂ ਵਿਚ ਸਾਰੇ ਅੰਗ ਆਪਣੀ ਆਪਣੀ ਜਗ੍ਹਾ ਸਥਿਰ ਹਨ ਪਰ ਮਰਿਆ ਹੋਇਆ ਮਨੁੱਖ ਨਾ ਹਿੱਲ ਸਕਦਾ ਹੈ, ਨਾ ਬੋਲ ਸਕਦਾ ਹੈ ਪਰ ਸਰੀਰ ਦੇ ਸਾਰੇ ਅੰਗ ਤਾਂ ਉਸ ਵਿਚ ਵੀ ਮੌਜੂਦ ਹਨ। ਫਿਰ ਕੀ ਚੀਜ਼ ਗਾਇਬ ਹੈ? ਉਹ ਹੈ ਵਾਈਟਲ ਫੋਰਸ ਯਾਨੀ ਸਰੀਰ ਦੀ ਸ਼ਕਤੀ ਜੋ ਸਾਨੂੰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਂਦੀ ਹੈ। ਜਦੋਂ ਇਹ ਆਪਣਾ ਕੰਮਕਾਜ ਸਹੀ ਦਿਸ਼ਾ ਵਿਚ ਕਰਦੀ ਹੈ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ। ਲੋੜ ਹੈ ਇਸ ਸ਼ਕਤੀ ਨੂੰ ਬਰਕਰਾਰ ਰੱਖਣ ਦੀ, ਤਾਂ ਜੋ ਦੁਨੀਆ ਦਾ ਹਰ ਮਨੁੱਖ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰੇ।

ਸਿਹਤ ਨਾਲ ਖਿਲਵਾੜ

ਲੋਕ ਮਨਾਂ ’ਚ ਹੋਮਿਓਪੈਥੀ ਸਬੰਧੀ ਬਹੁਤ ਭਰਮ-ਭੁਲੇਖੇ ਪਾਏ ਜਾਂਦੇ ਹਨ। ਸਭ ਤੋਂ ਪਹਿਲੀ ਗੱਲ ਲੋਕ ਮਨਾਂ ’ਚ ਇਹ ਹੈ ਕਿ ਹੋਮਿਓਪੈਥੀ ਦਵਾਈ ਜੇ ਫ਼ਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀਂ ਕਰਦੀ। ਦੁਨੀਆ ’ਤੇ ਕੋਈ ਵੀ ਚੀਜ਼ ਜੇ ਉਸ ਦਾ ਬਿਨਾਂ ਸੋਚੇ-ਸਮਝੇ ਉਪਯੋਗ ਕਰਾਂਗੇ ਤਾਂ ਉਹ ਨੁਕਸਾਨ ਕਰੇਗੀ ਹੀ ਕਰੇਗੀ। ਕਈ ਲੋਕ ਆਪਣੇ ਆਪ ਕਿਤਾਬਾਂ ਪੜ੍ਹ ਕੇ ਹੋਮਿਓਪੈਥੀ ਨੂੰ ਅਜ਼ਮਾਉਣ ਲੱਗ ਜਾਂਦੇ ਹਨ, ਜੋ ਖ਼ਤਰਨਾਕ ਰੁਝਾਨ ਹੈ। ਹੋਮਿਓਪੈਥਿਕ ਦਵਾਈਆਂ ਦੇ ਅਸਰ ਬਹੁਤ ਡੂੰਘੇ ਹੁੰਦੇ ਹਨ। ਜੇ ਬਿਨਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਦੇ ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰਦੇ ਹਾਂ ਤਾਂ ਇਹ ਮੰਨੋ ਕਿ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ।

ਹੌਲੀ ਅਸਰ ਕਰਦੀ ਹੈ ਦਵਾਈ

ਇਹ ਬੜਾ ਵੱਡਾ ਭਰਮ ਲੋਕ ਮਨਾਂ ’ਚ ਹੈ ਕਿ ਜਦੋਂ ਨੂੰ ਹੋਮਿਓਪੈਥਿਕ ਦਵਾਈ ਨੇ ਅਸਰ ਸ਼ੁਰੂ ਕਰਨਾ, ਉਦੋਂ ਨੂੰ ਜਾਨ ਨਿਕਲ ਜਾਊ। ਹੋਮਿਓਪੈਥੀ ’ਚ ਦੋ ਤਰ੍ਹਾਂ ਦੀਆਂ ਦਵਾਈਆਂ ਮਿਲਦੀਆ ਹਨ। ਇਕ ਨਵੀਂ ਬਿਮਾਰੀ ਲਈ ਤੇ ਇਕ ਪੁਰਾਣੀ ਬਿਮਾਰੀ ਲਈ। ਮੰਨ ਲਵੋ ਕਿ ਕਿਸੇ ਮਰੀਜ਼ ਨੂੰ ਸ਼ੂਗਰ ਦੀ ਤਕਲੀਫ਼ ਹੈ, ਜੋ ਦਸ ਸਾਲ ਪੁਰਾਣੀ ਹੈ। ਜੇ ਉਸ ਰੋਗੀ ਨੂੰ ਹੋਮਿਓਪੈਥਿਕ ਦਵਾਈ ਦਿੱਤੀ ਜਾਵੇ ਤਾਂ ਇਹ ਤਾਂ ਹੈ ਨਹੀਂ ਕਿ ਉਸ ਦੀ ਸ਼ੂਗਰ ਦੋ ਹਫ਼ਤਿਆਂ ਵਿਚ ਠੀਕ ਹੋ ਜਾਵੇਗੀ। ਜਿੰਨੀ ਪੁਰਾਣੀ ਬਿਮਾਰੀ ਹੁੰਦੀ ਹੈ, ਓਨਾ ਹੀ ਸਮਾਂ ਵੱਧ ਲੱਗਦਾ ਹੈ। ਇਸ ਤੋਂ ਉਲਟ ਜੇ ਕਿਸੇ ਦੇ ਸਿਰ ਵਿਚ ਸੱਟ ਲੱਗ ਜਾਵੇ, ਆਦਮੀ ਬੇਹੋਸ਼ ਹੋ ਜਾਵੇ, ਜੇ ਉਸ ਵੇਲੇ ਹੋਮਿਓਪੈਥਿਕ ਦਵਾਈ ਦੀ ਇਕ ਖ਼ੁਰਾਕ ਮੂੰਹ ਵਿਚ ਪਾਈ ਜਾਵੇ ਤਾਂ ਇਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੋਵੇਗਾ। ਕਹਿਣ ਤੋਂ ਭਾਵ ਹੈ ਕਿ ਸਾਡੀਆਂ ਬਿਮਾਰੀਆਂ ਹੀ ਬਹੁਤ ਪੁਰਾਣੀਆਂ ਹੁੰਦੀਆਂ ਹਨ। ਪਹਿਲਾਂ ਹੋਰ ਇਲਾਜ ਪ੍ਰਣਾਲੀਆਂ ਰਾਹੀਂ ਰੋਗ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ, ਫਿਰ ਜਦੋਂ ਰੋਗੀ ਹੋਮਿਓਪੈਥੀ ’ਚ ਆਉਂਦਾ ਹੈ ਤਾਂ ਕਾਫ਼ੀ ਸਮਾਂ ਲੰਘ ਚੁੱਕਿਆ ਹੁੰਦਾ ਹੈ।

ਡਾਕਟਰ ਦੀ ਸਲਾਹ ਨਾਲ ਛੱਡੋ ਦਵਾਈ

ਜਿਸ ਦਵਾਈ ਨੂੰ ਰੋਗੀ ਸਾਲਾਂਬੱਧੀ ਲੈ ਰਿਹਾ ਹੈ, ਉਸ ਨੂੰ ਇਕਦਮ ਛੱਡਣ ਨਾਲ ਸਰੀਰ ਵਿਚ ਕਿਸੇ ਵੀ ਪ੍ਰਕਾਰ ਦਾ ਨੁਕਸ ਪੈ ਸਕਦਾ ਹੈ। ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਗੋਲੀ ਇਕਦਮ ਛੱਡਣ ਨਾਲ ਅਧਰੰਗ ਹੋਣ ਦਾ ਖ਼ਤਰਾ ਬਣ ਸਕਦਾ ਹੈ। ਇਸ ਲਈ ਹੋਮਿਓਪੈਥਿਕ ਦਵਾਈ ਸ਼ੁਰੂ ਕਰਨ ਵੇਲੇ ਉਹ ਦਵਾਈਆਂ ਜਿਨ੍ਹਾਂ ਦੀ ਰੋਗੀ ਵਰਤੋਂ ਕਰਦਾ ਸੀ, ਇਕਦਮ ਨਹੀਂ ਛੱਡਣੀਆਂ ਚਾਹੀਦੀਆਂ। ਜਦੋਂ ਹੋਮਿਓਪੈਥਿਕ ਦਵਾਈ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਵੇ, ਉਦੋਂ ਡਾਕਟਰ ਦੀ ਸਲਾਹ ਨਾਲ ਇਹ ਦਵਾਈਆਂ ਛੱਡਣੀਆਂ ਚਾਹੀਦੀਆਂ। ਕਈ ਰੋਗ ਜਿੱਥੇ ਹੋਮਿਓਪੈਥਿਕ ਦਵਾਈਆਂ ਨਾਲ ਦੂਸਰੀਆਂ ਇਲਾਜ ਪ੍ਰਣਾਲੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜਿਵੇਂ ਦੁਰਘਟਨਾ, ਸੜ ਜਾਣਾ ਜਾਂ ਓਪਰੇਸ਼ਨ ਆਦਿ ਦੀ ਹਾਲਤ ’ਚ ਹੋਮਿਓਪੈਥੀ ਦਵਾਈ ਨਾਲ ਦੂਸਰੀ ਦਵਾਈ ਲਈ ਜਾ ਸਕਦੀ ਹੈ, ਜਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ।

ਹੋਮਿਓਪੈਥਿਕ ਦਵਾਈ ਤੇ ਪਰਹੇਜ਼

ਆਮ ਸੁਣਨ ’ਚ ਆਉਂਦਾ ਹੈ ਕਿ ਹੋਮਿਓਪੈਥਿਕ ਦਵਾਈਆਂ ਨਾਲ ਲਸਣ, ਪਿਆਜ਼, ਇਲਾਇਚੀ ਆਦਿ ਦੀ ਵਰਤੋਂ ਨਹੀਂ ਕਰਨੀ। ਇਹ ਗੱਲਾਂ ਲੋਕ ਮਨਾਂ ਦੀ ਘੜਤ ਹਨ ਕਿ ਹੋਮਿਓਪੈਥੀ ’ਚ ਜ਼ਿਆਦਾ ਪਰਹੇਜ਼ ਕਰਨਾ ਪੈਂਦਾ ਹੈ। ਦਰਅਸਲ ਹੋਮਿਓਪੈਥੀ ’ਚ ਕਿਸੇ ਵੀ ਚੀਜ਼ ਦਾ ਪਰਹੇਜ਼ ਨਹੀਂ ਪਰ ਇਲਾਜ ਨਾਲੋਂ ਪਰਹੇਜ਼ ਚੰਗਾ ਜਾਂ ਜਿਹੋ ਜਿਹੀ ਬਿਮਾਰੀ, ਉਹੋ ਜਿਹਾ ਪਰਹੇਜ਼ ਹੁੰਦਾ ਹੈ। ਦਵਾਈ ਦੌਰਾਨ ਸ਼ਰਾਬ, ਕੌਫੀ, ਚਾਹ ਜਾਂ ਜ਼ਿਆਦਾ ਤਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਹੋਮਿਓਪੈਥਿਕ ਦਵਾਈ ਸਿਰਫ਼ ਕੱਚ ਦੇ ਗਲਾਸ ’ਚ ਹੀ ਲੈਣੀ ਚਾਹੀਦੀ ਹੈ, ਇਹ ਵੀ ਕੋਈ ਬੰਦਿਸ਼ ਨਹੀਂ।

ਦਵਾਈ ਨੂੰ ਨਹੀਂ ਲਗਾਉਣਾ ਹੱਥ

ਇਸ ਪਿੱਛੇ ਇਹ ਕਾਰਨ ਹੈ ਕਿ ਕਈ ਵਾਰ ਹੱਥ ਨੂੰ ਕੁਝ ਲੱਗਿਆ ਹੁੰਦਾ ਹੈ ਜਾਂ ਸਾਨੂੰ ਹੱਥ ਧੋਣ, ਸਾਫ਼-ਸਫ਼ਾਈ ਰੱਖਣ ਦੀ ਆਦਤ ਘੱਟ ਹੈ, ਜੇ ਉਹੀ ਲਿੱਬੜੇ ਹੱਥਾਂ ਨਾਲ ਅਸੀਂ ਦਵਾਈ ਲਵਾਂਗੇ ਤਾਂ ਦਵਾਈ ਦੇ ਨਾਲ-ਨਾਲ ਬਿਮਾਰੀਆਂ ਫੈਲਾਉਣ ਵਾਲੇ ਜੀਵਾਣੂ ਵੀ ਸਾਡੇ ਅੰਦਰ ਚਲੇ ਜਾਣਗੇ। ਨਾਲੇ ਅਸੀਂ ਰੋਜ਼ ਪੜ੍ਹਦੇ-ਸੁਣਦੇ ਹਾਂ ਕਿਸੇ ਵੀ ਚੀਜ਼ ਨੂੰ ਖਾਣ ਲੱਗਿਆਂ ਚੰਗੀ ਤਰ੍ਹਾਂ ਹੱਥ ਧੋ ਲੈਣੇ ਚਾਹੀਦੇ ਹਨ। ਹੋਮਿਓਪੈਥੀ ’ਚ ਇਹ ਕਿਤੇ ਨਹੀਂ ਲਿਖਿਆ ਕਿ ਦਵਾਈ ਨੂੰ ਹੱਥ ਨਾ ਲੱਗੇ ਪਰ ਇਹ ਜ਼ਰੂਰ ਹੈ ਕਿ ਜੇ ਹੱਥ ਚੰਗੀ ਤਰ੍ਹਾਂ ਸਾਫ਼ ਕੀਤੇ ਹਨ, ਬੇਸ਼ੱਕ ਦਵਾਈ ਹੱਥ ‘ਤੇ ਰੱਖ ਕੇ ਖਾ ਲੈ ਲਵੋ ਤਾਂ ਵੀ ਦਵਾਈ ਦਾ ਅਸਰ ਓਨਾ ਹੀ ਹੋਵੇਗਾ। ਇਸ ਦੇ ਨਾਲ ਹੀ ਹੇਠਾਂ ਡਿੱਗੀ ਗੋਲੀ ਖਾਣ ਨਾਲ ਵੀ ਇਹੋ ਤੱਥ ਜੁੜਿਆ ਹੋਇਆ ਹੈ ਕਿ ਜੋ ਚੀਜ਼ ਇਕ ਵਾਰ ਹੇਠਾਂ ਡਿੱਗ ਪੈਂਦੀ ਹੈ, ਉਸ ਵਿਚ ਮਿੱਟੀ ਆਦਿ ਦੇ ਕਣ ਮਿਲ ਜਾਂਦੇ ਹਨ। ਇੱਥੇ ਵੀ ਇਹੀ ਗੱਲ ਕਹਿਣੀ ਬਣਦੀ ਹੈ ਕਿ ਅਸੀਂ ਰੋਜ਼ਾਨਾ ਜੀਵਨ ਵਿਚ ਹੇਠਾਂ ਡਿੱਗੀਆਂ ਚੀਜ਼ਾਂ ਖਾਂਦੇ ਨਹੀਂ ਜਾਂ ਫਿਰ ਧੋਣ ਵਾਲੀ ਵਸਤੂ ਨੂੰ ਜ਼ਰੂਰ ਧੋ ਕੇ ਖਾ ਲਿਆ ਜਾਂਦਾ ਹੈ। ਜੇ ਗੋਲੀ ਸਾਫ਼ ਜਗ੍ਹਾ ‘ਤੇ ਡਿੱਗ ਪਈ ਤਾਂ ਚੁੱਕ ਕੇ ਖਾ ਲਓ। ਫਿਰ ਵੀ ਓਨਾ ਹੀ ਅਸਰ ਕਰੇਗੀ। ਜੇ ਗੋਲੀ ਮਿੱਟੀ ‘ਤੇ ਜਾਂ ਗੰਦੇ ਫਰਸ਼ ‘ਤੇ ਡਿੱਗੀ ਹੈ ਤਾਂ ਬਿਲਕੁਲ ਨਹੀਂ ਖਾਣੀ ਚਾਹੀਦੀ।

ਵਿਗਿਆਨਕ ਪੈਥੀ

ਹੋਮਿਓਪੈਥੀ ਵਿਗਿਆਨਕ ਪੈਥੀ ਹੈ। ਇਹ ਨਾ ਦੇਸੀ ਹੈ ਨਾ ਪ੍ਰਦੇਸੀ। ਇਸ ਵਿਚ ਨਾ ਕੋਈ ਠੰਢੀ ਦਵਾਈ ਹੁੰਦੀ ਹੈ, ਨਾ ਗਰਮ। ਇਹ ਦਵਾਈ ਸਿਰਫ਼ ਰੋਗੀ ਦੇ ਸਰੀਰਕ ਤੇ ਮਾਨਸਿਕ ਲੱਛਣਾਂ ਨੂੰ ਵੇਖ ਕੇ ਦਿੱਤੀ ਜਾਂਦੀ ਹੈ। ਹੋਮਿਓਪੈਥਿਕ ਦਵਾਈਆਂ ਨੂੰ ਬਣਾਉਣ ਲਈ ਵਿਸ਼ੇਸ਼ ਫਾਰਮੇਸੀਆਂ ਬਣੀਆਂ ਹੋਈਆਂ ਹਨ, ਜੋ ਕਿਸੇ ਵਿਧੀ ਵਿਧਾਨ ਅਨੁਸਾਰ ਦਵਾਈਆਂ ਬਣਾਉਂਦੀਆਂ ਹਨ।

ਵੱਡੀਆਂ ਬਿਮਾਰੀਆਂ ਨੂੰ ਠੀਕ ਕਰਨ ਦੀ ਤਾਕਤ

ਹੋਮਿਓਪੈਥੀ ’ਚ ਇੱਕੋ ਤਰ੍ਹਾਂ ਦੀਆਂ ਮਿੱਠੀਆਂ ਗੋਲੀਆਂ ਹੁੰਦੀਆਂ ਹਨ। ਡਾਕਟਰ ਸਭ ਨੂੰ ਚੁੱਕ-ਚੁੱਕ ਕੇ ਉਹੀ ਗੋਲੀਆਂ ਫੜਾਈ ਜਾਂਦੇ ਹਨ। ਇਹ ਨਿੱਕੀਆਂ-ਨਿੱਕੀਆਂ ਗੋਲੀਆਂ ਏਨੀਆਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਿਵੇਂ ਕਰਨਗੀਆਂ, ਇਹ ਸਵਾਲ ਆਮ ਲੋਕਾਂ ਵੱਲੋਂ ਅਕਸਰ ਪੁੱਛੇ ਜਾਂਦੇ ਹਨ। ਇਸ ਦੇ ਜਵਾਬ ਵਿਚ ਇਹ ਮਿੱਠੀਆਂ ਗੋਲੀਆਂ ਤਾਂ ਦਵਾਈ ਦੇਣ ਦਾ ਇਕ ਸਾਧਨ ਹਨ। ਅਸਲ ਦਵਾਈ ਤਾਂ ਅਰਕ ਹੁੰਦਾ ਹੈ, ਜੋ ਦੁਨੀਆ ਦੀਆਂ ਲਗਪਗ ਸਾਰੀਆਂ ਧਾਤਾਂ-ਅਧਾਤਾਂ, ਰਸਾਇਣਾਂ, ਜੀਵ-ਜੰਤੂਆਂ, ਜੜ੍ਹੀ-ਬੂਟੀਆਂ ਆਦਿ ਤੋਂ ਤਿਆਰ ਹੁੰਦੀਆਂ ਹਨ। ਜੇ ਉਸ ਅਰਕ ਨੂੰ ਸਿੱਧਾ ਜੀਭ ’ਤੇ ਪਾ ਦਿੱਤਾ ਜਾਵੇ ਤਾਂ ਜੀਭ ਫਟ ਸਕਦੀ ਹੈ। ਇਸੇ ਕਰਕੇ ਮਿੱਠੀਆਂ ਗੋਲੀਆਂ ਰਾਹੀਂ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਦਵਾਈ ਲੈਣ ਲੱਗਿਆਂ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਸੇ ਕਰਕੇ ਛੋਟੇ-ਛੋਟੇ ਬੱਚੇ ਵੀ ਹੋਮਿਓਪੈਥਿਕ ਡਾਕਟਰ ਕੋਲ ਜਾਣ ਲੱਗਿਆਂ ਘਬਰਾਉਂਦੇ ਨਹੀਂ ਸਗੋਂ ਚਾਅ ਨਾਲ ਦਵਾਈਆਂ ਖਾਂਦੇ ਹਨ।

– ਡਾ. ਅਮਨਦੀਪ ਸਿੰਘ ਟੱਲੇਵਾਲੀਆ

ਸੰਖੇਪ: ਵਿਸ਼ਵ ਹੋਮਿਓਪੈਥੀ ਦਿਵਸ ਦੇ ਮੌਕੇ ‘ਤੇ ਜਾਣੋ ਇਸ ਇਲਾਜ ਪ੍ਰਣਾਲੀ ਦਾ ਅਦਭੁਤ ਸਿਧਾਂਤ—‘ਜ਼ਹਿਰ ਨਾਲ ਜ਼ਹਿਰ ਮਾਰਨ ਵਾਲਾ ਇਲਾਜ’।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।