12 ਜੂਨ 2024 (ਪੰਜਾਬੀ ਖਬਰਨਾਮਾ) : ਹਰ ਸਾਲ 12 ਜੂਨ ਬਾਲ ਮਜ਼ਦੂਰੀ ਰੋਕੂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਬਾਲ ਮਜ਼ਦੂਰੀ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਹਰ ਗ਼ਰੀਬ ਮਾਂ-ਬਾਪ ਇਹ ਨਹੀਂ ਚਾਹੁਣਗੇ ਕਿ ਉਨ੍ਹਾਂ ਦੇ ਬੱਚੇ ਛੋਟੀ ਉਮਰ ’ਚ ਦਿਹਾੜੀਦਾਰ ਵਜੋਂ ਕੰਮ ਕਰਨ ਪਰ ਮਜਬੂਰਨ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਮਜ਼ਦੂਰੀ ਕਰਨ ਲਈ ਭੇਜਣਾ ਪੈਂਦਾ ਹੈ। ਮਾੜੀਆਂ ਆਦਤਾਂ ਦੇ ਸ਼ਿਕਾਰ ਪਿਤਾ ਵੀ ਆਪਣੇ ਬੱਚਿਆਂ ਨੂੰ ਮਜ਼ਦੂਰੀ ਕਰਨ ਲਈ ਮਜਬੂਰ ਕਰਦੇ ਹਨ।
ਇਹ ਬਹੁਤ ਹੀ ਅਫ਼ਸੋਸਨਾਕ ਤੇ ਸ਼ਰਮਨਾਕ ਹੈ ਕਿ ਅੱਜ ਆਜ਼ਾਦ ਭਾਰਤ ਵਿਚ ਜਿੱਥੇ ਗ਼ਰੀਬੀ ਕਾਰਨ ਛੋਟੇ ਬੱਚੇ ਮਜ਼ਦੂਰੀ ਕਰਨ ਲਈ ਮਜਬੂਰ ਹਨ, ਉੱਥੇ ਹੀ ਅੱਜ ਬਾਲ ਕੁਪੋਸ਼ਣ ਦੇ ਮਾਮਲੇ ’ਚ ਭਾਰਤ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ। ਗ਼ਰੀਬ ਲੋਕ ਵੀ ਆਪਣੇ ਬੱਚਿਆਂ ਦੇ ਭਵਿੱਖ ਲਈ ਸੁਨਹਿਰੀ ਸੁਪਨੇ ਦੇਖਦੇ ਹਨ ਪਰ ਗ਼ਰੀਬੀ ਕਾਰਨ ਕੁਝ ਲੋਕਾਂ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਕੀ ਕਦੇ ਕਿਸੇ ਸਰਕਾਰ ਨੇ ਗ਼ਰੀਬ ਬੱਚਿਆਂ ਬਾਰੇ ਗੰਭੀਰਤਾ ਨਾਲ ਸੋਚਿਆ ਹੈ ਕਿ ਉਨ੍ਹਾਂ ਦੇ ਵੀ ਕੁਝ ਸੁਪਨੇ ਹਨ, ਉਹ ਵੀ ਪੜ੍ਹ-ਲਿਖ ਕੇ ਆਪਣਾ ਭਵਿੱਖ ਸੁਨਹਿਰੀ ਬਣਾਉਣਾ ਚਾਹੁੰਦੇ ਹਨ?
ਕੀ ਅੱਜ ਅਜਿਹੇ ਬੱਚਿਆਂ ਦੇ ਦੁੱਖ-ਦਰਦ ਨੂੰ ਕੋਈ ਸਮਝ ਸਕਦਾ ਹੈ? ਭਾਵੇਂ ਸਰਕਾਰ ਨੇ ਗ਼ਰੀਬ ਬੱਚਿਆਂ ਦੀ ਭਲਾਈ ਲਈ ਕਈ ਸਕੀਮਾਂ ਲਾਗੂ ਕੀਤੀਆਂ ਹਨ ਪਰ ਭ੍ਰਿਸ਼ਟਾਚਾਰ ਕਾਰਨ ਲੋੜਵੰਦ ਬੱਚਿਆਂ ਨੂੰ ਉਨ੍ਹਾਂ ਦਾ ਲਾਭ ਨਹੀਂ ਮਿਲ ਰਿਹਾ ਜਾਂ ਗ਼ਰੀਬਾਂ ਨੂੰ ਅਜਿਹੀਆਂ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਨਾ ਹੋਣ ਕਾਰਨ ਉਹ ਉਨ੍ਹਾਂ ਦਾ ਲਾਭ ਨਹੀਂ ਉਠਾ ਪਾਉਂਦੇ। ਬਾਲ ਮਜ਼ਦੂਰੀ ਨੂੰ ਰੋਕਣ ਲਈ ਕਈ ਕਾਨੂੰਨ ਬਣਾਏ ਗਏ ਹਨ ਪਰ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ।
ਬਾਲ ਮਜ਼ਦੂਰੀ ਨੂੰ ਨੱਥ ਪਾਉਣ ਲਈ ਗ਼ਰੀਬਾਂ ਨੂੰ ਘੱਟ ਬੱਚੇ ਪੈਦਾ ਕਰਨ ਲਈ ਜਾਗਰੂਕ ਕਰਨ ਦੀ ਬੇਹੱਦ ਜ਼ਰੂਰਤ ਹੈ। ਗ਼ਰੀਬੀ ਦੂਰ ਕਰਨ ਲਈ ਉਪਰਾਲੇ ਕਰਨ ਦੀ ਵੀ ਲੋੜ ਹੈ। ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਗ਼ਰੀਬੀ ਰੇਖਾ ਤੋਂ ਹੇਠਲੇ ਤਬਕੇ ਨੂੰ ਸਮਝਾਉਣ ਕਿ ਜੇ ਉਹ ਘੱਟ ਬੱਚੇ ਪੈਦਾ ਕਰਦੇ ਹਨ ਤਾਂ ਉਹ ਉਨ੍ਹਾਂ ਨੂੰ ਸੁਨਹਿਰੀ ਭਵਿੱਖ ਦੇਣ ਦੇ ਯੋਗ ਹੋਣਗੇ। ਸਰਕਾਰਾਂ ਲੋਕਾਂ ਨੂੰ ਚੰਗੀ ਸਿੱਖਿਆ, ਚੰਗੀ ਨੌਕਰੀ ਦੇ ਕੇ ਜਾਂ ਉਨ੍ਹਾਂ ਨੂੰ ਸਵੈ-ਨਿਰਭਰ ਬਣਾ ਕੇ ਉਨ੍ਹਾਂ ਨੂੰ ਪੈਰਾਂ ’ਤੇ ਖੜ੍ਹੇ ਕਰ ਸਕਦੀਆਂ ਹਨ।
ਗ਼ਰੀਬਾਂ ਲਈ ਸਕੀਮਾਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਲਈ ਸਰਕਾਰਾਂ ਨੂੰ ਜ਼ੋਰਦਾਰ ਉਪਰਾਲੇ ਕਰਨੇ ਚਾਹੀਦੇ ਹਨ। ਖ਼ਾਸ ਤੌਰ ’ਤੇ ਸਥਾਨਕ ਹਾਕਮਾਂ ਤੇ ਨੇਤਾਵਾਂ ਨੂੰ ਇਸ ਲਈ ਨੈਤਿਕਤਾ ਤੇ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਮਹਿਜ਼ ਵੋਟ ਬੈਂਕ ਨਾ ਸਮਝਿਆ ਜਾਵੇ। ਪਤਾ ਨਹੀਂ ਉਹ ਦਿਨ ਕਦੋਂ ਆਵੇਗਾ ਜਦੋਂ ਸਕੂਲ ਜਾਣ ਦੀ ਉਮਰ ਵਿਚ ਗ਼ਰੀਬ ਬੱਚੇ ਬਾਲ ਮਜ਼ਦੂਰੀ ਕਰਦੇ ਜਾਂ ਕੂੜੇ ਦੇ ਢੇਰਾਂ ਨੂੰ ਫਰੋਲਦੇ ਨਜ਼ਰ ਨਹੀਂ ਆਉਣਗੇ। ਕਦੋਂ ਦੇਸ਼ ’ਚ ਬਾਲ ਮਜ਼ਦੂਰੀ ਖ਼ਤਮ ਹੋਵੇਗੀ ਤੇ ਹਰ ਗ਼ਰੀਬ ਬੱਚੇ ਨੂੰ ਪੇਟ ਭਰ ਕੇ ਖਾਣਾ ਮਿਲੇਗਾ?