22 ਅਗਸਤ 2024 : ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਦਾ ਅੱਜ ਇੱਥੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਟੀਮ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਓਲੰਪਿਕ ਦੇ ਸੈਮੀ ਫਾਈਨਲ ’ਚ ਜਰਮਨੀ ਤੋਂ ਹਾਰ ਨੂੰ ਮੰਦਭਾਗੀ ਦੱਸਦਿਆਂ ਲਗਾਤਾਰ ਦੂਜਾ ਕਾਂਸੇ ਦਾ ਤਗ਼ਮਾ ਜਿੱਤਣ ਨੂੰ ਵੱਡੀ ਪ੍ਰਾਪਤੀ ਕਰਾਰ ਦਿੱਤਾ। ਭਾਰਤ ਨੇ ਪੈਰਿਸ ਵਿੱਚ ਸਪੇਨ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਟੀਮ ਨੂੰ ਸੈਮੀ ਫਾਈਨਲ ’ਚ ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤੀ ਟੀਮ ਦਾ ਅੱਜ ਇੱਥੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਟੀਮ ਨੇ ਰੋਡ ਸ਼ੋਅ ਵੀ ਕੀਤਾ। ਇਸ ਦੌਰਾਨ ਹਰਮਨਪ੍ਰੀਤ ਨੇ ਕਿਹਾ, ‘‘’ਜਰਮਨੀ ਖ਼ਿਲਾਫ਼ ਮੈਚ ਬਹੁਤ ਫਸਵਾਂ ਸੀ। ਅਸੀਂ ਕਈ ਮੌਕੇ ਬਣਾਏ ਪਰ ਉਸ ਦਿਨ ਕਿਸਮਤ ਸਾਡੇ ਨਾਲ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਕਾਂਸੇ ਦਾ ਤਗ਼ਮਾ ਜਿੱਤਣਾ ਵੀ ਬਹੁਤ ਅਹਿਮ ਸੀ। ਇਹ ਟੂਰਨਾਮੈਂਟ ’ਚ ਸਾਡਾ ਆਖਰੀ ਮੈਚ ਸੀ ਅਤੇ ਅਸੀਂ ਮੈਚ ਜਿੱਤਣ ਤੋਂ ਬਾਅਦ ਬਹੁਤ ਖ਼ੁਸ਼ ਸੀ। ਸਾਡੀ ਕੋਸ਼ਿਸ਼ (ਸੋਨੇ ਦਾ ਤਗ਼ਮਾ ਜਿੱਤਣ ਦਾ) ਸੁਫਨਾ ਪੂਰਾ ਕਰਨ ਦੀ ਸੀ ਪਰ ਕਿਸਮਤ ਨੂੰ ਕੁੱਝ ਹੋਰ ਮਨਜ਼ੂਰ ਸੀ।’’ ਉਸ ਨੇ ਕਿਹਾ, ‘‘ਅਸੀਂ ਲਗਾਤਾਰ ਦੋ ਤਗ਼ਮੇ ਜਿੱਤੇ ਹਨ ਅਤੇ ਇਹ ਇੱਕ ਵੱਡੀ ਪ੍ਰਾਪਤੀ ਹੈ।’’
ਭਾਰਤੀ ਕਪਤਾਨ ਉੜੀਸਾ ਵਿੱਚ ਹੋਏ ਟੀਮ ਦੇ ਸਵਾਗਤ ਤੋਂ ਬਹੁਤ ਖ਼ੁਸ਼ ਹੈ। ਉਸ ਨੇ ਕਿਹਾ, ‘‘ਸਾਨੂੰ ਹਰ ਪਾਸਿਓਂ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ।’’ ਉਸ ਨੇ ਹਾਕੀ ਨੂੰ ਸਪਾਂਸਰ ਕਰਨ ਲਈ ਸੂਬਾ ਸਰਕਾਰ ਦਾ ਧੰਨਵਾਦ ਵੀ ਕੀਤਾ।