ਨਵੀਂ ਦਿੱਲੀ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸਰਦੀਆਂ ਦਾ ਮੌਸਮ ਆਉਂਦੇ ਹੀ ਵਾਲਾਂ ਦਾ ਝੜਨਾ ਕਈ ਲੋਕਾਂ ਦੀ ਆਮ ਸਮੱਸਿਆ ਬਣ ਜਾਂਦੀ ਹੈ। ਗਰਮੀਆਂ ਦੇ ਮੁਕਾਬਲੇ ਇਸ ਸੀਜ਼ਨ ‘ਚ ਵਾਲ ਝੜਨ ਦੀ ਦਰ ਅਚਾਨਕ ਵਧ ਜਾਂਦੀ ਹੈ, ਜਿਸ ਨਾਲ ਘਬਰਾਹਟ ਹੋਣਾ ਆਮ ਗੱਲ ਹੈ, ਪਰ ਚੰਗੀ ਗੱਲ ਇਹ ਹੈ ਕਿ ਇਸਦਾ ਕਾਰਨ ਕਿਸੇ ਵੱਡੀ ਬਿਮਾਰੀ ‘ਚ ਨਹੀਂ, ਸਗੋਂ ਸਰੀਰ ਤੇ ਖੋਪੜੀ (ਸਕੈਲਪ) ‘ਚ ਹੋਣ ਵਾਲੇ ਕੁਝ ਕੁਦਰਤੀ ਬਦਲਾਵਾਂ ‘ਚ ਛੁਪਿਆ ਹੁੰਦਾ ਹੈ।
ਜੇਕਰ ਤੁਸੀਂ ਇਨ੍ਹਾਂ ਸੰਕੇਤਾਂ ਨੂੰ ਸਮਝ ਲਓ ਅਤੇ ਸਮੇਂ ਸਿਰ ਸਹੀ ਕਦਮ ਚੁੱਕੋ ਤਾਂ ਸਰਦੀਆਂ ਦਾ ਹੇਅਰ ਫਾਲ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਨਿਊਟ੍ਰੀਸ਼ਨਿਸਟ ਲੀਮਾ ਮਹਾਜਨ ਨੇ ਇੱਕ ਇੰਸਟਾਗ੍ਰਾਮ ਰੀਲ ਰਾਹੀਂ ਅਜਿਹੇ ਤਿੰਨ ਮੁੱਖ ਕਾਰਨਾਂ ਬਾਰੇ ਦੱਸਿਆ ਹੈ, ਜੋ ਸਰਦੀਆਂ ‘ਚ ਹੇਅਰਫਾਲ ਵਧਾਉਂਦੇ ਹਨ।
ਠੰਢ ‘ਚ ਸਕੈਲਪਤੱਕ ਘੱਟ ਪਹੁੰਚਦਾ ਹੈ ਬਲੱਡ ਫਲੋਅ
ਜਿਵੇਂ ਹੀ ਤਾਪਮਾਨ ਡਿੱਗਦਾ ਹੈ, ਸਰੀਰ ਖੁਦ ਨੂੰ ਗਰਮ ਰੱਖਣ ਲਈ ਕਈ ਪ੍ਰਕਿਰਿਆਵਾਂ ਅਪਣਾਉਂਦਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਵੇਸੋਕੰਸਟ੍ਰਿਕਸ਼ਨ, ਭਾਵ ਖੂਨ ਦੀਆਂ ਛੋਟੀਆਂ ਨਾੜੀਆਂ ਦਾ ਸੁੰਗੜਨਾ। ਠੰਢ ਵਿਚ ਇਹ ਪ੍ਰਕਿਰਿਆ ਸਕੈਲਪ ‘ਚ ਵੀ ਹੋ ਜਾਂਦੀ ਹੈ, ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਤਕ ਆਕਸੀਜਨ ਤੇ ਪੋਸ਼ਣ ਘੱਟ ਮਾਤਰਾ ‘ਚ ਪਹੁੰਚਦੇ ਹਨ। ਕਮਜ਼ੋਰ ਜੜ੍ਹਾਂ = ਜ਼ਿਆਦਾ ਹੇਅਰ ਫਾਲ।
ਕੀ ਕਰੀਏ?
ਰੋਜ਼ 4 ਮਿੰਟ ਦੀ ਹਲਕੀ ਸਕੈਲਪ ਮਸਾਜ ਕਰੋ – ਇਹ ਬਲੱਡ ਸਰਕੂਲੇਸ਼ਨ ਨੂੰ ਵਧਾਉਂਦੀ ਹੈ।
ਦਿਨ ਵਿੱਚ 30 ਮਿੰਟ ਦੀ ਤੇਜ਼ ਵਾਕ ਜਾਂ ਕੋਈ ਵੀ ਹਲਕੀ ਕਸਰਤ ਜ਼ਰੂਰ ਸ਼ਾਮਲ ਕਰੋ।
ਬਾਹਰ ਜਾਂਦੇ ਸਮੇਂ ਸਕੈਲਪ ਨੂੰ ਹਲਕਾ ਗਰਮ ਰੱਖੋ, ਪਰ ਅਜਿਹਾ ਕੁਝ ਨਾ ਪਹਿਨੋ ਜਿਸ ਨਾਲ ਪਸੀਨਾ ਜਮ੍ਹਾਂ ਹੋਵੇ।
ਕਿਹੜੀਆਂ ਚੀਜ਼ਾਂ ਤੋਂ ਮਿਲੇਗਾ ਫਾਇਦਾ? (ਬਲੱਡ ਸਰਕੂਲੇਸ਼ਨ ਵਧਾਉਣ ਵਾਲੇ ਫੂਡਜ਼)
ਅਖਰੋਟ
ਚੁਕੰਦਰ
ਪਾਲਕ
ਅਨਾਰ
ਕੱਦੂ ਦੇ ਬੀਜ
ਸਿਕਰੀ ਤੇ ਡਰਾਈ ਸਕੈਲਪ ਦੀ ਸਮੱਸਿਆ
ਸਰਦੀਆਂ ਦੀ ਸੁੱਕੀ ਹਵਾ ਤੇ ਘੱਟ ਨਮੀ ਸਕੈਲਪ ਦੇ ਨੈਚੁਰਲ ਮੌਇਸਚਰਾਈਜ਼ ਬੈਰੀਅਰ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਸਕੈਲਪ ਸੁੱਕਦੀ ਹੈ ਤਾਂ ਸਕਿੰਨ ਤੇਜ਼ੀ ਨਾਲ ਫਲੇਕ ਹੋਣ ਲੱਗਦੀ ਹੈ। ਇਨ੍ਹਾਂ ਫਲੇਕਸ ਦੇ ਨਾਲ ਤੇਲ ਮਿਲ ਕੇ ਸਿਕਰੀ (ਡੈਂਡਰਫ) ਨੂੰ ਵਧਾਉਂਦੇ ਹਨ ਤੇ ਸਕੈਲਪ ‘ਤੇ ਯੀਸਟ ਐਕਟੀਵਿਟੀ ਵੀ ਤੇਜ਼ ਹੋ ਜਾਂਦੀ ਹੈ। ਨਤੀਜਾ – ਖਾਰਸ਼, ਜਲਣ ਤੇ ਕੰਘੀ ਕਰਦੇ ਸਮੇਂ ਜ਼ਿਆਦਾ ਵਾਲ ਝੜਨਾ।
ਸਰਦੀਆਂ ‘ਚ ਡੈਂਡਰਫ ਤੋਂ ਇੰਝ ਬਚੋ
ਵਾਲਾਂ ਨੂੰ ਕੋਸੇ ਪਾਣੀ ਨਾਲ ਧੋਵੋ ਤੇ ਆਖਿਰ ‘ਚ ਹਲਕੇ ਠੰਢੇ ਪਾਣੀ ਨਾਲ ਰਿੰਸ ਕਰੋ।
ਬਹੁਤ ਗਰਮ ਪਾਣੀ ਨਾਲ ਵਾਲ ਧੋਣ ਦੀ ਆਦਤ ਛੱਡ ਦਿਓ।
ਲੰਬੇ ਸਮੇਂ ਤਕ ਬੇਹੱਦ ਟਾਈਟ ਕੈਪ ਜਾਂ ਬੀਨੀ ਪਹਿਨ ਕੇ ਨਾ ਰੱਖੋ।
ਹਫ਼ਤੇ ‘ਚ 1–2 ਵਾਰ ਐਂਟੀ-ਡੈਂਡਰਫ ਸ਼ੈਂਪੂ ਦੀ ਵਰਤੋਂ ਕਰੋ।
ਡੈਂਡਰਫ ਘੱਟ ਕਰਨ ਵਿੱਚ ਮਦਦ ਕਰਨ ਵਾਲੇ ਫੂਡਜ਼
ਅਖਰੋਟ (ਓਮੇਗਾ-3)
ਅਲਸੀ ਦੇ ਬੀਜ
ਦਹੀਂ
ਕੱਦੂ ਦੇ ਬੀਜ (ਜ਼ਿੰਕ)
ਵਿਟਾਮਿਨ D ਦੀ ਘਾਟ
ਸਰਦੀਆਂ ‘ਚ ਦਿਨ ਛੋਟੇ ਤੇ ਧੁੱਪ ਘੱਟ ਹੁੰਦੀ ਹੈ। ਇਹੀ ਕਾਰਨ ਹੈ ਕਿ ਸਰੀਰ ਨੂੰ ਲੋੜੀਂਦੀ ਸੂਰਜ ਦੀ ਰੌਸ਼ਨੀ ਨਹੀਂ ਮਿਲਦੀ, ਜਿਸ ਨਾਲ ਵਿਟਾਮਿਨ D ਦਾ ਪੱਧਰ ਡਿੱਗਣ ਲੱਗਦਾ ਹੈ। ਇਹ ਵਿਟਾਮਿਨ ਵਾਲਾਂ ਦੇ ਗ੍ਰੋਥ ਸਾਈਕਲ ਨੂੰ ਐਕਟਿਵ ਰੱਖਣ ‘ਚ ਮਦਦ ਕਰਦਾ ਹੈ। ਇਸਦੀ ਕਮੀ ਨਾਲ ਜੜ੍ਹਾਂ ਕਮਜ਼ੋਰ ਹੁੰਦੀਆਂ ਹਨ ਅਤੇ ਵਾਲ ਝੜਨਾ ਵੱਧ ਜਾਂਦਾ ਹੈ।
ਕੀ ਹੈ ਸਮਾਧਾਨ?
ਹਫ਼ਤੇ ‘ਚ 3–4 ਦਿਨ, ਦੁਪਹਿਰ 12 ਤੋਂ 3 ਵਜੇ ਦੇ ਵਿਚਕਾਰ ਘੱਟੋ-ਘੱਟ 10–20 ਮਿੰਟ ਧੁੱਪ ਜ਼ਰੂਰ ਲਓ।
ਧੁੱਪ ਲੈਂਦੇ ਸਮੇਂ ਚਿਹਰਾ, ਹੱਥ ਜਾਂ ਪੈਰ ਖੁੱਲ੍ਹੇ ਰੱਖੋ ਤਾਂ ਜੋ ਸਰੀਰ ਕੁਦਰਤੀ ਰੂਪ ‘ਚ ਵਿਟਾਮਿਨ D ਬਣਾ ਸਕੇ।
ਸਰਦੀਆਂ ਦਾ ਹੇਅਰ ਫਾਲ ਬਿਲਕੁਲ ਸਧਾਰਨ ਹੈ ਤੇ ਥੋੜ੍ਹੀ ਜਿਹੀ ਦੇਖਭਾਲ ਨਾਲ ਆਸਾਨੀ ਨਾਲ ਕੰਟਰੋਲ ‘ਚ ਲਿਆਂਦਾ ਜਾ ਸਕਦਾ ਹੈ। ਬਸ ਖੋਪੜੀ ਨੂੰ ਪੋਸ਼ਣ ਦਿਓ, ਉਸਨੂੰ ਖੁਸ਼ਕ ਨਾ ਹੋਣ ਦਿਓ ਤੇ ਸਰੀਰ ‘ਚ ਵਿਟਾਮਿਨ D ਦੀ ਕਮੀ ਨਾ ਹੋਣ ਦਿਉ। ਸਹੀ ਆਦਤਾਂ ਅਪਣਾ ਕੇ ਤੁਸੀਂ ਠੰਢ ਦੇ ਮੌਸਮ ਵਿੱਚ ਵੀ ਵਾਲਾਂ ਨੂੰ ਮਜ਼ਬੂਤ ਅਤੇ ਸਿਹਤਮੰਦ ਰੱਖ ਸਕਦੇ ਹੋ।
