(ਪੰਜਾਬੀ ਖ਼ਬਰਨਾਮਾ) : ਲੋਕ ਸਭਾ ਚੋਣਾਂ 2024 ਦੇ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਦੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਖ ਵੱਖ ਦੁਕਾਨਾਂ ‘ਤੇ ਜਾ ਕੇ ਵੋਟ ਪਾਉਣ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਨਿਊਜ਼ 18 ਨਾਲ ਗੱਲਬਾਤ ਕਰਦੇ ਹੋਏ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਹਲਕਾ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ ਅਤੇ ਇਹ ਪਿਆਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਲੋਕ ਹਿੱਤਾਂ ਲਈ ਕੀਤੇ ਗਏ ਕੰਮਾਂ ਸਦਕਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਪੰਜਾਬ ਦੇ ਹਰ ਇੱਕ ਤਬਕੇ ਦੀ ਸੁੱਧ ਬੁੱਧ ਲੈਣ ਵਾਲੇ ਬਿਜਲੀ ਫਰੀ ਕਰਨ ਵਾਲੇ ਬੱਸਾਂ ਦਾ ਕਿਰਾਇਆ ਮਾਫ ਕਰਨ ਵਾਲੇ ਲੋਕਾਂ ਨੂੰ ਚੰਗੀਆਂ ਸੁਵਿਧਾਵਾਂ ਦੇਣ ਵਾਲੇ ਮੁਹੱਲਾ ਕਲੀਨਿਕ ਦੇ ਕੰਮਾਂ ਨੂੰ ਕਰਨ ਵਾਲੇ ਉਮੀਦਵਾਰਾਂ ਨੂੰ ਜਿਤਾਉਣਗੇ।
ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੇ ਮਰਜ਼ੀ ਆਜ਼ਾਦ ਉਮੀਦਵਾਰ ਆ ਜਾਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਆਮ ਆਦਮੀ ਪਾਰਟੀ ਇੱਥੋਂ ਵੱਡੀ ਲੀਡ ਦੇ ਨਾਲ ਜਿੱਤੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਣਾਂ ਦੌਰਾਨ ਸੈਨਾ ਤੇ ਹੋਣ ਵਾਲੇ ਹਮਲੇ ਦੇ ਬਿਆਨ ਸਬੰਧੀ ਪੁੱਛੇ ਜਾਣ ਦੇ ਉੱਤੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਨਰਿੰਦਰ ਮੋਦੀ ਦੰਗਿਆਂ ਦੇ ਮਾਸਟਰਮਾਇੰਡ ਹਨ ਅਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਦੇਸ਼ ਵਿੱਚ ਕੀ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਭਾਜਪਾ ਵੱਲੋਂ ਗਰੀਬਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਅੰਬਾਨੀਆਂ-ਅਡਾਨੀਆਂ ਦੇ ਕਰਜੇ ਮੁਆਫ ਕੀਤੇ ਜਾ ਰਹੇ ਹਨ ਅਤੇ ਲੋਕ ਇੰਡੀਆ ਅਲਾਇੰਸ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣਗੇ ਨਾ ਕਿ ਦੇਸ਼ ਦਾ ਖਜ਼ਾਨਾ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਵਾਲਿਆਂ ਦੇ ਉੱਤੇ।
ਨਿਊਜ਼ ਰੂਮ ਕਟਹਿਰਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੀਤੀ ਗਈ ਭਵਿੱਖਬਾਣੀ ਦੇ ਸਵਾਲ ਦੇ ਉੱਤੇ ਉਹਨਾਂ ਕਿਹਾ ਕਿ ਕਾਂਗਰਸ ਨੂੰ ਸਿਰਫ ਬਿਆਨ ਦੇਣੇ ਆਉਂਦੇ ਹਨ ਨਾ ਕਿ ਕੰਮ ਕਰਨੇ। ਉਹਨਾਂ ਕਿਹਾ ਕਿ ਲੋਕ ਸਿਆਣੇ ਹਨ ਅਤੇ ਉਹਨਾਂ ਨੇ ਇਹਨਾਂ 75 ਸਾਲਾਂ ਦੇ ਵਿੱਚ ਕਾਂਗਰਸ ਅਕਾਲੀ ਦਲ ਭਾਜਪਾ ਦੇ ਕਾਰਜਕਾਲ ਨੂੰ ਦੇਖਿਆ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਨੂੰ ਤਰੱਕੀ ਤੇ ਜਾਂਦੇ ਹੋਏ ਵੀ ਦੇਖਿਆ ਹੈ, ਸੋ ਲੋਕ ਇਹਨਾਂ ਚੋਣਾਂ ਦੇ ਵਿੱਚ ਆਪਣਾ ਫੈਸਲਾ ਦੇਣਗੇ।
