ਵਾਸ਼ਿੰਗਟਨ, 22 ਜੁਲਾਈ 2025 (ਪੰਜਾਬੀ ਖਬਰਨਾਮਾ ਬਿਊਰੋ ):- ਰੂਸ ਨੂੰ ਯੂਕਰੇਨ ਨਾਲ ਸੀਜ਼ਫਾਇਰ ‘ਤੇ ਰਾਜ਼ੀ ਕਰਨ ਲਈ ਡੋਨਾਲਡ ਟਰੰਪ ਹਰ ਸੰਭਵ ਤਰੀਕਾ ਅਪਣਾ ਰਹੇ ਹਨ। ਇਸ ਸੰਦਰਭ ‘ਚ ਟਰੰਪ ਨੇ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ‘ਤੇ ਟੈਰਿਫ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਹੁਣ, ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਨੇ ਭਾਰਤ ਅਤੇ ਚੀਨ ਨੂੰ ਸ਼ਰੇਆਮ ਧਮਕੀ ਦਿੱਤੀ ਹੈ।
ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਨੇ ਭਾਰਤ ਅਤੇ ਚੀਨ ਨੂੰ ਹਦਾਇਤ ਕੀਤੀ ਹੈ ਕਿ ਜੇ ਉਹ ਰੂਸ ਨਾਲ ਵਪਾਰ ਜਾਰੀ ਰੱਖਦੇ ਹਨ, ਤਾਂ ਟਰੰਪ ਦੋਹਾਂ ਦੇਸ਼ਾਂ ‘ਤੇ ਭਾਰੀ ਟੈਰਿਫ ਲਗਾ ਦੇਣਗੇ।
500 ਫੀਸਦ ਟੈਰਿਫ ਲਗਾਉਣ ਦਾ ਪ੍ਰਸਤਾਵ
ਦਰਅਸਲ ਗ੍ਰਾਹਮ ਹੀ ਉਹ ਸ਼ਖ਼ਸ ਹਨ, ਜਿਨ੍ਹਾਂ ਨੇ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ‘ਤੇ 500 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਸੂਚੀ ‘ਚ ਭਾਰਤ ਅਤੇ ਚੀਨ ਦਾ ਨਾਂ ਵੀ ਸ਼ਾਮਲ ਸੀ। ਗ੍ਰਾਹਮ ਨੇ ਹੁਣ ਧਮਕੀ ਦਿੱਤੀ ਹੈ ਕਿ ਜੇ ਇਨ੍ਹਾਂ ਦੇਸ਼ਾਂ ਨੇ ਰੂਸ ਤੋਂ ਸਾਮਾਨ ਖਰੀਦਣਾ ਬੰਦ ਨਹੀਂ ਕੀਤਾ ਤਾਂ ਇਨ੍ਹਾਂ ਦੀ ਆਰਥਿਕਤਾ ਬਰਬਾਦ ਹੋ ਜਾਵੇਗੀ।
ਫੌਕਸ ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ ‘ਚ ਲਿੰਡਸੇ ਗ੍ਰਾਹਮ ਨੇ ਕਿਹਾ: “ਚੀਨ, ਰੂਸ ਅਤੇ ਬ੍ਰਾਜ਼ੀਲ ਜਿਹੇ ਦੇਸ਼, ਜੋ ਰੂਸ ਤੋਂ ਤੇਲ ਖਰੀਦਦੇ ਹਨ, ਟਰੰਪ ਜਲਦੀ ਹੀ ਉਨ੍ਹਾਂ ‘ਤੇ ਟੈਰਿਫ ਲਗਾਉਣ ਵਾਲੇ ਹਨ। ਮੈਂ ਇਨ੍ਹਾਂ ਦੇਸ਼ਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਘੱਟ ਪੈਸੇ ਦੇ ਚਲਦੇ ਰੂਸ ਨਾਲ ਖਰੀਦਦਾਰੀ ਜਾਰੀ ਰੱਖੀ ਤਾਂ ਜੰਗ ਚੱਲਦੀ ਰਹੇਗੀ। ਅਸੀਂ ਇਹ ਨਹੀਂ ਹੋਣ ਦੇਵਾਂਗੇ। ਅਸੀਂ ਤੁਹਾਨੂੰ ਬਰਬਾਦ ਕਰ ਦੇਵਾਂਗੇ। ਤੁਹਾਡੀ ਆਰਥਿਕਤਾ ਚੌਪਟ ਹੋ ਜਾਵੇਗੀ।”