20 ਮਈ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਤਹਿਤ ਅੱਜ ਬਿਹਾਰ, ਝਾਰਖੰਡ, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਜੰਮੂ-ਕਸ਼ਮੀਰ ਤੇ ਲੱਦਾਖ 8 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ਲਈ ਵੋਟਿੰਗ ਜਾਰੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ। ਇਹ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਦੱਸ ਦਈਏ ਕਿ 2019 ਵਿੱਚ, ਭਾਜਪਾ ਨੇ ਸਭ ਤੋਂ ਵੱਧ 32, ਸ਼ਿਵ ਸੈਨਾ ਨੇ 7 ਅਤੇ ਟੀਐਮਸੀ ਨੇ 4 ਸੀਟਾਂ ਜਿੱਤੀਆਂ ਸਨ। ਕਾਂਗਰਸ ਯੂਪੀ ਦੀ ਸਿਰਫ਼ ਰਾਏਬਰੇਲੀ ਸੀਟ ਹੀ ਜਿੱਤ ਸਕੀ ਸੀ। ਬਾਕੀਆਂ ਨੂੰ 5 ਸੀਟਾਂ ਮਿਲੀਆਂ ਸਨ।
ਚੋਣ ਕਮਿਸ਼ਨ ਮੁਤਾਬਕ ਪੰਜਵੇਂ ਪੜਾਅ ਦੀਆਂ ਚੋਣਾਂ ਵਿੱਚ 695 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 613 ਪੁਰਸ਼ ਅਤੇ 82 ਮਹਿਲਾ ਉਮੀਦਵਾਰ ਹਨ। ਇਨ੍ਹਾਂ ਵਿੱਚ ਔਰਤਾਂ ਸਿਰਫ਼ 12% ਹਨ।
ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਲਖਨਊ ਵਿੱਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ- ਮੈਨੂੰ ਲੱਗਦਾ ਹੈ ਕਿ ਇਸ ਵਾਰ ਸੱਤਾ ‘ਚ ਬਦਲਾਅ ਹੋਵੇਗਾ। ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਬਾਹਰ ਆ ਕੇ ਆਪਣੀ ਵੋਟ ਪਾਉਣ। ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਵਿਕਾਸ ਅਤੇ ਲੋਕ ਭਲਾਈ ਦੇ ਮੁੱਦਿਆਂ ਨੂੰ ਪਹਿਲ ਦੇਣ। ਭਾਜਪਾ ਹੋਵੇ ਜਾਂ ਕਾਂਗਰਸ, ਸਾਰੀਆਂ ਪਾਰਟੀਆਂ ਕਹਿੰਦੀਆਂ ਹਨ ਕਿ ਉਹ ਸਰਕਾਰ ਬਣਾ ਰਹੇ ਹਨ, ਪਰ ਨਤੀਜੇ ਆਉਣ ‘ਤੇ ਸਭ ਕੁਝ ਸਪੱਸ਼ਟ ਹੋ ਜਾਵੇਗਾ।