ਨਵੀਂ ਦਿੱਲੀ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਬੰਗਲਾਦੇਸ਼ ’ਚ ਹਿੰਦੂਆਂ ਦੀ ਹੱਤਿਆ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੋਮਵਾਰ ਰਾਤ ਨਰਸਿੰਗਦੀ ’ਚ ਅਣਪਛਾਤੇ ਹਮਲਾਵਰਾਂ ਨੇ 40 ਸਾਲਾ ਹਿੰਦੂ ਦੁਕਾਨਦਾਰ ਸ਼ਰਦ ਚੱਕਰਵਰਤੀ ਮਣੀ ਉਰਫ਼ ਮੋਨੀ ਚੱਕਰਵਰਤੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਇਸ ਤੋਂ ਕੁਝ ਘੰਟੇ ਪਹਿਲਾਂ ਜੇਸੋਰ ਜ਼ਿਲ੍ਹੇ ’ਚ ਇਕ ਹੋਰ ਹਿੰਦੂ ਕਾਰੋਬਾਰੀ 38 ਸਾਲਾ ਰਾਣਾ ਪ੍ਰਤਾਪ ਬੈਰਾਗੀ ਦੀ ਸਿਰ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਹੜੇ ਇਕ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਵੀ ਸਨ। ਦੋ ਦਸੰਬਰ, 2025 ਤੋਂ ਪਿਛਲੇ ਲਗਪਗ 35 ਦਿਨਾਂ ’ਚ ਬੰਗਲਾਦੇਸ਼ ’ਚ ਘੱਟੋ-ਘੱਟ 11 ਹਿੰਦੂਆਂ ਦੀ ਹੱਤਿਆ ਕੀਤੀ ਗਈ ਹੈ। ‘ਬੀਡੀਨਿਊਜ਼ 24’ ਦੀ ਖ਼ਬਰ ਮੁਤਾਬਕ, ਪਲਾਸ਼ ਉਪਜ਼ਿਲ੍ਹਾ ਦੇ ਚਾਰਸਿੰਦੂਰ ਬਾਜ਼ਾਰ ’ਚ ਕਰਿਆਨਾ ਦੁਕਾਨਦਾਰ ਸ਼ਰਦ ਚੱਕਰਵਰਤੀ ’ਤੇ ਸੋਮਵਾਰ ਰਾਤ ਨੂੰ ਕਰੀਬ 11 ਵਜੇ ਹਮਲਾ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਪਲਾਸ਼ ਪੁਲਿਸ ਥਾਣਾ ਮੁਖੀ (ਓਸੀ) ਸ਼ਾਹੇਦ ਅਲ ਮਾਮੂਨ ਨੇ ਕਿਹਾ ਕਿ ਸ਼ਰਦ ਚੱਕਰਵਰਤੀ ਸ਼ਿਬਪੁਰ ਉਪਜ਼ਿਲ੍ਹਾ ਦੇ ਸਾਧਰਚਾਰ ਯੂਨੀਅਨ ਵਾਸੀ ਮਦਨ ਠਾਕੁਰ ਦੇ ਬੇਟੇ ਸਨ। ਪੁਲਿਸ ਤੇ ਸਥਾਨਕ ਲੋਕਾਂ ਨੇ ਕਿਹਾ ਕਿ ਮਣੀ ਜਦੋਂ ਸੋਮਵਾਰ ਰਾਤ ਨੂੰ ਦੁਕਾਨ ਬੰਦ ਕਰ ਕੇ ਆਪਣੇ ਘਰ ਪਰਤ ਰਹੇ ਸਨ, ਤਾਂ ਅਣਪਛਾਤੇ ਹਮਲਾਵਰਾਂ ਨੇ ਘਰ ਦੇ ਸਾਹਮਣੇ ਹੀ ਉਨ੍ਹਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਸਥਾਨਕ ਲੋਕ ਉਨ੍ਹਾਂ ਨੂੰ ਪਲਾਸ਼ ਉਪਜ਼ਿਲ੍ਹਾ ਸਿਹਤ ਕੰਪਲੈਕਸ ’ਚ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ। ਸ਼ਾਹੇਦ ਨੇ ਕਿਹਾ ਕਿ ਪੁਲਿਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਮੌਕੇ ’ਤੇ ਪਹੁੰਚੀ ਤੇ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਸਥਾਨਕ ਮੀਡੀਆ ਦੇ ਮੁਤਾਬਕ, 19 ਦਸੰਬਰ ਨੂੰ ਸ਼ਰਦ ਚੱਕਰਵਰਤੀ ਨੇ ਫੇਸਬੁੱਕ ’ਤੇ ਇਕ ਪੋਸਟ ਲਿਖ ਕੇ ਦੇਸ਼ ’ਚ ਹਿੰਸਾ ’ਤੇ ਚਿੰਤਾ ਪ੍ਰਗਟਾਈ ਸੀ, ਜਿਸ ਵਿਚ ਉਨ੍ਹਾਂ ਨੇ ਆਪਣੀ ਜਨਮਭੂਮੀ ਨੂੰ ‘ਮੌਤ ਦੀ ਘਾਟੀ’ ਦੱਸਿਆ ਸੀ। ਇਕ ਚਸ਼ਮਦੀਦ ਤੇ ਰਿਸ਼ਤੇਦਾਰ ਪ੍ਰਦੀਪ ਚੰਦ ਬਰਮਨ ਨੇ ਇਸ ਹਮਲੇ ਨੂੰ ਸੋਚੀ ਸਮਝੀ ਸਾਜ਼ਿਸ਼ ਦੱਸਿਆ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਦੁਸ਼ਮਣੀ ਸੀ… ਉਨ੍ਹਾਂ ਨੇ (ਹਮਲਾਵਰਾਂ ਨੇ) ਉਨ੍ਹਾਂ ਦਾ ਮੋਬਾਈਲ ਫੋਨ ਜਾਂ ਮੋਟਰਸਾਈਕਲ ਨਹੀਂ ਖੋਹਿਆ।

ਸ਼ਰਦ ਚੱਕਰਵਰਤੀ ਦੀ ਹੱਤਿਆ ਦੇ ਵਿਰੋਧ ’ਚ ਨਰਸਿੰਗਦੀ ’ਚ ਸੌ ਤੋਂ ਜ਼ਿਆਦਾ ਵਪਾਰੀਆਂ ਨੇ ਮੰਗਲਵਾਰ ਨੂੰ ਸਥਾਨਕ ਮਾਰਕੀਟ ਐਸੋਸੀਏਸ਼ਨ ਦੇ ਬੈਨਰ ਹੇਠ ਨਿਆਂ ਦੀ ਮੰਗ ਕਰਦੇ ਹੋਏ ਮਨੁੱਖੀ ਚੇਨ ਬਣਾਈ। ਵਪਾਰੀਆਂ ਨੇ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਦੀ ਤੁਰੰਤ ਪਛਾਣ ਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟਿਆਂ ’ਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਹੋਰ ਵੱਡਾ ਅੰਦੋਲਨ ਕਰਨਗੇ। ਪ੍ਰਦਰਸ਼ਨ ’ਚ ਹਾਜ਼ਰ ਲੋਕਾਂ ’ਚ ਚਾਰਸਿੰਦੂਰ ਬਾਜ਼ਾਰ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਅੰਗੁਰ ਭੁਈਆ, ਜਨਰਲ ਸਕੱਤਰ ਫਾਰੂਕ ਭੁਈਆ, ਬੰਗਲਾਦੇਸ਼ ਹਿੰਦੂ ਮਹਾਜੋਤ ਦੇ ਕੇਂਦਰੀ ਪ੍ਰੋਗਰਾਮ ਸਕੱਤਰ ਕਿਸ਼ੋਰ ਕੁਮਾਰ, ਪਲਾਸ਼ ਉਪਜ਼ਿਲ੍ਹਾ ਪ੍ਰਧਾਨ ਲਿਪੋਨ ਦੇਬਨਾਥ ਤੇ ਹੋਰ ਸਥਾਨਕ ਆਗੂ ਸ਼ਾਮਲ ਸਨ।

ਪਿਛਲੇ 35 ਦਿਨਾਂ ’ਚ ਮਾਰੇ ਗਏ ਹਿੰਦੂ

ਦੋ ਦਸੰਬਰ, 2025: 42 ਸਾਲਾ ਸੋਨੇ ਦੇ ਹਿੰਦੂ ਵਪਾਰੀ ਪ੍ਰਾਂਤੋਸ਼ ਕਰਮਕਾਰ ਦੀ ਰਾਤ ਦੇ ਸਮੇਂ ਬੰਗਲਾਦੇਸ਼ ਦੇ ਨਰਸਿੰਗਦੀ ਜ਼ਿਲ੍ਹੇ ਦੇ ਰਾਏਪੁਰਾ ਉਪਜ਼ਿਲ੍ਹਾ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਦੋ ਦਸੰਬਰ, 2025: 35 ਸਾਲਾ ਹਿੰਦੂ ਮੱਛੀ ਵਪਾਰੀ ਉਤਪਲ ਸਰਕਾਰ ਦੀ ਸਵੇਰ ਦੇ ਸਮੇਂ ਫ਼ਰੀਦਪੁਰ ਜ਼ਿਲ੍ਹੇ ਦੇ ਸਾਲਥਾ ਉਪਜ਼ਿਲ੍ਹਾ ’ਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

ਸੱਤ ਦਸੰਬਰ, 2025: 1971 ਦੇ ਮੁਕਤੀ ਸੰਗਰਾਮ ਦੇ ਮੁਕਤੀਯੋਧਾ 75 ਸਾਲਾ ਜੋਗੇਸ਼ ਚੰਦਰ ਰਾਏ ਤੇ ਉਨ੍ਹਾਂ ਦੀ ਪਤਨੀ ਸੁਬੋਰਨਾ ਰਾਏ ਦੀ ਰੰਗਪੁਰ ’ਚ ਗ਼ਲਾ ਵੱਢ ਕੇ ਹੱਤਿਆ।

12 ਦਸੰਬਰ, 2025: 18 ਸਾਲਾ ਹਿੰਦੂ ਆਟੋ ਰਿਕਸ਼ਾ ਡਰਾਈਵਰ ਸ਼ਾਂਤੋ ਚੰਦਰ ਦਾਸ ਕੁਮਿਲਾ ਜ਼ਿਲ੍ਹੇ ’ਚ ਮਿ੍ਰਤਕ ਪਾਏ ਗਏ। ਉਨ੍ਹਾਂ ਦਾ ਗਲ਼ਾ ਵੱਢ ਕੇ ਲਾਸ਼ ਮੱਕੀ ਦੇ ਖੇਤ ’ਚ ਸੁੱਟ ਦਿੱਤੀ ਗਈ ਸੀ।

18 ਦਸੰਬਰ, 2025: ਮੈਮਨਸਿੰਘ ਦੇ ਭਲੁਕਾ ’ਚ 27 ਸਾਲਾ ਹਿੰਦੂ ਗਾਰਮੈਂਟ ਵਰਕਰ ਦੀਪੂ ਚੰਦਰ ਦਾਸ ਨੂੰ ਇਸਲਾਮੀ ਭੀੜ ਨੇ ਕੁੱਟ-ਕੁੱਟ ਕੇ ਮਾਰ ਸੁੱਟਿਆ।

24 ਦਸੰਬਰ, 2025; ਰਾਜਬਾੜੀ ਜ਼ਿਲ੍ਹੇ ਦੇ 30 ਸਾਲਾ ਹਿੰਦੂ ਅੰਮਿ੍ਰਤ ਮੰਡਲ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਉਸ ਖ਼ਿਲਾਫ਼ ਕਈ ਮਾਮਲੇ ਦਰਜ ਸਨ।

29 ਦਸੰਬਰ, 2025: ਬੰਗਲਾਦੇਸ਼ ਦੇ ਨੀਮ ਫ਼ੌਜੀ ਸਹਾਇਕ ਬਲ ਅੰਸਾਰ ਵਾਹਿਨੀ ਦੇ ਹਿੰਦੂ ਮੈਂਬਰ ਬਜੇਂਦਰ ਬਿਸਵਾਸ ਨੂੰ ਮੈਮਨਸਿੰਘ ਜ਼ਿਲ੍ਹੇ ’ਚ ਫੈਕਟਰੀ ’ਚ ਸਾਥੀ ਨੋਮਾਨ ਮੀਆਂ ਨੇ ਗੋਲ਼ੀ ਮਾਰੀ।

ਤਿੰਨ ਜਨਵਰੀ, 2026: ਸ਼ਰੀਅਤਪੁਰ ਜ਼ਿਲ੍ਹੇ ਦੇ ਹਿੰਦੂ ਕਾਰੋਬਾਰੀ ਖੋਕਨ ਚੰਦਰ ਦਾਸ ਨੂੰ ਘਰ ਪਰਤਦੇ ਸਮੇਂ ਹਮਲਾਵਰਾਂ ਨੇ ਰੋਕ ਕੇ ਚਾਕੂ ਮਾਰਿਆ, ਫਿਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।

ਪੰਜ ਜਨਵਰੀ, 2026: ਇਕ ਅਖ਼ਬਾਰ ਦੇ 38 ਸਾਲਾ ਕਾਰਜਕਾਰੀ ਸੰਪਾਦਕ ਤੇ ਬਰਫ਼ ਫੈਕਟਰੀ ਦੇ ਮਾਲਿਕ ਰਾਣਾ ਪ੍ਰਤਾਪ ਬੈਰਾਗੀ ਦੀ ਅਣਪਛਾਤੇ ਹਮਲਾਵਰਾਂ ਨੇ ਗਾਲ਼ੀ ਮਾਰ ਕੇ ਹੱਤਿਆ ਕਰ ਦਿੱਤੀ।

ਸੰਖੇਪ:-

ਬੰਗਲਾਦੇਸ਼ ’ਚ ਪਿਛਲੇ 35 ਦਿਨਾਂ ਵਿੱਚ ਘੱਟੋ-ਘੱਟ 11 ਹਿੰਦੂ ਨਾਗਰਿਕਾਂ ਦੀ ਹੱਤਿਆ, ਸਥਾਨਕ ਵਪਾਰੀ ਅਤੇ ਸੰਗਠਨਾਂ ਵੱਲੋਂ ਤੁਰੰਤ ਨਿਆਂ ਦੀ ਮੰਗ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।