ਨਵੀਂ ਦਿੱਲੀ, 14 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਬੰਗਲਾਦੇਸ਼ ’ਚ ਘੱਟਗਿਣਤੀਆਂ ਖ਼ਿਲਾਫ਼ ਹਿੰਸਾ ਦਾ ਸਿਲਸਿਲਾ ਜਾਰੀ ਹੈ। ਫੇਨੀ ਜ਼ਿਲ੍ਹੇ ਦੇ ਦਾਗਨਭੁਈਆਂ ਇਲਾਕੇ ’ਚ ਐਤਵਾਰ ਰਾਤ ਨੂੰ ਦੁਰਾਕੀਆਂ ਨੇ ਤੇਜ਼ਧਾਰ ਵਾਲੇ ਹਥਿਆਰਾਂ ਨਾਲ ਇਕ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਦੀ ਲਾਸ਼ ਸੋਮਵਾਰ ਨੂੰ ਜਗਤਪੁਰ ਪਿੰਡ ਦੇ ਇਕ ਖੇਤ ’ਚੋਂ ਬਰਾਮਦ ਕੀਤੀ ਗਈ। ਉਸ ਦੀ ਪਛਾਣ 27 ਸਾਲਾ ਆਟੋ ਰਿਕਸ਼ਾ ਚਾਲਕ ਸਮੀਰ ਦਾਸ ਵਜੋਂ ਹੋਈ ਹੈ। ਘਟਨਾ ਤੋਂ ਬਾਦ ਹਮਲਾਵਰ ਉਸਦਾ ਵਾਹਨ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਪਿਛਲੇ 24 ਦਿਨਾਂ ’ਚ ਇਹ ਨੌਵੀਂ ਹੱਤਿਆ ਦੀ ਘਟਨਾ ਹੈ, ਜੋ ਦੇਸ਼ ਭਰ ’ਚ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹਿੰਸਾ ’ਚ ਚਿੰਤਾਜਨਕ ਵਾਧੇ ਨੂੰ ਦਰਸਾਉਂਦੀ ਹੈ।
ਫੇਨੀ ਦੇ ਪੁਲਿਸ ਇੰਚਾਰਜ ਸ਼ਫੀਕੁਲ ਇਸਲਾਮ ਨੇ ਦੱਸਿਆ, ‘ਸਮੀਰ ਰਾਤ ਅੱਠ ਵਜੇ ਤੋਂ ਬਾਅਦ ਆਪਣੇ ਆਟੋ ਰਿਕਸ਼ਾ ਨਾਲ ਨਿਕਲਿਆ ਸੀ ਪਰ, ਉਸ ਤੋਂ ਬਾਅਦ ਕੋਈ ਖ਼ਬਰ ਨਹੀਂ ਮਿਲੀ। ਰਾਤ ਦੋ ਵਜੇ ਤੋਂ ਬਾਅਦ ਜਗਤਪੁਰ ਪਿੰਡ ਦੇ ਇਕ ਖੇਤ ’ਚ ਉਸ ਦੀ ਜ਼ਖਮੀ ਲਾਸ਼ ਮਿਲੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ, ਲਾਸ਼ ਬਰਾਮਦ ਕੀਤੀ ਅਤੇ ਸਾਰੀ ਲੋੜੀਂਦੀ ਕਾਨੂੰਨੀ ਕਾਰਵਾਈ ਪੂਰੀ ਕੀਤੀ। ਇਸ ਸਬੰਧ ’ਚ ਮਾਮਲਾ ਵੀ ਦਰਜ ਕੀਤਾ ਗਿਆ ਹੈ। ਹਾਲਾਂਕਿ, ਸਾਨੂੰ ਹਜੇ ਤੱਕ ਹੱਤਿਆ ਸਬੰਧੀ ਕੋਈ ਸੂਤਰ ਨਹੀਂ ਮਿਲਿਆ ਅਤੇ ਨਾ ਹੀ ਅਸੀਂ ਕਿਸੇ ਨੂੰ ਗ੍ਰਿਫ਼ਤਾਰ ਕਰ ਪਾਈਏ ਹਾਂ। ਪਰ, ਸਾਡੀ ਜਾਂਚ ਅਤੇ ਪੁੱਛਗਿੱਛ ਜਾਰੀ ਹੈ।’
ਲਾਸ਼ ’ਤੇ ਛੁਰੀ ਨਾਲ ਕਈ ਜ਼ਖ਼ਮ ਸਨ ਅਤੇ ਪੁਲਿਸ ਦੇ ਸ਼ੁਰੂਆਤੀ ਅੰਦਾਜ਼ੇ ਤੋਂ ਪਤਾ ਲੱਗਾ ਹੈ ਕਿ ਸਮੀਰ ਨੂੰ ਇੱਕ ਸੁਨਸਾਨ ਜਗ੍ਹਾ ‘ਤੇ ਲੈ ਜਾ ਕੇ ਉਸਦੀ ਆਟੋ ਰਿਕਸ਼ਾ ਖੋਹਣ ਦੀ ਕੋਸ਼ਿਸ਼ ਵਿੱਚ ਹੱਤਿਆ ਕਰ ਦਿੱਤੀ ਗਈ। ਇਸਦੀ ਪੁਸ਼ਟੀ ਕਰਦਿਆਂ ਦਾਗਨਭੁਈਆਂ ਥਾਣੇ ਦੇ ਪ੍ਰਭਾਰੀ ਮੁਹੰਮਦ ਫੈਜ਼ੁਲ ਅਜ਼ੀਮ ਨੋਮਾਨ ਨੇ ਕਿਹਾ, ‘ਉਸਦੀ ਆਟੋ ਰਿਕਸ਼ਾ ਹੁਣ ਤੱਕ ਨਹੀਂ ਮਿਲੀ ਹੈ। ਪੁਲਿਸ ਨੇ ਹੱਤਿਆ ’ਚ ਸ਼ਾਮਲ ਲੋਕਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਕਰਨ ਅਤੇ ਆਟੋ ਰਿਕਸ਼ਾ ਬਰਾਮਦ ਕਰਨ ਲਈ ਇੱਕ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਹੈ।’
ਬੰਗਲਾਦੇਸ਼ ’ਚ ਹਿੰਦੂਆ ਦੀ ਜਾਨ ਦੀ ਕੋਈ ਕੀਮਤ ਨਹੀਂ : ਅਮਿਤ ਮਾਲਵੀਆ
ਭਾਜਪਾ ਨੇਤਾ ਅਮਿਤ ਮਾਲਵੀਆ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਤੇ ਧਾਰਮਿਕ ਘੱਟਗਿਣਤੀਆਂ ਦੀ ਅਨੁਮਾਨਤ ਹੱਤਿਆਵਾਂ ਬਾਰੇ ਤਿੱਖਾ ਹਮਲਾ ਕੀਤਾ। ਐਕਸ ਪੋਸਟ ’ਚ ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ’ਚ ‘ਹਿੰਦੂਆਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ। ਅੰਤਰਿਮ ਸਰਕਾਰ ਹਿੰਦੂਆਂ ’ਤੇ ਜ਼ੁਲਮ ਕਰਨ ਵਾਲਿਆਂ ’ਤੇ ਰੋਕ ਨਹੀਂ ਲਾ ਸਕੀ। ਇਨ੍ਹਾਂ ਹਮਲਿਆਂ ਨੂੰ ਮਨਘੜ੍ਹਤ ਕਹਿ ਕੇ ਰੱਦ ਕਰ ਦਿੱਤਾ ਜਾਂਦਾ ਹੈ। ਇਹ ਸੁਨੇਹਾ ਡਰਾਉਣਾ ਹੈ।
ਮੈਡੀਕਲ ਲਾਪਰਵਾਹੀ ਨਾਲ ਆਵਾਮੀ ਲੀਗ ਦੇ ਨੇਤਾ ਦੀ ਹਿਰਾਸਤ ’ਚ ਮੌਤ
ਪੈਰਿਸ, ਆਈਏਐਨਐਸ: ਇਕ ਪ੍ਰਮੁੱਖ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ – ਜਸਟਿਸ ਮੇਕਰਜ਼ ਬੰਗਲਾਦੇਸ਼ ਇਨ ਫ੍ਰਾਂਸ (ਜੇਐੱਮਬੀਐੱਫ) ਨੇ ਬੰਗਲਾਦੇਸ਼ ਦੇ ਪਾਬਨਾ ਜ਼ਿਲ੍ਹੇ ਵਿੱਚ ਪ੍ਰਸਿੱਧ ਬੰਗਲਾਦੇਸ਼ੀ ਸੰਗੀਤਕਾਰ ਅਤੇ ਆਵਾਮੀ ਲੀਗ ਦੇ ਸੱਭਿਆਚਾਰਿਕ ਸਕੱਤਰ ਪ੍ਰਲਯ ਚਾਕੀ ਦੀ ਹਿਰਾਸਤ ਵਿੱਚ ਮੌਤ ਦੀ ਸਖਤ ਨਿੰਦਿਆ ਕੀਤੀ ਹੈ ਅਤੇ ਮੈਡੀਕਲ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਹਿਰਾਸਤ ’ਚ ਉਹਨਾਂ ਦੀ ਸਿਹਤ ਤੇਜ਼ੀ ਨਾਲ ਖਰਾਬ ਹੋਣ ਦੇ ਬਾਵਜੂਦ ਉਹਨਾਂ ਦੇ ਪਰਿਵਾਰ ਨੂੰ ਸਮੇਂ ’ਤੇ ਸੂਚਿਤ ਨਹੀਂ ਕੀਤਾ ਗਿਆ ਅਤੇ ਜਰੂਰੀ ਮੈਡੀਕਲ ਇਲਾਜ ਯਕੀਨੀ ਬਣਾਉਣ ਵਿੱਚ ਗੰਭੀਰ ਲਾਪਰਵਾਹੀ ਕੀਤੀ ਗਈ।
