ਕਲਾਨੌਰ 29 ਜੁਲਾਈ 2024 (ਪੰਜਾਬੀ ਖਬਰਨਾਮਾ) : ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਮੈਂ ਆਪਣੀ ਬੇਬੇ (ਮਾਂ) ਹਰਬੰਸ ਕੌਰ ਨਾਲ ਬਾਰ ਵਿੱਚ ਆਪਣੇ ਨਾਨਕੇ ਪਿੰਡ 21 ਚੱਕ ਲਾਇਲਪੁਰ ਦੇ ਸ਼ਹਿਰ ਪੀਰ ਮੱਲਾਂ (ਪਾਕਿਸਤਾਨ) ਕਈ ਵਾਰ ਗੱਡੇ ਤੇ ਗਿਆ ਸੀ ਅਤੇ ਵੰਡ ਤੋਂ ਪਹਿਲਾਂ ਨਾਰੋਵਾਲ ਤੋਂ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਨੂੰ ਜਾਣ ਵਾਲੀ ਰੇਲ ਗੱਡੀ ਵਿੱਚ ਬੈਠ ਕੇ ਗੁਰਦੁਆਰਾ ਸ਼੍ਰੀ ਤਰਨ ਤਾਰਨ ਸਾਹਿਬ ਦੀ ਮੱਸਿਆ ਵੀ ਵੇਖੀ ਸੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਾਪੂ ਮੁਖਤਾਰ ਸਿੰਘ ਪੁੱਤਰ ਨਰਾਇਣ ਸਿੰਘ ਵਾਸੀ ਵਡਾਲਾ ਬਾਂਗਰ ਨੇ ਕੀਤਾ। ਬਾਪੂ ਮੁਖਤਾਰ ਸਿੰਘ ਨੇ ਕਿਹਾ ਕਿ ਭਾਰਤ ਪਾਕਿਸਤਾਨ ਬਟਵਾਰੇ ਦੀ ਲੀਕ ਰਾਵੀ ਕੰਢੇ ਪੈਂਦੇ ਬਲਾਕ ਕਲਾਨੌਰ ਦੇ ਜੱਦੀ ਪਿੰਡ ਚੰਦੂ ਵਡਾਲਾ ਦੀ ਜ਼ਮੀਨ ਵਿੱਚ ਖਿੱਚੀ ਗਈ ਸੀ।
ਬਾਪੂ ਮੁਖਤਾਰ ਸਿੰਘ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਉਸ ਨੂੰ ਪੂਰੀ ਹੋਸ਼ ਸੀ। ਉਹਨਾਂ ਕਿਹਾ ਕਿ ਵੰਡ ਤੋਂ ਪਹਿਲਾਂ ਉਹਨਾਂ ਦੇ ਪਿਤਾ ਅਤੇ ਦਾਦਾ ਪਿੰਡ ਚੰਦੂ ਵਡਾਲੇ ਦੀ ਜ਼ਮੀਨ ਵਿੱਚੋਂ ਅੱਧੀ ਜ਼ਮੀਨ ਦਾ ਮਾਮਲਾ ਸ਼ੱਕਰਗੜ ਤਹਿਸੀਲ ਅਤੇ ਅੱਧੀ ਜ਼ਮੀਨ ਦਾ ਮਾਮਲਾ ਗੁਰਦਾਸਪੁਰ ਤਹਿਸੀਲ ਵਿੱਚ ਜਮ੍ਹਾਂ ਕਰਵਾਉਣ ਜਾਂਦੇ ਸਨ। ਬਾਪੂ ਮੁਖਤਾਰ ਸਿੰਘ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਹਿੰਦੂ ਸਿੱਖ ਤੇ ਮੁਸਲਮਾਨ ਭਾਈਚਾਰਾ ਰਲ ਮਿਲ ਕੇ ਰਹਿੰਦਾ ਸੀ।
ਦੋਹਾਂ ਦੇਸ਼ਾਂ ਦੇ ਹੋਏ ਬਟਵਾਰੇ ਦੌਰਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਉਹਨਾਂ ਦੱਸਿਆ ਕਿ ਜਦੋਂ ਉਹ ਬਚਪਨ ਵਿੱਚ ਆਪਣੇ ਪਿੰਡ ਚੰਦੂ ਵਡਾਲੇ ਤੋਂ ਥੋੜੀ ਦੂਰ ਪੈਂਦੇ ਪਿੰਡ ਨੀਵਾਂ ਬਰੀਲਾ ਵਿਖੇ ਆਪਣੇ ਹਾਣ ਦੇ ਮੁੰਡਿਆਂ ਨਾਲ ਕਬੱਡੀ ਖੇਡ ਰਿਹਾ ਸੀ ਤਾਂ ਪਿੰਡ ਦੇ ਰੇਡੀਓ ਤੋਂ ਆਵਾਜ਼ ਆਈ ਕਿ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਵਿੱਚ ਹੀ ਰਹੇਗਾ ਤਾਂ ਮੁਸਲਮਾਨਾਂ ਨੇ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਬਾਅਦ ਵਿੱਚ ਰੇਡੀਓ ਤੇ ਖ਼ਬਰ ਆਈ ਕਿ ਗੁਰਦਾਸਪੁਰ ਜਿਲ੍ਹਾ ਭਾਰਤ ਵਿੱਚ ਹੀ ਰਹੇਗਾ ਤਾਂ ਸਿੱਖਾਂ ਹਿੰਦੂਆਂ ਵੱਲੋਂ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਸਨ।
ਮੁਖਤਾਰ ਸਿੰਘ ਨੇ ਕਿਹਾ ਕਿ ਜਦੋਂ ਮੁਸਲਮਾਨ ਭਾਈਚਾਰੇ ਦੇ ਲੋਕ ਵੰਡ ਦੌਰਾਨ ਪਾਕਿਸਤਾਨ ਜਾਣ ਲਈ ਰਾਵੀ ਦਰਿਆ ਤੇ ਪੈਂਦੇ ਤਿਮੋ ਦੇ ਪੱਤਣ ਤੇ ਇਕੱਠੇ ਹੋਏ ਤਾਂ ਉਹਨਾਂ ਦੇ ਘਰਾਂ ਵਿੱਚੋਂ ਸਿੱਖਾਂ, ਹਿੰਦੂਆਂ ਵੱਲੋਂ ਗੱਡਿਆਂ ਦੇ ਗੱਡੇ ਭਰ ਕੇ ਸਮਾਨ ਚੋਰੀ ਕੀਤਾ। ਮੁਖਤਾਰ ਸਿੰਘ ਨੇ ਦੱਸਿਆ ਕਿ ਚੰਦੂ ਵਡਾਲੇ ਦੇ ਜ਼ਿਆਦਾਤਰ ਲੋਕ ਪਿੰਡ ਵਡਾਲਾ ਬਾਂਗਰ ਵਿੱਚ ਵੀ ਵੱਸਦੇ ਸਨ ਅਤੇ ਉਸ ਦਾ ਤਾਇਆ ਮੈਹਨ ਸਿੰਘ ਪਿੰਡ ਵਡਾਲਾ ਬਾਂਗਰ ਵਿੱਚ ਰਹਿੰਦਾ ਸੀ ਜਦ ਕਿ ਉਸ ਦਾ ਬਾਪ ਚੰਦੂ ਵਡਾਲੇ ਰਹਿੰਦਾ ਸੀ।
ਵੰਡ ਦੌਰਾਨ ਜਦੋਂ ਉਹ ਆਪਣੇ ਪਿਤਾ ਨਾਲ ਗੱਡੇ ਦੇ ਸਮਾਨ ਲੱਦ ਕੇ ਵਡਾਲਾ ਬਾਂਗਰ ਨੂੰ ਆ ਰਹੇ ਸਨ ਕਿ ਸਾਡੇ ਗੱਡੇ ਨਾਲ ਇੱਕ ਹੋਰ ਗੱਡੇ ਤੇ ਪਿੰਡ ਬਰੀਲਾ ਦਾ ਤਰਖਾਣ ਮੁਸਲਮਾਨ ਔਰਤ ਨੂੰ ਜਬਰਦਸਤੀ ਆਪਣੇ ਗੱਡੇ ਤੇ ਲੱਦ ਕੇ ਲਿਆ ਰਿਹਾ ਸੀ ਅਤੇ ਵਡਾਲਾ ਬਾਂਗਰ ਮਸਤਕੋਟ ਦੇ ਦਰਮਿਆਨ ਜਿੱਥੇ ਇਸ ਵੇਲੇ ਭੱਠਾ ਹੈ, ਦੇ ਨੇੜੇ ਜਦੋਂ ਉਹਨਾਂ ਦੇ ਗੱਡੇ ਪਹੁੰਚੇ ਤਾਂ ਮਿਲਟਰੀ ਨੂੰ ਵੇਖ ਕੇ ਔਰਤ ਨੇ ਗੱਡੇ ਤੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਮੁਸਲਮਾਨ ਮਿਲਟਰੀ ਦੇ ਜਵਾਨ ਨੇ ਤਰਖਾਣ ਨੂੰ ਗੋਲੀ ਮਾਰ ਦਿੱਤੀ ਅਤੇ ਔਰਤ ਨੂੰ ਆਪਣੇ ਨਾਲ ਲੈ ਗਏ ਸਨ। ਮੁਖਤਾਰ ਸਿੰਘ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਜਿੱਥੇ ਲੱਖਾਂ ਹਿੰਦੂ, ਸਿੱਖ ਪਾਕਿਸਤਾਨ ਤੋਂ ਉਜੜ ਕੇ ਆਏ ਸਨ। ਉੱਥੇ ਲੱਖਾਂ ਮੁਸਲਮਾਨ ਵੀ ਇਥੋਂ ਉੱਜੜ ਗਏ ਸਨ। ਮੁਖਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਹੋਣ ਤੋਂ 20 ਸਾਲ ਬੇਟੇ ਨੇ ਜਨਮ ਲਿਆ ਸੀ।