7 ਅਗਸਤ 2024 : ਆਗਾਮੀ ਦਿਨਾਂ ’ਚ ਪੰਜਾਬ ਕਾਂਗਰਸ ਅੰਦਰ ਵੱਡਾ ਉਲਟਫੇਰ ਹੋਣ ਦੀਆਂ ਸੰਭਾਵਨਾਵਾਂ ਹਨ। ਕਾਂਗਰਸ ਹਲਕਿਆਂ ਵਿਚ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਅਗਲੇ ਦਿਨਾਂ ਵਿਚ ਪ੍ਰਦੇਸ਼ ਕਾਂਗਰਸ ਨੂੰ ਨਵਾਂ ਪ੍ਰਧਾਨ ਦੇ ਸਕਦੀ ਹੈ। ਵਿਜੈ ਇੰਦਰ ਸਿੰਗਲਾਂ ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਹ ਰਾਹੁਲ ਗਾਂਧੀ ਦੀ ਟੀਮ ਵਿਚ ਮੰਨੇ ਜਾਂਦੇ ਹਨ। ਸਭ ਤੋਂ ਅਹਿਮ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸਿੰਗਲਾ ਦੀ ਪੈਰਵਾਈ ਕਰ ਰਹੇ ਹਨ।

ਪਤਾ ਲੱਗਿਆ ਹੈ ਕਿ ਕਾਂਗਰਸ ਹਾਈਕਮਾਨ ਨੇ ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖਦੇ ਹੋਏ ਪੰਜਾਬ ਵਿਚ ਲੀਡਰਸ਼ਿਪ ਵਿਚ ਬਦਲਾਅ ਕਰਨ ਦਾ ਮੰਨ ਬਣਾ ਲਿਆ ਹੈ। ਸੂਬੇ ਦੀਆਂ ਬਦਲ ਰਹੀਆਂ ਸਿਆਸੀ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਕਾਂਗਰਸ ਹਾਈਕਮਾਨ ਸੂਬੇ ਵਿਚ ਹਿੰਦੂ ਤੇ ਦਲਿਤ ਲੀਡਰਸ਼ਿਪ ਨੂੰ ਉਭਾਰਨਾ ਚਾਹੁੰਦੀ ਹੈ, ਕਿਉਕਿ ਭਾਜਪਾ ਤੇ ਆਮ ਆਦਮੀ ਵੀ ਇਸੇ ਏਜੰਡੇ ਉਤੇ ਚੱਲ ਰਹੀ ਹੈ।

ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਸੂਬਾਈ ਆਗੂਆਂ ਨੇ ਹਾਈਕਮਾਨ ਨੂੰ ਦਲੀਲ ਦਿੱਤੀ ਹੈ ਕਿ ਪਾਰਟੀ ਪ੍ਰਧਾਨ ਅਤੇ ਵਿਰੋਧੀ ਧਿਰ ਦਾ ਅਹੁਦਾ ਇਸ ਵਕਤ ਜੱਟ ਭਾਈਚਾਰੇ ਨਾਲ ਸਬੰਧਤ ਆਗੂਆਂ ਕੋਲ ਹਨ, ਇਹਨਾਂ ਵਿਚੋ ਇਕ ਅਹੁਦਾ ਹਿੰਦੂ ਚਿਹਰੇ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿਸ ਕਰਕੇ ਪ੍ਰਧਾਨਗੀ ਦਾ ਅਹੁਦਾ ਹਿੰਦੂ ਨੇਤਾ ਨੂੰ ਦਿੱਤਾ ਜਾਣਾ ਚਾਹੀਦਾ ਹੈ। ਪਤਾ ਲੱਗਿਆ ਹੈ ਕਿ ਰਾਜਾ ਵੜਿੰਗ ਖੁਦ ਸਿੰਗਲਾ ਨੂੰ ਪ੍ਰਧਾਨ ਬਣਾਉਣ ਲਈ ਲਾਮਬੰਦੀ ਕਰ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਦਾ ਇਕ ਧੜਾ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਮਨਾਉਣ ਦੀਆਂ ਦਲੀਲਾਂ ਦੇ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਸੁਨੀਲ ਜਾਖੜ ਨਾਲ ਰਾਬਤਾ ਬਣਾਉਣ ਦਾ ਯਤਨ ਵੀ ਸ਼ੁਰੂ ਕੀਤਾ ਹੋਇਆ ਹੈ।

ਜਾਖੜ ਦੀ ਸਾਬਕਾ ਮੁੱਖ ਮੰਤਰੀ ਹੁਣ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਨਾਲ ਨਾਰਾਜ਼ਗੀ ਦੱਸੀ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋ ਲਾਂਭੇ ਕਰਨ ਮੌਕੇ ਜ਼ਿਆਦਾਤਰ ਕਾਂਗਰਸੀਆਂ ਨੇ ਸੁਨੀਲ ਜਾਖੜ ’ਤੇ ਭਰੋਸਾ ਪ੍ਰਗਟ ਕੀਤਾ ਸੀ ਪਰ ਪਾਰਟੀ ਨੇ ਸੂਬੇ ਵਿਚ ਦਲਿਤ ਪੱਤਾ ਖੇਡਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ ਜਿਸ ਕਰਕੇ ਜਾਖੜ ਨਾਰਾਜ਼ ਹੋ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਜਾਖੜ ਦਾ ਹਿੰਦੂ ਅਤੇ ਕਿਸਾਨ ਵਰਗ ਵਿਚ ਚੰਗਾ ਆਧਾਰ ਹੈ। ਕਾਂਗਰਸ ਦੇ ਸੀਨੀਅਰ ਅਤੇ ਨਵੀਂ ਪੀੜ੍ਹੀ ਦੇ ਆਗੂਆਂ ਨਾਲ ਜਾਖੜ ਦੇ ਚੰਗੇ ਸਬੰਧ ਹਨ। ਜਾਖੜ ਇਸ ਵਕਤ ਵਿਦੇਸ਼ ਦੌਰੇ ’ਤੇ ਸਵਿਟਜ਼ਰਲੈਂਡ ਗਏ ਹੋਏ ਹਨ ਜਿਸ ਕਰ ਕੇ ਉਨ੍ਹਾਂ ਨਾਲ ਗੱਲਬਾਤ ਨਹੀ ਹੋ ਸਕੀ ਪਰ ਜਾਖੜ ਦੇ ਕਰੀਬੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਜਾਖੜ ਭਾਜਪਾ ਵਿਚ ਹੀ ਰਹਿਣਗੇ।

ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ਼ ਕਿਸ ਨੇਤਾ ਦੇ ਸਿਰ ਸਜੇਗਾ, ਫਿਲਹਾਲ ਸਾਰੀਆਂ ਧਿਰਾਂ ਨੇ ਪ੍ਰਧਾਨਗੀ ਨੂੰ ਲੈ ਕੇ ਲਾਮਬੰਦੀ ਸ਼ੁਰੂ ਕੀਤੀ ਹੋਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।