28 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਨੇ ਬੋਟਸ (ਕੰਪਿਊਟਰ ਪ੍ਰੋਗਰਾਮ) ਰਾਹੀਂ ਹਾਸਲ ਕੀਤੀਆਂ ਗਈਆਂ ਲਗਭਗ 2,000 ਵੀਜ਼ਾ ਅਪੌਂਇੰਟਮੈਂਟਾਂ ਨੂੰ ਰੱਦ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਏਜੰਟਾਂ ਵੱਲੋਂ ਧੋਖੇ ਨਾਲ ਹਾਸਲ ਕੀਤੀਆਂ ਅਪੌਂਇੰਟਮੈਂਟ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ। ਇਹ ਜਾਣਕਾਰੀ ਅਮਰੀਕੀ ਦੂਤਾਵਾਸ ਨੇ ਐਕਸ ਉਤੇ ਇੱਕ ਪੋਸਟ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਹੈ।
ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵੀਜ਼ਾ ਲਈ ਭਾਰਤ ਤੋਂ ਤਰੀਕ ਲੈਣ ਲਈ ਲੋਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਕਾਰਨ ਲੋਕ ਏਜੰਟਾਂ ਕੋਲ ਜਾਂਦੇ ਹਨ ਤੇ ਏਜੰਟ ਇਕ ਵਿਅਕਤੀ ਦੀ ਅਪੌਇੰਟਮੈਂਟ ਲੈਣ ਲਈ ਮੋਟੇ ਪੈਸੇ ਲੈਂਦੇ ਹਨ ਤੇ ਉਨ੍ਹਾਂ ਵੱਲੋਂ ਰੋਬੋਟ ਤੇ ਕੰਪਿਊਟਰੀ ਪ੍ਰੋਗਰਾਮ ਜ਼ਰੀਏ ਇਹ ਤਰੀਕਾਂ ਹਾਸਲ ਕੀਤੀਆਂ ਜਾਂਦੀਆਂ ਹਨ ਜਿਸ ਪ੍ਰਤੀ ਅਮਰੀਕਾ ਨੇ ਸਖਤੀ ਕੀਤੀ ਹੈ।
ਅਮਰੀਕੀ ਦੂਤਾਵਾਸ ਨੇ ਪੋਸਟ ਵਿਚ ਲਿਖਿਆ, “ਕੌਂਸਲਰ ਟੀਮ ਇੰਡੀਆ ਨੇ ਅਜਿਹੇ ਗਲਤ ਲੋਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਲਗਭਗ 2,000 ਵੀਜ਼ਾ ਅਪੌਂਇੰਟਮੈਂਟ ਲਈਆਂ ਹਨ, ਜੋ ਸਾਡੀ ਸਮਾਂ-ਸਾਰਣੀ ਨੀਤੀਆਂ ਦੀ ਉਲੰਘਣਾ ਕਰਦੇ ਹਨ।” ਤੁਰੰਤ ਪ੍ਰਭਾਵੀ, ਅਸੀਂ ਇਨ੍ਹਾਂ ਅਪੌਂਇੰਟਮੈਂਟ ਨੂੰ ਰੱਦ ਕਰ ਰਹੇ ਹਾਂ। ਸਾਡੇ ਕੋਲ ਧੋਖਾਧੜੀ ਲਈ ਜ਼ੀਰੋ ਸਹਿਣਸ਼ੀਲਤਾ ਹੈ।”
ਦਿੱਲੀ ਪੁਲਿਸ ਦੀ ਜਾਂਚ ਵਿੱਚ 30 ਤੋਂ ਵੱਧ ਲੋਕਾਂ ਦੇ ਨਾਮ ਸ਼ਾਮਲ ਹਨ
ਬਿਜ਼ਨਸ ਸਟੈਂਡਰਡ ਦੀ ਰਿਪੋਰਟ ਦੇ ਅਨੁਸਾਰ ਦੂਤਾਵਾਸ ਦੀ ਇਹ ਘੋਸ਼ਣਾ ਫਰਵਰੀ ਵਿੱਚ ਦਿੱਲੀ ਪੁਲਿਸ ਕੋਲ ਇੱਕ ਰਸਮੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਆਈ ਹੈ। 27 ਫਰਵਰੀ ਨੂੰ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਦੇ 30 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਉਤੇ ਮਈ ਤੋਂ ਅਗਸਤ 2024 ਦਰਮਿਆਨ ਅਮਰੀਕਾ ਦਾ ਵੀਜ਼ਾ ਹਾਸਲ ਕਰਨ ਲਈ ਕਥਿਤ ਤੌਰ ‘ਤੇ ਜਾਅਲੀ ਦਸਤਾਵੇਜ਼ ਜਮ੍ਹਾ ਕਰਨ ਦਾ ਦੋਸ਼ ਹੈ।
ਦਿੱਲੀ ਪੁਲਿਸ ਨੇ ਭਾਰਤੀ ਨਿਆਂਇਕ ਸੰਹਿਤਾ ਦੀ ਧਾਰਾ 318, 336 ਅਤੇ 340 ਅਤੇ ਆਈਟੀ ਐਕਟ ਦੀ ਧਾਰਾ 66 (ਡੀ) ਦੇ ਤਹਿਤ ਦੋਸ਼ ਦਾਇਰ ਕੀਤੇ ਹਨ। ਇਸ ਵਿਚ ਸ਼ਾਮਲ ਹੋਰ ਲੋਕਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅਮਰੀਕੀ ਦੂਤਾਵਾਸ ਨੇ ਇਸ ਮਾਮਲੇ ਨੂੰ ‘ਇੱਕ ਗੰਭੀਰ ਸੁਰੱਖਿਆ ਮਾਮਲਾ ਜੋ ਅਮਰੀਕਾ ਅਤੇ ਭਾਰਤ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ’ ਦੱਸਿਆ ਹੈ ਅਤੇ ਭਾਰਤੀ ਅਧਿਕਾਰੀਆਂ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਹੈ।
ਸੰਖੇਪ: ਹੁਣ ਅਮਰੀਕਾ ਜਾਣਾ ਹੋਇਆ ਔਖਾ! ਭਾਰਤ ਵਿੱਚ ਕਈ ਏਜੰਟਾਂ ਵੱਲੋਂ ਲਿਆਈਆਂ ਵਿੱਜ਼ਾ ਐਪੋਇੰਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ।