ਅਮਰੀਕਾ, 30 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ ਟੈਰਿਫ ਸੰਬੰਧੀ ਵੱਡਾ ਬਿਆਨ ਦਿੱਤਾ ਹੈ। ਟਰੰਪ ਦੁਆਰਾ ਕਿਹਾ ਗਿਆ ਹੈ ਕਿ ਭਾਰਤ-ਅਮਰੀਕਾ ਦਾ ਵਪਾਰ ਬਹੁਤ ਵਧੀਆ ਚਲ ਰਿਹਾ ਹੈ, ਇਸ ’ਚ ਉਨ੍ਹਾਂ ਦੁਆਰਾ ਨਵੀਂ ਦਿੱਲੀ ’ਤੇ 20 ਤੋਂ 25 ਫੀਸਦੀ ਟੈਰਿਫ ਲਾਉਣ ਦਾ ਸੰਕੇਤ ਦਿੱਤਾ ਗਿਆ ਹੈ।
ਟਰੰਪ ਨੇ ਭਾਰਤ-ਪਾਕਿਸਤਾਨ ਯੁੱਧ ਦਾ ਫਿਰ ਕੀਤਾ ਜ਼ਿਕਰ
ਇਕ ਪੱਤਰਕਾਰ ਦੁਆਰਾ ਪੁੱਛੇ ਜਾਣ ’ਤੇ ਕਿ, ਕੀ ਭਾਰਤ 20-25% ਟੈਰਿਫ ਦਾ ਭੁਗਤਾਨ ਕਰੇਗਾ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ, “ ਹਾਂ, ਮੈਨੂੰ ਲੱਗਦਾ ਹੈ, ਭਾਰਤ ਮੇਰਾ ਦੋਸਤ ਹੈ, ਉਨ੍ਹਾਂ ਦੁਆਰਾ ਮੇਰੀ ਬੇਨਤੀ ’ਤੇ ਪਾਕਿਸਤਾਨ ਨਾਲ ਯੁੱਧ ਖ਼ਤਮ ਕਰ ਦਿੱਤਾ ਗਿਆ… ਪਰ ਅਜੇ ਭਾਰਤ ਨਾਲ ਸਮਝੌਤਾ ਪੂਰੀ ਤਰ੍ਹਾਂ ਪੱਕਾ ਨਹੀਂ ਹੋਇਆ ਹੈ। ਭਾਰਤ ਇਕ ਵਧੀਆ ਦੋਸਤ ਰਿਹਾ ਹੈ, ਪਰ ਭਾਰਤ ਨੇ ਮੂਲ ਰੂਪ ’ਚ ਬਾਕੀ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਟੈਰਿਫ ਲਾਏ ਹਨ।”
ਪਰ ਅਜੇ ਤੱਕ, ਟਰੰਪ ਦੁਆਰਾ ਨਵੀਂ ਦਿੱਲੀ ’ਤੇ ਲਗਾਏ ਟੈਰਿਫ ਦੇ ਐਲਾਨ ਸੰਬੰਧੀ ਕੋਈ ਪੱਤਰ ਨਹੀਂ ਭੇਜਿਆ ਗਿਆ, ਜਿਵੇਂ ਬਾਕੀ ਦੇਸ਼ਾਂ ਨੂੰ ਭੇਜੇ ਗਏ ਸੀ। ਅਮਰੀਕਾ ਦੁਆਰਾ ਭਾਰਤ ’ਤੇ ਟੈਰਿਫ ਲਾਉਣ ਦੀ ਤਰੀਕ 1 ਅਗਸਤ ਤੈਅ ਕੀਤੀ ਗਈ ਹੈ।
ਭਾਰਤ ਨਾਲ ਰਿਹਾ ਹੈ ਮਿੱਤਰਤਾਪੂਰਣ ਸੰਬੰਧ- ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਾਡਾ ਇਕ ਵਧੀਆ ਦੋਸਤ ਰਿਹਾ ਹੈ। ਪਰ ਭਾਰਤ ਦੁਆਰਾ ਪਿਛਲੇ ਕੁਝ ਸਾਲਾਂ ’ਚ ਬਾਕੀ ਦੇਸ਼ਾਂ ਦੇ ਮੁਕਾਬਲੇ ਜਿਆਦਾ ਟੈਰਿਫ ਲਾਏ ਗਏ ਹਨ ਪਰ ਹੁਣ ਅਸੀਂ ਤਿਆਰ ਹਾਂ ਤੇ ਹੁਣ ਅਜਿਹਾ ਨਹੀਂ ਹੋਵੇਗਾ। ਮੈਨੂੰ ਲੱਗਦਾ ਹੈ ਕਿ ਵਪਾਰਕ ਸੌਦੇ ਵਧੀਆ ਚੱਲ ਰਹੇ ਹਨ। ਉਮੀਦ ਹੈ ਕਿ ਸਾਰਿਆਂ ਲਈ, ਪਰ ਸੰਯੁਕਤ ਰਾਜ ਅਮਰੀਕਾ ਲਈ, ਉਹ ਬਹੁਤ ਵਧੀਆ ਹਨ।
ਬ੍ਰਾਜ਼ੀਲ ਸਮੇਤ ਕਈ ਦੇਸ਼ਾਂ ’ਚ 50% ਤੱਕ ਉੱਚੀਆਂ ਦਰਾਂ ਦਾ ਕੀਤਾ ਐਲਾਨ
ਟਰੰਪ ਦੁਆਰਾ ਬ੍ਰਾਜ਼ੀਲ ਸਮੇਤ ਕਈ ਦੇਸ਼ਾਂ ’ਚ 50% ਤੱਕ ਦੀਆਂ ਉੱਚੀਆਂ ਦਰਾਂ ਦਾ ਐਲਾਨ ਕੀਤਾ ਗਿਆ ਹੈ। ਸ਼ਾਸਨ ’ਚ ਆਉਣ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨੂੰ ਵਪਾਰ ’ਚ ਹੋ ਰਹੇ ਘਾਟੇ ਨੂੰ ਵਾਧੇ ’ਚ ਬਦਲਾਂਗੇ। ਸ਼ਾਸਨ ’ਚ ਆਉਣ ਤੋਂ ਬਾਅਦ ਟਰੰਪ ਦੁਆਰਾ ਟੈਰਿਫ ਲਗਾਉਣ ਦੀ ਚਾਲ ਚੱਲੀ ਗਈ, ਜੋ ਅਜੇ ਤੱਕ ਜਾਰੀ ਹੈ।
ਅਮਰੀਕਾ ਨਾਲ ਯੂਰਪੀਅਨ ਯੂਨੀਅਨ ਦਾ ਹੋਇਆ ਸਮਝੌਤਾ
ਟੈਰਿਫ ਮੁੱਦੇ ਨੂੰ ਲੈ ਕੇ ਯੂਰਪੀਅਨ ਯੂਨੀਅਨ ਤੇ ਅਮਰੀਕਾ (European Union Trade Deal)’ਚ ਐਤਵਾਰ ਨੂੰ ਸਮਝੌਤਾ ਹੋਇਆ ਹੈ। ਇਸ ਸਮਝੌਤੇ ਅਨੁਸਾਰ ਅਮਰੀਕਾ ਨੇ ਯੂਰਪੀ ਯੂਨੀਅਨ ਦੇ ਕਈ ਉਤਪਾਦਾਂ ’ਤੇ 15% ਟੈਰਿਫ ਲਗਾਇਆ ਗਿਆ ਹੈ। ਇਸ ਸਮਝੌਤੇ ’ਚ ਯੂਰਪੀ ਕੰਪਨੀਆਂ ਦੁਆਰਾ ਅਮਰੀਕਾ ’ਚ 600 ਅਰਬ ਡਾਲਰ ਦਾ ਨਿਵੇਸ਼ ਤੇ ਅਗਲੇ ਆਉਣ ਵਾਲੇ ਤਿੰਨ ਸਾਲਾਂ ’ਚ 750 ਅਰਬ ਡਾਲਰ ਦੀ ਊਰਜਾ ਖ਼ਰੀਦ ਵੀ ਸ਼ਾਮਲ ਕੀਤੀ ਗਈ ਹੈ।
ਸੰਖੇਪ: ਟਰੰਪ ਨੇ ਭਾਰਤ ’ਤੇ 20–25% ਟੈਰਿਫ ਲਾਉਣ ਦੇ ਸੰਕੇਤ ਦਿੱਤੇ, ਕਿਹਾ ਭਾਰਤ ਮਿੱਤਰ ਹੈ ਪਰ ਵਪਾਰਿਕ ਸੰਤੁਲਨ ਲਈ ਕੜੇ ਕਦਮ ਲਾਜ਼ਮੀ ਹਨ।