13 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ, ਅਮਰੀਕੀ ਫੌਜ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਅਮਰੀਕਾ ਹੁਣ ਇਰਾਨ ਦੀਆਂ ਬੰਦਰਗਾਹਾਂ ਤੋਂ ਹੋਣ ਵਾਲੀ ਸਾਰੀ ਸਮੁੰਦਰੀ ਆਵਾਜਾਈ (ਆਉਣ-ਜਾਣ ਵਾਲੇ ਜਹਾਜ਼ਾਂ) ‘ਤੇ ਪੂਰੀ ਤਰ੍ਹਾਂ ਰੋਕ ਲਗਾ ਦੇਵੇਗਾ। ਇਹ ਇੱਕ ਤਰ੍ਹਾਂ ਦੀ ਆਰਥਿਕ ਨਾਕਾਬੰਦੀ ਹੋਵੇਗੀ, ਜਿਸ ਤਹਿਤ ਕੱਚੇ ਤੇਲ ਅਤੇ ਗੈਸ ਨਾਲ ਲੱਦੇ ਸਮੁੰਦਰੀ ਬੇੜਿਆਂ ਨੂੰ ਚੱਲਣ ਤੋਂ ਰੋਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਤੇਲ ਅਤੇ ਗੈਸ ਹੀ ਇਰਾਨ ਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ ਹਨ, ਜਿਨ੍ਹਾਂ ਨੂੰ ਰੋਕ ਕੇ ਅਮਰੀਕਾ ਇਰਾਨ ‘ਤੇ ਆਰਥਿਕ ਦਬਾਅ ਬਣਾਉਣ ਜਾ ਰਿਹਾ ਹੈ।

ਅਮਰੀਕੀ ਸੈਂਟਰਲ ਕਮਾਂਡ (ਸੈਂਟਕਾਮ) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ਰਾਹੀਂ ਜਾਣਕਾਰੀ ਦਿੱਤੀ ਹੈ ਕਿ ਰਾਸ਼ਟਰਪਤੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਅਮਰੀਕੀ ਫੌਜੀ ਬਲ 13 ਅਪਰੈਲ ਨੂੰ ਸਵੇਰੇ 10 ਵਜੇ (ਅਮਰੀਕੀ ਸਮੇਂ ਅਨੁਸਾਰ) ਤੋਂ ਇਰਾਨ ਦੀਆਂ ਬੰਦਰਗਾਹਾਂ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੀ ਸਾਰੀ ਸਮੁੰਦਰੀ ਆਵਾਜਾਈ ਦੀ ਨਾਕਾਬੰਦੀ ਲਾਗੂ ਕਰਨਾ ਸ਼ੁਰੂ ਕਰ ਦੇਣਗੇ।

ਭਾਰਤੀ ਸਮੇਂ ਅਨੁਸਾਰ ਇਹ ਨਾਕਾਬੰਦੀ ਸੋਮਵਾਰ 13 ਅਪਰੈਲ ਨੂੰ ਸ਼ਾਮ 7:30 ਵਜੇ ਦੇ ਕਰੀਬ ਲਾਗੂ ਹੋਵੇਗੀ।

ਅਮਰੀਕੀ ਸੈਂਟਕਾਮ ਨੇ ਸਪਸ਼ਟ ਕੀਤਾ ਹੈ ਕਿ ਇਹ ਨਾਕਾਬੰਦੀ ਇਰਾਨ ਦੀਆਂ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਵਿੱਚ ਦਾਖਲ ਹੋਣ ਜਾਂ ਉੱਥੋਂ ਬਾਹਰ ਜਾਣ ਵਾਲੇ ਸਾਰੇ ਦੇਸ਼ਾਂ ਦੇ ਜਹਾਜ਼ਾਂ ‘ਤੇ ਬਿਨਾਂ ਕਿਸੇ ਪੱਖਪਾਤ ਦੇ ਸਖ਼ਤੀ ਨਾਲ ਲਾਗੂ ਕੀਤੀ ਜਾਵੇਗੀ। ਇਸ ਘੇਰਾਬੰਦੀ ਦੇ ਦਾਇਰੇ ਵਿੱਚ ਫਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਵਿੱਚ ਸਥਿਤ ਇਰਾਨ ਦੀਆਂ ਸਾਰੀਆਂ ਬੰਦਰਗਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਅਮਰੀਕੀ ਫੌਜ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਂਟਕਾਮ ਦੇ ਬਲ ਉਨ੍ਹਾਂ ਜਹਾਜ਼ਾਂ ਨੂੰ ਨਹੀਂ ਰੋਕਣਗੇ ਜੋ ਹੋਰਮੁਜ਼ ਜਲਮਾਰਗ ਰਾਹੀਂ ਅਜਿਹੀਆਂ ਬੰਦਰਗਾਹਾਂ ‘ਤੇ ਜਾ ਰਹੇ ਹਨ ਜਿਨ੍ਹਾਂ ਦਾ ਸਬੰਧ ਇਰਾਨ ਨਾਲ ਨਹੀਂ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਅਮਰੀਕਾ ਸਾਊਦੀ ਅਰਬ, ਬਹਿਰੀਨ, ਕਤਰ, ਯੂਏਈ, ਕੁਵੈਤ ਅਤੇ ਇਰਾਕ ਵਰਗੇ ਹੋਰ ਖਾੜੀ ਦੇਸ਼ਾਂ ਦੇ ਸਮੁੰਦਰੀ ਵਪਾਰ ਵਿੱਚ ਕੋਈ ਰੁਕਾਵਟ ਨਹੀਂ ਪਾਵੇਗਾ ਅਤੇ ਉੱਥੇ ਵਪਾਰਕ ਸਹੂਲਤਾਂ ਜਾਰੀ ਰਹਿਣਗੀਆਂ।

ਸਮੁੰਦਰੀ ਰਸਤਿਆਂ ਰਾਹੀਂ ਵਪਾਰ ਕਰਨ ਵਾਲੇ ਮਲਾਹਾਂ ਨੂੰ ਕਿਹਾ ਗਿਆ ਹੈ ਕਿ ਨਾਕਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਰਸਮੀ ਨੋਟਿਸ ਰਾਹੀਂ ਹੋਰ ਜ਼ਰੂਰੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਓਮਾਨ ਦੀ ਖਾੜੀ ਅਤੇ ਹੋਰਮੁਜ਼ ਜਲਮਾਰਗ ਵਾਲੇ ਇਲਾਕਿਆਂ ਵਿੱਚ ਕੰਮ ਕਰਨ ਦੌਰਾਨ ਉਨ੍ਹਾਂ ਨੂੰ ਅਮਰੀਕੀ ਜਲ ਸੈਨਾ ਦੇ ਨਿਰੰਤਰ ਸੰਪਰਕ ਵਿੱਚ ਰਹਿਣ ਦੀ ਹਦਾਇਤ ਵੀ ਕੀਤੀ ਗਈ ਹੈ। ਅਮਰੀਕੀ ਫੌਜ ਨੇ ਮਲਾਹਾਂ ਨੂੰ ‘ਚੈਨਲ 16’ ਰਾਹੀਂ ਸੰਪਰਕ ਕਰਨ ਲਈ ਕਿਹਾ ਹੈ, ਜੋ ਸਮੁੰਦਰ ਵਿੱਚ ਜਹਾਜ਼ਾਂ ਵਿਚਕਾਰ ਸੰਚਾਰ ਦਾ ਖੁੱਲ੍ਹਾ ਮਾਧਿਅਮ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।