ਬਠਿੰਡਾ, 23 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਵਿਚ ਤੇਜ਼ੀ ਨਾਲ ਹੋ ਰਹੇ ਧਰਮ ਪਰਿਵਰਤਨ ਖ਼ਿਲਾਫ਼ ਹਿੰਦੂ ਅਤੇ ਸਿੱਖ ਸੰਤਾਂ ਨੇ ਐਤਵਾਰ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਬਿਗਲ ਵਜਾ ਦਿੱਤਾ। ਸਾਰੇ ਸੰਤਾਂ ਨੇ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਕਿ ਹੋਰ ਦੇਸ਼ਾਂ ਵਿਚ ਬਹੁਗਿਣਤੀ ਭਾਈਚਾਰੇ ਦੇ ਲੋਕ ਘੱਟ ਗਿਣਤੀਆਂ ਦਾ ਧਰਮ ਪਰਿਵਰਤਨ ਕਰਵਾਉਂਦੇ ਹਨ ਪਰ ਭਾਰਤ ਵਿਚ ਇਸ ਦੇ ਉਲਟ ਹੋ ਰਿਹਾ ਹੈ। ਭਾਰਤ ਵਿਚ ਘੱਟ ਗਿਣਤੀ ਲੋਕ ਬਹੁਗਿਣਤੀ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ। ਸੰਮੇਲਨ ਵਿਚ ਇਹ ਸੰਘਰਸ਼ ਕਰਨ ਦਾ ਸੰਕਲਪ ਲਿਆ ਗਿਆ ਕਿ ਧਰਮ ਪਰਿਵਰਤਨ ਖ਼ਿਲਾਫ਼ ਜੰਗ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ ਅਤੇ ਇਸ ਦੇ ਖ਼ਿਲਾਫ਼ ਸਪੈਸ਼ਲ ਕਮੇਟੀਆਂ ਬਣਾਈਆਂ ਜਾਣਗੀਆਂ। ਪੰਜਾਬ ਦੇ ਹਰ ਮੰਦਰ ਤੇ ਗੁਰਦੁਆਰੇ ਵਿਚ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਦੂਜੇ ਧਰਮ ਵਿਚ ਜਾ ਚੁੱਕੇ ਲੋਕਾਂ ਦੀ ਘਰ ਵਾਪਸੀ ਕਰਵਾਈ ਜਾਵੇਗੀ। ਮੰਦਰਾਂ ਅਤੇ ਗੁਰਦੁਆਰਿਆਂ ਨੂੰ ਆਪਣੇ ਟੀਚੇ ਫਿਕਸ ਕਰਨੇ ਪੈਣਗੇ।

ਸੰਮੇਲਨ ਵਿਚ ਪੰਜਾਬ ਦੇ ਨਾਲ-ਨਾਲ ਰਾਜਸਥਾਨ, ਹਰਿਦੁਆਰ ਅਤੇ ਅਮਰੀਕਾ ਦੇ ਸੰਤਾਂ ਨੇ ਭਾਗ ਲਿਆ। ਸੰਮੇਲਨ ਵਿਚ ਮਹਾਮੰਡਲੇਸ਼ਵਰ ਸਵਾਮੀ ਰੂਪੇਂਦਰ ਪ੍ਰਕਾਸ਼ ਮਹਾਰਾਜ, ਸਵਾਮੀ ਹਠਯੋਗੀ ਮਹਾਰਾਜ, ਸਵਾਮੀ ਪ੍ਰਬੋਧਾਨੰਦ ਗਿਰੀ ਮਹਾਰਾਜ, ਸਵਾਮੀ ਅਨੰਤਾਨੰਦ ਮਹਾਰਾਜ, ਮਹੰਤ ਰਾਘਵੇਂਦਰ ਦਾਸ ਮਹਾਰਾਜ, ਮਹੰਤ ਸੂਰਿਆਂਸ ਮੁਨੀ ਮਹਾਰਾਜ, ਸੰਤ ਰਾਮ ਵਿਸ਼ਾਲ ਦਾਸ ਮਹਾਰਾਜ, ਸਵਾਮੀ ਸਰਵਾਨੰਦ ਗਿਰੀ ਮਹਾਰਾਜ, ਹਰਦੇਵ ਸਿੰਘ ਰਾਜਸਥਾਨ, ਸੰਤ ਹਰਜੋਤ ਸਿੰਘ, ਸੰਤ ਗੁਰਪ੍ਰੀਤ ਸਿੰਘ ਕੈਲੀਫੋਰਨੀਆ, ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਧੀ, ਮਹੰਤ ਅਤੁਲ ਕ੍ਰਿਤਵ ਮਹਾਰਾਜ, ਮਹੰਤ ਪ੍ਰਭਜੋਤ ਸਿੰਘ ਮਹਾਰਾਜ, ਸੁਪਰੀਮ ਕੋਰਟ ਦੇ ਵਕੀਲ ਅਸ਼ਵਨੀ ਉਪਾਧਿਆਏ, ਆਰਐੱਸਐੱਸ ਦੇ ਰਾਮ ਗੋਪਾਲ ਅਤੇ ਦਸਮੇਸ਼ ਤਰਨਾ ਦਲ ਦੇ ਜ਼ਿਲ੍ਹਾ ਬਠਿੰਡਾ ਦੇ ਜਥੇਦਾਰ ਬਾਬਾ ਬਲਮ ਸਿੰਘ ਆਦਿ ਮੌਜੂਦ ਰਹੇ। ਸੰਮੇਲਨ ਦੇ ਸੰਚਾਲਕ ਸੁਖਪਾਲ ਸਰਾਂ, ਆਸ਼ੂਤੋਸ਼ ਤਿਵਾਰੀ ਅਤੇ ਸੰਦੀਪ ਅਗਰਵਾਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ।

ਦਸਮੇਸ਼ ਤਰਨਾ ਦਲ ਦੇ ਜ਼ਿਲ੍ਹਾ ਬਠਿੰਡਾ ਦੇ ਜਥੇਦਾਰ ਬਾਬਾ ਬਲਮ ਸਿੰਘ ਨੇ ਕਿਹਾ ਕਿ ਈਸਾਈ ਲੋਕ ਗਰੀਬ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ। ਇਸ ਨੂੰ ਰੋਕਣ ਲਈ ਸਾਨੂੰ ਆਪਣੇ ਆਸ-ਪਾਸ ਦੇ ਗਰੀਬ ਲੋਕਾਂ ਦੀ ਪਛਾਣ ਕਰਨੀ ਹੋਵੇਗੀ। ਗਰੀਬ ਘਰਾਂ ਦੀਆਂ ਧੀਆਂ ਦਾ ਵਿਆਹ ਕਰਵਾਇਆ ਜਾਵੇਗਾ, ਲੋੜਵੰਦ ਲੋਕਾਂ ਦੇ ਘਰ ਬਣਾ ਕੇ ਦਿੱਤੇ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਿਸੇ ਪਗੜੀਧਾਰੀ ਸਿੱਖ ਨੂੰ ਈਸਾਈ ਬਣਦੇ ਦੇਖਿਆ ਤਾਂ ਫਿਰ ਉਸ ਦੀ ਖੈਰ ਨਹੀਂ।

ਹਰਿਦਵਾਰ ਤੋਂ ਆਏ ਸਵਾਮੀ ਅਨੰਤਾਨੰਦ ਨੇ ਕਿਹਾ ਕਿ ਇਹ ਕਿੰਨਾ ਦੁਖਦਾਈ ਹੈ ਕਿ ਗੁਰੂਆਂ ਦੀ ਧਰਤੀ ਪੰਜਾਬ ਵਿਚ ਦੁਨੀਆ ਦੀ ਸਭ ਤੋਂ ਵੱਡੀ ਚਰਚ ਬਣੀ ਹੋਈ ਹੈ। ਆਤਮ-ਸਨਮਾਨ ਤੇ ਸੱਭਿਆਚਾਰ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਧਰਮ ਪਰਿਵਰਤਨ ਹੌਲ਼ਾ ਜ਼ਹਿਰ ਹੈ ਜੋ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਸੰਤ ਬਾਬਾ ਕਰਮਜੀਤ ਸਿੰਘ ਨੇ ਕਿਹਾ ਕਿ ਆਪਣਾ ਧਰਮ ਛੱਡ ਕੇ ਕਿਸੇ ਨੂੰ ਵੀ ਆਨੰਦ ਨਹੀਂ ਮਿਲ ਸਕਦਾ। ਸਾਨੂੰ ਹਿੰਦੂ-ਸਿੱਖ ਮੋਰਚਾ ਬਣਾ ਕੇ ਸਖ਼ਤ ਕਦਮ ਚੁੱਕਣੇ ਹੋਣਗੇ।

ਸੁਪਰੀਮ ਕੋਰਟ ਦੇ ਵਕੀਲ ਅਸ਼ਵਨੀ ਉਪਾਧਿਆਏ ਨੇ ਕਿਹਾ ਕਿ ਅੰਗਰੇਜ਼ਾਂ ਨੇ ਦੇਸ਼ ਭਰ ਵਿਚ 99 ਸਾਲ ਦੀ ਲੀਜ਼ ’ਤੇ ਜਗ੍ਹਾ ਲੈ ਕੇ ਚਰਚ ਬਣਵਾਈਆਂ ਸਨ, ਹੁਣ ਇਹ ਚੈੱਕ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਮਿਆਦ ਹੁਣ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਸਾਡੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ ਪਰ ਅੱਜ ਤੱਕ ਕਿਸੇ ਵੀ ਈਸਾਈ ਮਿਸ਼ਨਰੀ ਜਾਂ ਜਿਹਾਦੀਆਂ ’ਤੇ ਐੱਨਐੱਸਏ ਨਹੀਂ ਲਗਾਇਆ ਗਿਆ। ਯੂਏਪੀਏ ਵੀ ਅੱਜ ਤੱਕ ਕਿਸੇ ਮਿਸ਼ਨਰੀ ’ਤੇ ਨਹੀਂ ਲਗਾਇਆ ਗਿਆ। ਭਾਰਤੀ ਨਿਆਂ ਸੰਹਿਤਾ ਵਿਚ ਇਸ ਲਈ ਤਜਵੀਜ਼ਾਂ ਹਨ ਪਰ ਅੱਜ ਤੱਕ ਰਾਜ ਸਰਕਾਰਾਂ ਨੇ ਇਸ ’ਤੇ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁਗਲ ਅਤੇ ਅੰਗਰੇਜ਼ ਭਾਰਤ ’ਤੇ ਰਾਜ ਕਰਨ ਨਹੀਂ ਆਏ ਸਨ, ਸਗੋਂ ਇੱਥੇ ਧਰਮ ਪਰਿਵਰਤਨ ਕਰਨ ਹੀ ਆਏ ਸਨ। ਉਨ੍ਹਾਂ ਦੱਸਿਆ ਕਿ ਸਰਹੱਦ ਦੀਆਂ 300 ਤਹਿਸੀਲਾਂ ਵਿਚ ਸਭ ਤੋਂ ਵੱਧ ਧਰਮ ਪਰਿਵਰਤਨ ਹੋਇਆ ਹੈ, ਉੱਥੇ ਦੀ ਡੈਮੋਗ੍ਰਾਫੀ (ਜਨਸੰਖਿਆ ਘਣਤਾ) ਬਦਲ ਚੁੱਕੀ ਹੈ। ਧਰਮ ਪਰਿਵਰਤਨ ਜਾਸੂਸੀ ਤੋਂ ਵੀ ਵੱਡਾ ਅਪਰਾਧ ਹੈ। ਇਹ ਸਭ ਤੋਂ ਵੱਡਾ ਦੇਸ਼ਦ੍ਰੋਹ ਹੈ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਕਰਨ ਵਾਲਿਆਂ ਦੀ ਨਾਗਰਿਕਤਾ ਖਤਮ ਕੀਤੀ ਜਾਵੇ, ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਜਲੰਧਰ ਵਿਚ ਕਿਹਾ ਸੀ ਕਿ ਧਰਮ ਪਰਿਵਰਤਨ ਖ਼ਿਲਾਫ਼ ਕਾਰਵਾਈ ਕਰਾਂਗੇ ਪਰ ਅੱਜ ਤੱਕ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਲਈ ਹਰ ਸਾਲ 50 ਹਜ਼ਾਰ ਕਰੋੜ ਰੁਪਏ ਦੀ ਫੰਡਿੰਗ ਆ ਰਹੀ ਹੈ। ਉਨ੍ਹਾਂ ਕਿਹਾ ਕਿ ਧਰਮ ਦੀ ਜੈ-ਜੈਕਾਰ ਕਰਨ ਨਾਲ ਅਧਰਮ ਖਤਮ ਨਹੀਂ ਹੋਵੇਗਾ, ਸਗੋਂ ਘਰ ਵਾਪਸੀ ਨਾਲ ਅਧਰਮ ਖ਼ਤਮ ਹੋਵੇਗਾ।

ਸੰਖੇਪ:
ਪੰਜਾਬ ਵਿੱਚ ਧਰਮ ਪਰਿਵਰਤਨ ਦੇ ਵਿਰੋਧ ਵਿੱਚ ਹਿੰਦੂ ਅਤੇ ਸਿੱਖ ਸੰਤਾਂ ਨੇ ਇਕਜੁੱਟ ਹੋ ਕੇ ਜੰਗ ਦਾ ਐਲਾਨ ਕੀਤਾ, ਮੰਦਰਾਂ ਤੇ ਗੁਰਦੁਆਰਿਆਂ ਵਿੱਚ ਵਿਸ਼ੇਸ਼ ਕਮੇਟੀਆਂ ਬਣਾਉਣ ਅਤੇ ਘਰ ਵਾਪਸੀ ਮੁਹਿੰਮ ਚਲਾਉਣ ਦਾ ਫੈਸਲਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।