11 ਜੂਨ (ਪੰਜਾਬੀ ਖਬਰਨਾਮਾ): ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਪਿਛਲੇ ਲੰਮੇ ਸਮੇਂ ਤੋਂ ਧਰਨਾ ਲਗਾ ਕੇ ਬੈਠੇ 5994 ਅਧਿਆਪਕ ਹੁਣ ਆਰ-ਪਾਰ ਦੀ ਲੜਾਈ ਦੇ ਮੂੜ ‘ਚ ਹਨ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਾਮ 3 ਵਜੇ ਤਕ ਦਾ ਅਲਟੀਮੇਟਮ ਦੇ ਕੇ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਨੰਗਲ-ਚੰਡੀਗੜ੍ਹ ਹਾਈਵੇ ਜਾਮ ਕਰ ਦੇਣਗੇ। ਮਾਹੌਲ ਨੂੰ ਦੇਖਦਿਆਂ ਭਾਰੀ ਗਿਣਤੀ ‘ਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਜਦੋਂਕਿ ਬੇਰੁਜ਼ਗਾਰ ਅਧਿਆਪਕ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਹਨ।