ਨਵੀਂ ਦਿੱਲੀ, 19 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਉੱਚ ਵਿੱਦਿਅਕ ਅਦਾਰੇ ਹੁਣ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਵੀ ਪਰਖਣਗੇ। ਜੇਕਰ ਕਿਸੇ ਵਿਦਿਆਰਥੀ ਦੀ ਮਾਨਸਿਕ ਸਥਿਤੀ ਠੀਕ ਦਿਖਾਈ ਨਹੀਂ ਦਿੱਤੀ ਤਾਂ ਉਸ ਨੂੰ ਤੁਰੰਤ ਅਦਾਰੇ ਵਿਚ ਬਣੇ ਮਾਨਸਿਕ ਸਿਹਤ ਤੇ ਭਲਾਈ ਕੇਂਦਰ ਵਿਚ ਭੇਜਿਆ ਜਾਵੇਗਾ ਜਿੱਥੇ ਪੇਸ਼ੇਵਰ ਮਾਨਸਿਕ ਸਿਹਤ ਮਾਹਰ ਉਸ ਦੀ ਜਾਂਚ ਕਰਨਗੇ। ਲੋੜ ਪੈਣ ’ਤੇ ਉਸ ਨੂੰ ਲੁੜੀਂਦਾ ਇਲਾਜ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਲਈ ਦੇਸ਼ ਦੇ ਸਾਰੇ ਉੱਚ ਵਿੱਦਿਅਕ ਅਦਾਰਿਆਂ ਨੂੰ ਆਪਣੇ ਕੰਪਲੈਕਸ ’ਚ ਇਕ ਮਾਨਸਿਕ ਸਿਹਤ ਤੇ ਭਲਾਈ ਕੇਂਦਰ ਬਣਾਉਣ ਲਈ ਕਿਹਾ ਗਿਆ ਹੈ।
ਉੱਚ ਵਿੱਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀਆਂ ਦੇ ਵਧਦੇ ਮਾਮਲਿਆਂ ਅਤੇ ਤੇਜ਼ੀ ਨਾਲ ਸਾਹਮਣੇ ਆ ਰਹੇ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ਨੂੰ ਦੇਖਦੇ ਹੋਏ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ ਇਸ ਨਾਲ ਨਜਿੱਠਣ ਲਈ ਇਕ ਏਕੀਕ੍ਰਿਤ ਨੀਤੀ ਤਿਆਰ ਕੀਤੀ ਹੈ। ਇਸ ਨੂੰ ਪਿਛਲੇ ਦਿਨੀਂ ਯੂਜੀਸੀ ਬੋਰਡ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੀਤੀ ਤਹਿਤ ਹਰੇਕ ਉੱਚ ਵਿੱਦਿਅਕ ਅਦਾਰੇ ਨੂੰ ਆਪਣੇ ਬੁਨਿਆਦੀ ਢਾਂਚੇ ਵਿਚ ਮਾਨਸਿਕ ਸਿਹਤ ਤੇ ਭਲਾਈ ਕੇਂਦਰ ਵੀ ਬਣਾਉਣ ਲਈ ਕਿਹਾ ਗਿਆ ਹੈ। ਨਾਲ ਹੀ ਇਨ੍ਹਾਂ ਵਿਚ ਪੇਸ਼ੇਵਰ ਮਾਨਸਿਕ ਸਿਹਤ ਮਾਹਰ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ’ਤੇ ਨਜ਼ਰ ਰੱਖਣ ਲਈ ਹਰ 500 ਵਿਦਿਆਰਥੀਆਂ ’ਤੇ ਇਕ ਸੀਨੀਅਰ ਅਧਿਆਪਕ ਨੂੰ ਬਤੌਰ ਮੈਨਟਰ ਅਤੇ ਵਿਦਿਆਰਥੀਆਂ ਵਿਚੋਂ ਹਰ 100 ਵਿਦਿਆਰਥੀਆਂ ’ਤੇ ਇਕ ਸਹਾਇਕ ਵਿਦਿਆਰਥੀ ਦੀ ਤਾਇਨਾਤੀ ਕਰਨ ਲਈ ਕਿਹਾ ਗਿਆ ਹੈ।
ਹੈਲਪਲਾਈਨ ਨੰਬਰ ਵੀ ਹੋਵੇਗਾ ਸਥਾਪਿਤ, 24 ਘੰਟੇ ਮਿਲੇਗੀ ਮਦਦ
ਯੂਜੀਸੀ ਨੇ ਇਸ ਦੇ ਨਾਲ ਹੀ ਹਰੇਕ ਉੱਚ ਵਿੱਦਿਅਕ ਅਦਾਰੇ ਨੂੰ ਵਿਦਿਆਰਥੀਆਂ ਦੀ ਮਦਦ ਲਈ ਇਕ ਹੈਲਪਲਾਈਨ ਨੰਬਰ ਸਥਾਪਿਤ ਕਰਨ ਲਈ ਵੀ ਕਿਹਾ ਹੈ ਜਿੱਥੇ ਵਿਦਿਆਰਥੀਆਂ ਨੂੰ 24 ਘੰਟੇ ਕਦੇ ਵੀ ਮਦਦ ਮਿਲ ਸਕੇ। ਇਸ ਨੀਤੀ ਵਿਚ ਯੂਜੀਸੀ ਨੇ ਖ਼ੁਦਕੁਸ਼ੀ ਦੇ ਮਾਮਲਿਆਂ ਨੂੰ ਰੋਕਣ ਲਈ ਹਰ ਅਦਾਰੇ ਨੂੰ ਇਕ ਕਾਰਜ ਯੋਜਨਾ ਬਣਾਉਣ ਲਈ ਵੀ ਕਿਹਾ ਹੈ ਜਿਸ ਵਿਚ ਡਿਪਰੈਸ਼ਨ ਦੇ ਲੱਛਣ ਦਿਖਾਈ ਦੇਣ ’ਤੇ ਜਾਂ ਇਸ ਨਾਲ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲਣ ’ਤੇ ਤੁਰੰਤ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾ ਸਕੇ। ਇਸ ਲਈ ਅਦਾਰੇ ਦੇ ਮੁਲਾਜ਼ਮਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਵੀ ਸੁਝਾਅ ਦਿੱਤੇ ਗਏ ਹਨ ਤਾਂ ਜੋ ਖ਼ਤਰੇ ਨੂੰ ਸਮਝਦਿਆਂ ਤੁਰੰਤ ਜ਼ਰੂਰੀ ਕਦਮ ਚੁੱਕੇ ਜਾ ਸਕਣ। ਯੂਜੀਸੀ ਨੇ ਸਾਰੇ ਉੱਚ ਵਿੱਦਿਅਕ ਅਦਾਰਿਆਂ ਨਾਲ ਨੀਤੀ ਸਾਂਝੀ ਕਰਦਿਆਂ ਤੁਰੰਤ ਇਸ ਦੇ ਅਮਲ ਅਤੇ ਉਸ ਨਾਲ ਜੁੜੇ ਸੁਝਾਅ ਦੇਣ ਲਈ ਕਿਹਾ ਹੈ।
ਇਸ ਲਈ ਇਹ ਕਦਮ ਚੁੱਕਣ ਦੀ ਪਈ ਲੋੜ
– ਦੇਸ਼ ਦੀ ਕੁੱਲ ਅਬਾਦੀ ’ਚ ਕਰੀਬ 10.6 ਫ਼ੀਸਦੀ ਲੋਕ ਮਾਨਸਿਕ ਸਿਹਤ ਸਮੱਸਿਆ ਤੋਂ ਪੀੜਤ ਹਨ
– ਇਨ੍ਹਾਂ ’ਚੋਂ 18 ਤੋਂ 29 ਉਮਰ ਵਰਗ ਦੇ 7.3 ਫ਼ੀਸਦੀ ਨੌਜਵਾਨ ਗੰਭੀਰ ਮਾਨਸਿਕ ਸਿਹਤ ਸਮੱਸਿਆ ਨਾਲ ਘਿਰੇ ਹੋਏ ਹਨ
– ਐੱਨਸੀਆਰਬੀ ਦੀ ਰਿਪੋਰਟ, ਦੇਸ਼ ’ਚ ਕੁੱਲ ਖ਼ੁਦਕੁਸ਼ੀਆਂ ਵਿਚ ਕਰੀਬ 7.6 ਫ਼ੀਸਦੀ ਮਾਮਲੇ ਵਿਦਿਆਰਥੀਆਂ ਦੇ
