ਚੰਡੀਗੜ੍ਹ 29 ਜੁਲਾਈ 2024 (ਪੰਜਾਬੀ ਖਬਰਨਾਮਾ) : ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿਚ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਲਈ ਭਰਤੀ ਪ੍ਰੀਖਿਆ ਵਿੱਚ ਅੱਜ 15205 ਪ੍ਰੀਖਿਆਰਥੀਆਂ ਨੇ ਭਾਗ ਲਿਆ। 100 ਅੰਕਾਂ ਦੀ ਇਹ ਪ੍ਰੀਖਿਆ ਉਮੀਦਵਾਰਾਂ ਦੀ ਭਾਸ਼ਾਈ ਗਿਆਨ ਨੂੰ ਪਰਖਣ ਲਈ ਲਿਆ ਗਿਆ ਹੈ। ਇਸ ਵਿਚ ਗੁਰਬਾਣੀ ਨਾਲ ਸਬੰਧਤ ਪ੍ਰਸ਼ਨਾਂ ਤੋਂ ਇਲਾਵਾ ਵਿਆਕਰਨ, ਵਾਰਤਕ, ਪੁਸਤਕ ਗਿਆਨ ਨਾਲ ਸਬੰਧੀ ਪ੍ਰਸ਼ਨ ਪੁਛੇ ਗਏ ਸਨ। ਵੇਰਵਿਆਂ ਅਨੁਸਾਰ ਹਰੇਕ ਉਮੀਦਵਾਰ ਨੂੰ ਇਸ ਪ੍ਰੀਖਿਆ ਵਿੱਚੋਂ ਪਾਸ ਹੋਣ ਲਈ 50 ਫ਼ੀਸਦੀ ਅੰਕ ਲੈਣੇ ਲਾਜ਼ਮੀ ਹੋਣਗੇ।
ਇਨ੍ਹਾਂ ਉਮੀਦਵਾਰਾਂ ਲਈ ਮੁਹਾਲੀ ਅਤੇ ਚੰਡੀਗੜ੍ਹ ਦੇ ਕੁੱਲ 56 ਸੈਂਟਰ ਬਣਾਏ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ 5994 ਈਟੀਟੀ ਪ੍ਰੀਖਿਆ ਲਈ ਕੁੱਲ 19832 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਬੁਲਾਰੇ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ ਦੋ ਸ਼ੱਕੀ ਪ੍ਰੀਖਿਆਰਥੀਆਂ ਨੂੰ ਫੜਿਆ ਗਿਆ, ਜਿਨ੍ਹਾਂ ਵਿਰੁੱਧ ਪੁਲਿਸ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।