9 ਸਤੰਬਰ 2024. : ਬਿਹਾਰ ਦੇ ਬਕਸਰ ਜ਼ਿਲ੍ਹੇ ਵਿੱਚ ਦਿੱਲੀ ਤੋਂ ਇਸਲਾਮਪੁਰ ਜਾ ਰਹੀ ਮਗਧ ਐਕਸਪ੍ਰੈੱਸ ਅੱਜ ਕਪਲਿੰਗ ਟੁੱਟਣ ਕਾਰਨ ਦੋ ਹਿੱਸਿਆਂ ਵਿੱਚ ਵੰਡੀ ਗਈ। ਰੇਲਵੇ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੂਰਬੀ ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਸਰਸਵਤੀ ਚੰਦਰ ਨੇ ਦੱਸਿਆ ਕਿ ਕਲਪਿੰਗ ਟੁੱਟਣ ਕਾਰਨ ਰੇਲਗੱਡੀ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਦੀ ਇਹ ਘਟਨਾ ਬਕਸਰ ਜ਼ਿਲ੍ਹੇ ’ਚ ਤਵਿਨੀਗੰਜ ਅਤੇ ਰਘੂਨਾਥਪੁਰ ਦਰਮਿਆਨ ਵਾਪਰੀ। ਹਾਲਾਂਕਿ ਇਸ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਘਟਨਾ ਕਾਰਨ ਰੂਟ ’ਤੇ ਰੇਲ ਆਵਾਜਾਈ ਵਿੱਚ ਤਿੰਨ ਘੰਟੇ ਤੋਂ ਵੱਧ ਸਮਾਂ ਵਿਘਨ ਪਿਆ ਰਿਹਾ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ 11.08 ਵਜੇ ਵਾਪਰੀ ਅਤੇ ਬਾਅਦ ਵਿੱਚ ਰੂਟ ’ਤੇ 2.25 ਵਜੇ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਚਾਅ ਟੀਮ ਦੇ ਨਾਲ ਤਕਨੀਕੀ ਟੀਮ ਵੀ ਫੌਰੀ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਨੁਕਸ ਨੂੰ ਦੂਰ ਕਰ ਦਿੱਤਾ ਗਿਆ ਹੈ