ਲੰਡਨ, 19 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਵਾਲੇ ਯੂਰਪੀ ਦੇਸ਼ਾਂ ਨੂੰ ਸਖਤ ਫ਼ੈਸਲਾ ਲੈਣ ਲਈ ਕਿਹਾ ਹੈ। ਇੰਗਲੈਂਡ ਦੌਰੇ ’ਤੇ ਟਰੰਪ ਨੇ ਪੀਐੱਮ ਕੀਰ ਸਟਾਰਮਰ ਨਾਲ ਪ੍ਰੈੱਸ ਕਾਨਫਰੰਸ ’ਚ ਭਾਰਤ ਦਾ ਨਾਂ ਲੈ ਕੇ ਇਕ ਮਿਸਾਲ ਦਿੱਤੀ। ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਚੰਗੇ ਦੋਸਤ ਹਨ, ਮੈਂ ਉਨ੍ਹਾਂ ਨੂੰ ਫੋਨ ’ਤੇ ਜਨਮ ਦਿਨ ਦੀ ਵਧਾਈ ਦਿੱਤੀ, ਅਸੀਂ ਗੱਲਬਾਤ ਕੀਤੀ। ਸਾਡੇ ਵਿਚਾਲੇ ਚੰਗੇ ਨਿੱਜੀ ਸਬੰਧ ਵੀ ਹਨ, ਉਹ ਬਹੁਤ ਸ਼ਾਨਦਾਰ ਕੰਮ ਕਰ ਰਹੇ ਹਨ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦਣ ਦੇ ਕਾਰਨ ਸਾਨੂੰ ਭਾਰਤ ’ਤੇ ਟੈਰਿਫਲਗਾਉਣਾ ਪਿਆ। ਹਿਸਾਬ ਬਿਲਕੁਲ ਸਿੱਧਾ ਹੈ, ਤੇਲ ਖਰੀਦ ਬੰਦ ਹੋਵੇਗੀ ਤਾਂ ਤੇਲ ਦੀਆਂ ਕੀਮਤਾਂ ਡਿੱਗਣਗੀਆਂ ਤੇ ਪੁਤਿਨ ਨੂੰ ਯੂਕਰੇਨ ਜੰਗ ਤੋਂ ਡਰਾਇਆ ਜਾ ਸਕੇਗਾ। ਉਨ੍ਹਾਂ ਨੂੰ ਜੰਗ ਤੋਂ ਹੱਥ ਖਿੱਚਣੇ ਪੈਣਗੇ। ਪੁਤਿਨ ਕੋਲ ਉਦੋਂ ਕੋਈ ਬਦਲ ਨਹੀਂ ਬਚੇਗਾ, ਪੁਤਿਨ ਨੇ ਮੈਨੂੰ ਨਿਰਾਸ਼ ਕੀਤਾ ਹੈ।
ਟਰੰਪ ਨੇ ਕਿਹਾ ਕਿ ਅਸੀਂ ਦੇਖਿਆ ਕਿ ਯੂਰਪੀ ਦੇਸ਼ ਵੀ ਰੂਸ ਤੋਂ ਤੇਲ ਖਰੀਦ ਰਹੇ ਹਨ। ਚੀਨ ਵੀ ਰੂਸ ਤੋਂ ਤੇਲ ਖਰੀਦ ਰਿਹਾ ਸੀ। ਅਸੀਂ ਚੀਨ ’ਤੇ ਮੋਟਾ ਟੈਰਿਫ ਲਗਾਇਆ। ਉਨ੍ਹਾਂ ਕਿਹਾ ਕਿ ਉਹ ਯੂਕਰੇਨ ਜੰਗ ਰੋਕਣ ਲਈ ਕੁਝ ਹੋਰ ਉਪਾਅ ਵੀ ਕਰਨ ਲਈ ਤਿਆਰ ਹੈ, ਪਰ ਉਦੋਂ, ਜਦੋਂ ਯੂਰਪੀ ਦੇਸ਼ ਵੀ ਸਾਥ ਦੇਣ। ਅਮਰੀਕਾ ਦਾ ਇਸ ਵਿਚ ਸਿੱਧਾ ਹਿੱਤ ਨਹੀਂ ਜੁੜਿਆ, ਬਲਕਿ ਤੁਸੀਂ ਇਸ ਨਾਲ ਸਿੱਧੇ-ਸਿੱਧੇ ਜੁੜੇ ਹੋਏ ਹਨ। ਇਸੇ ਪੜਾਅ ’ਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਵਿਚਾਲੇ ਸੰਘਰਸ਼ ਨੂੰ ਮਿਲਾ ਕੇ ਕੁਲ ਸੱਤ ਜੰਗਾਂ ਖਤਮ ਕਰਾਈਆਂ ਹਨ। ਹਾਲਾਂਕਿ, ਭਾਰਤ ਨੇ ਲਗਾਤਾਰ ਟਰੰਪ ਦੇ ਦਾਅਵੇ ਦਾ ਖੰਡਨ ਕੀਤਾ ਹੈ।