ਸ਼ਿਮਲਾ , 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਦੇਵਭੂਮੀ ਹਿਮਾਚਲ ਦੇ ਸੈਲਾਨੀ ਸਥਾਨਾਂ ਵਿਚ ਨਵੇਂ ਵਰ੍ਹੇ ਦੇ ਸਵਾਗਤ ਲਈ ਸੈਲਾਨੀ ਪੁੱਜਣ ਲੱਗੇ ਹਨ। ਸੂਬੇ ਦੇ ਜ਼ਿਆਦਾਤਰ ਹੋਟਲ ਭਰ ਗਏ ਹਨ ਜਦਕਿ ਨਵੇਂ ਸਾਲ ਲਈ 90 ਤੋਂ 95 ਫ਼ੀਸਦ ਤੱਕ ਅਡਵਾਂਸ ਬੁਕਿੰਗ ਹੈ। ਪੰਜ ਸਿਤਾਰਾ, ਤਿੰਨ ਸਿਤਾਰਾ ਤੇ ਹੋਰ ਵੱਡੇ ਹੋਟਲਾਂ ਵਿਚ ਕਮਰੇ ਬਿਨਾਂ ਬੁਕਿੰਗ ਦੇ ਨਹੀਂ ਮਿਲ ਰਹੇ ਹਨ। ਸੈਲਾਨੀ ਪਹਿਲਾਂ ਹੀ ਹੋਟਲ ਵਿਚ ਕਮਰਾ ਬੁੱਕ ਕਰਵਾ ਕੇ ਆਉਣਗੇ ਤਾਂ ਪਰੇਸ਼ਾਨੀ ਨਹੀਂ ਝਲਣੀ ਪਵੇਗੀ। ਅਗਲੇ ਦੋ ਦਿਨਾਂ ਦੌਰਾਨ ਸੂਬੇ ਦੀਆਂ ਸੈਲਾਨੀ ਥਾਵਾਂ ਪੂਰੀ ਤਰ੍ਹਾਂ ਭਰ ਜਾਣਗੀਆਂ। ਸ਼ਿਮਲਾ, ਮਨਾਲੀ ਤੇ ਧਰਮਸ਼ਾਲਾ ਵਿਚ ਭਾਰੀ ਗਿਣਤੀ ਵਿਚ ਸੈਲਾਨੀ ਪੁੱਜ ਚੁੱਕੇ ਹਨ। ਇਹ ਸੈਲਾਨੀ ਕੁਫਰੀ, ਮਨਾਲੀ ਵਿਚ ਬਰਫ਼ ਨਾਲ ਢਕੇ ਖੇਤਰਾਂ ਵਿਚ ਠਹਿਰਣਾ ਵੱਧ ਪਸੰਦ ਕਰਦੇ ਹਨ। ਮੌਸਮ ਵਿਭਾਗ ਨੇ 2 ਜਨਵੀਰ ਤੋਂ ਪੱਛਮੀ ਪੌਣਾਂ ਦੀ ਗੜਬੜ ਸਰਗਰਮ ਹੋਣ ਨਾਲ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ। ਅਜਿਹੇ ਵਿਚ ਸੈਲਾਨੀਆਂ ਨੇ ਚਾਰ ਜਨਵਰੀ ਤੱਕ ਅਡਵਾਂਸ ਬੁਕਿੰਗ ਕਰਵਾਈ ਹੋਈ ਹੈ।
ਦੋ ਜਨਵਰੀ ਤੋਂ ਸ਼ਿਮਲਾ ਵਿੰਟਰ ਕਾਰਨੀਵਲ ਵੀ ਫਿਰ ਸ਼ੁਰੂ ਹੋਵੇਗਾ। ਹਾਲੇ ਰਾਸ਼ਟਰੀ ਸ਼ੌਕ ਕਾਰਨ ਸਾਰੇ ਪ੍ਰੋਗਰਾਮ ਮੁਲਤਵੀ ਹਨ। ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਸ਼ਿਮਲਾ ਵਿੰਟਰ ਕਾਰਨੀਵਲ ਵਿਚ ਵਸਤੂਆਂ ਖ਼ਰੀਦਣ ਦਾ ਮੌਕਾ ਮਿਲ ਰਿਹਾ ਹੈ। ਅੰਦੋਲਨ ਕਾਰਨ ਰੁਕੇ ਸੈਲਾਨੀ ਸੋਮਵਾਰ ਨੂੰ ਪੰਜਾਬ ਵਿਚ ਕਿਸਾਨ ਅੰਦੋਲਨ ਕਾਰਨ ਸੈਲਾਨੀਆਂ ਨੂੰ ਹਿਮਾਚਲ ਪੁੱਜਣ ਵਿਚ ਦਿੱਕਤਾਂ ਝਲਣੀਆਂ ਪਈਆਂ। ਕਈ ਸੈਲਾਨੀਆਂ ਨੇ ਅਡਵਾਂਸ ਬੁਕਿੰਗ ਕਰਵਾਈ ਹੋਈ ਹੈ। ਬੱਸਾਂ ਤੇ ਹੋਰਨਾਂ ਵਾਹਨਾਂ ਦੇ ਨਾ ਚੱਲਣ ਕਾਰਨ ਆਵਾਜਾਈ ਪ੍ਰਭਾਵਤ ਹੋਈ ਹੈ।
ਭਾਰੀ ਪੁਲਿਸ ਬਲ ਤਾਇਨਾਤ
ਸੈਲਾਨੀਆਂ ਦੀ ਗਿਣਤੀ ਵਧਣ ਦੇ ਨਾਲ ਹੀ ਸੂਬੇ ਦੇ ਸੈਲਾਨੀ ਸਥਾਨਾਂ ਵਿਚ ਵਾਧੂ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਸੈਲਾਨੀਆਂ ਦੇ ਨਾਲ ਵਾਹਨਾਂ ਦੀ ਗਿਣਤੀ ਵਧਣ ਕਾਰਨ ਪਰਵਾਣੂ, ਸ਼ਿਮਲਾ, ਮਨਾਲੀ, ਕੁੱਲੂ ਸਮੇਤ ਹੋਰਨਾਂ ਸੈਲਾਨੀ ਸਥਾਨਾਂ ਵਿਚ ਜਾਮ ਲਗਾਇਆ ਹੋਇਆ ਹੈ। ਜਿੱਥੇ-ਜਿੱਥੇ ਵੱਧ ਜਾਮ ਲੱਗਦੇ ਹਨ, ਉਥੇ ਜ਼ਿਆਦਾ ਜਵਾਨਾਂ ਦੀ ਤਾਇਨਾਤੀ ਕੀਤੀ ਜਾਵੇਗੀ।
ਸ਼ਿਮਲਾ ਦੇ ਜੁੱਬੜਹੱਟੀ, ਕੁੱਲੂ ਦੇ ਭੁੰਤਰ ਤੇ ਕਾਂਗੜਾ ਦੇ ਗਗਲ ਸਥਿਤ ਏਅਰਪੋਰਟ ਲਈ ਦਿੱਲੀ ਤੋਂ ਰੈਗੂਲਰ ਹਵਾਈ ਸੇਵਾ ਚਲਾਈ ਹੈ। ਇਸ ਤੋਂ ਇਲਾਵਾ ਸ਼ਿਮਲਾ ਲਈ ਰੇਲ ਮਾਰਗ ਜ਼ਰੀਏ ਵੀ ਪਹੁੰਚਿਆ ਜਾ ਸਕਦਾ ਹੈ। ਉਥੋਂ ਬੱਸ ਜਾਂ ਟੈਕਸੀ ਲਈ ਜਾ ਸਕਦੀ ਹੈ।