12 ਜੂਨ (ਪੰਜਾਬੀ ਖਬਰਨਾਮਾ):ਨਮਕ ਸਾਡੀ ਰੋਜ਼ਾਨਾ ਖੁਰਾਕ ਦਾ ਇਕ ਅਹਿਮ ਹਿੱਸਾ ਹੈ ਜਿਸ ਤੋਂ ਬਿਨਾਂ ਭੋਜਨ ਬੇਸੁਆਦੀ ਲੱਗਦਾ ਹੈ। ਆਮ ਤੌਰ ‘ਤੇ ਲੋਕ ਇਸ ਦੀ ਵਰਤੋਂ ਖਾਣੇ ਦਾ ਸਵਾਦ ਵਧਾਉਣ ਲਈ ਹੀ ਕਰਦੇ ਹਨ। ਹਾਲਾਂਕਿ ਸਵਾਦ ਦੇ ਨਾਲ-ਨਾਲ ਇਸ ਦਾ ਸਿਹਤ ‘ਤੇ ਵੀ ਡੂੰਘਾ ਅਸਰ ਪੈਂਦਾ ਹੈ। ਨਮਸ ‘ਚ ਸੋਡੀਅਮ ਮੁੱਖ ਤੱਤ ਹੈ ਜੋ ਸਾਡੇ ਸਰੀਰ ਲਈ ਜ਼ਰੂਰੀ ਹੈ। ਅਜਿਹੇ ‘ਚ ਇਸ ਦੀ ਸੀਮਤ ਮਾਤਰਾ ‘ਚ ਵਰਤੋਂ ਫਾਇਦੇਮੰਦ ਹੁੰਦੀ ਹੈ ਪਰ ਜੇਕਰ ਜ਼ਿਆਦਾ ਨਮਕ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਖ਼ੁਦ ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਜ਼ਿਆਦਾ ਨਮਕ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਚਿਤਾਵਨੀ ਦੇ ਚੁੱਕੀ ਹੈ।
ਜ਼ਿਆਦਾ ਨਮਕ ਨਾਲ ਸਿਹਤ ਨੂੰ ਹੁੰਦੇ ਨੁਕਸਾਨ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਹਾਲ ਹੀ ‘ਚ ਜ਼ਿਆਦਾ ਨਮਕ ਖਾਣ ‘ਤੇ ਇਕ ਅਧਿਐਨ ਸਾਹਮਣੇ ਆਇਆ ਹੈ, ਜਿਸ ‘ਚ ਇਸ ਦੇ ਸਕਿਨ ਨੂੰ ਹੋਣ ਵਾਲੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਪਤਾ ਚੱਲਿਆ ਹੈ। ਇਹ ਤਾਜ਼ਾ ਅਧਿਐਨ ਬਹੁਤ ਜ਼ਿਆਦਾ ਲੂਣ ਖਾਣ ਤੇ ਸਕਿਨ ਦੀ ਸਥਿਤੀ ਐਗਜ਼ੀਮਾ (Eczema) ਵਿਚਕਾਰ ਸਬੰਧ ਨੂੰ ਉਜਾਗਰ ਕਰਦਾ ਹੈ। ਆਓ ਜਾਣਦੇ ਹਾਂ ਇਸ ਤਾਜ਼ਾ ਅਧਿਐਨ ਬਾਰੇ ਵਿਸਥਾਰ ਵਿੱਚ-
ਕੀ ਕਹਿੰਦੀ ਹੈ ਸਟੱਡੀ ?
ਇਹ ਨਵਾਂ ਅਧਿਐਨ ਦਰਸਾਉਂਦਾ ਹੈ ਕਿ ਸੋਡੀਅਮ ਦਾ ਉੱਚ ਪੱਧਰ ਐਗਜ਼ੀਮਾ ਦੇ ਜੋਖ਼ਮ ਨੂੰ ਵਧਾ ਸਕਦਾ ਹੈ। ਜਰਨਲ ਆਫ਼ ਇਨਵੈਸਟੀਗੇਟਿਵ ਡਰਮਾਟੋਲੋਜੀ ‘ਚ ਪ੍ਰਕਾਸ਼ਿਤ ਅਧਿਐਨ ‘ਚ ਦੱਸਿਆ ਗਿਆ ਹੈ ਕਿ ਇਕ ਗ੍ਰਾਮ ਵਾਧੂ ਸੋਡੀਅਮ ਖਾਣ ਨਾਲ ਐਗਜ਼ੀਮਾ ਫਲੇਅਰਜ਼ ਦੀ ਸੰਭਾਵਨਾ 22 ਫ਼ੀਸਦ ਤਕ ਵਧ ਸਕਦੀ ਹੈ। ਖੋਜ ਅਨੁਸਾਰ ਬਹੁਤ ਜ਼ਿਆਦਾ ਲੂਣ ਖਾਣ ਦੀ ਆਦਤ ਨੂੰ ਸੀਮਤ ਕਰਨ ਨਾਲ ਐਗਜ਼ੀਮਾ ਦੇ ਮਰੀਜ਼ਾਂ ਨੂੰ ਆਪਣੀ ਸਥਿਤੀ ਨੂੰ ਮੈਨੇਜ ਕਰਨ ‘ਚ ਮਦਦ ਮਿਲ ਸਕਦੀ ਹੈ।
ਕੀ ਹੈ ਐਗਜ਼ੀਮਾ ?
ਐਗਜ਼ੀਮਾ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਤੁਹਾਡੀ ਸਕਿਨ ਦੀ ਬੈਰੀਅਰ ਪ੍ਰਕਿਰਿਆ ਕਮਜ਼ੋਰ ਹੋ ਜਾਂਦੀ ਹੈ। ਨਤੀਜੇ ਵਜੋਂ ਸਕਿਨ ਖੁਸ਼ਕ, ਖੁਜਲੀਦਾਰ ਤੇ ਊਬੜ-ਖਾਬੜ ਹੋ ਜਾਂਦੀ ਹੈ, ਕਿਉਂਕਿ ਤੁਹਾਡੀ ਸਕਿਨ ਹੁਣ ਨਮੀ ਨੂੰ ਬਰਕਰਾਰ ਰੱਖਣ ਤੇ ਸਰੀਰ ਨੂੰ ਬਾਹਰੀ ਤੱਤਾਂ ਤੋਂ ਬਚਾਉਣ ਦੇ ਯੋਗ ਨਹੀਂ ਰਹਿੰਦੀ। ਇਸ ਨੂੰ ਐਟੌਪਿਕ ਡਰਮੇਟਾਇਟਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਕ ਦਿਨ ਵਿਚ ਕਿੰਨਾ ਨਮਕ ਖਾਣਾ ਸਹੀ ?
ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ, ਰੋਜ਼ਾਨਾ 2000 ਮਿਲੀਗ੍ਰਾਮ ਤੋਂ ਘੱਟ ਸੋਡੀਅਮ ਯਾਨੀ ਨਮਕ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਡਬਲਯੂਐਚਓ ਆਇਓਡੀਨ ਯੁਕਤ ਨਮਕ ਖਾਣ ‘ਤੇ ਵੀ ਜ਼ੋਰ ਦਿੰਦਾ ਹੈ, ਜੋ ਆਇਓਡੀਨ ਨਾਲ ਭਰਪੂਰ ਹੁੰਦਾ ਹੈ।
ਜ਼ਿਆਦਾ ਲੂਣ ਖਾਣ ਦੇ ਹੋਰ ਨੁਕਸਾਨ
ਓਸਟੀਓਪੋਰੋਸਿਸ ਦਾ ਖ਼ਤਰਾ ਵਧ ਜਾਂਦਾ ਹੈ।
ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ।
ਸਰੀਰ ‘ਚ ਤਰਲ ਪਦਾਰਥ ਦਾ ਸੰਤੁਲਨ ਵਿਗੜ ਜਾਂਦਾ ਹੈ।
ਸਰੀਰ ‘ਚ ਵਾਟਰ ਰਿਟੈੰਸ਼ਨ ਦੀ ਵਜ੍ਹਾ ਬਣਦਾ ਹੈ ਜ਼ਿਆਦਾ ਨਮਕ।
ਇਸ ਦੀ ਵਜ੍ਹਾ ਨਾਲ ਕਿਡਨੀ ‘ਤੇ ਦਬਾਅ ਪੈਂਦਾ ਹੈ ਜਿਸ ਨਾਲ ਕਿਡਨੀ ਖਰਾਬ ਹੋ ਜਾਂਦੀ ਹੈ।
ਜੇਕਰ ਤੁਸੀਂ ਬਹੁਤ ਜ਼ਿਆਦਾ ਨਮਕ ਹੋ ਤਾਂ ਇਸ ਨਾਲ ਕਈ ਹਿੱਸਿਆਂ ‘ਚ ਸੋਜ ਆ ਸਕਦੀ ਹੈ।