29 ਮਈ (ਪੰਜਾਬੀ ਖਬਰਨਾਮਾ):ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਗੀਤਾਂ ਰਾਹੀ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਵੱਖ ਪਛਾਣ ਬਣਾਈ ਹੈ। ਗਾਇਕ ਆਪਣੀ ਗਾਇਕੀ ਅਤੇ ਲਿਖਤ ਨਾਲ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੇ ਹਨ। ਇਸ ਵਾਰ ਗਾਇਕ ਆਪਣੇ ਗਾਣਿਆਂ ਕਰਕੇ ਨਹੀਂ, ਬਲਕਿ ਆਪਣੇ ਇੰਟਰਵਿਊ ਕਰਕੇ ਚਰਚਾ ‘ਚ ਬਣੇ ਹੋਏ ਹਨ। ਉਨ੍ਹਾਂ ਨੇ ਰਣਵੀਰ ਅਲਾਹਬਾਦੀਆ ਦੇ ਪੋਡਕਾਸਟ ‘ਚ ਆਪਣੀ ਪ੍ਰੋਫੈਸ਼ਨਲ ਲਾਈਫ ਅਤੇ ਪਰਸਨਲ ਲਾਈਫ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਉਨ੍ਹਾਂ ਨੇ ਪੋਡਕਾਸਟ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅੰਦਰ ਵੱਧ ਰਹੇ ਖਤਰਿਆਂ ਬਾਰੇ ਵਿਚਾਰ ਸਾਂਝੇ ਕੀਤੇ ਹਨ। ਔਜਲਾ ਨੇ ਨਿੱਜੀ ਤਜਰਬੇ ਤੋਂ ਗੱਲ ਕਰਦਿਆਂ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਘਰ ‘ਤੇ ਕਈ ਵਾਰ ਗੋਲੀ ਚੱਲੀ ਹੈ। ਸੁਰੱਖਿਆ ਦੀ ਜ਼ਰੂਰਤ ਬਾਰੇ ਬੋਲਦਿਆਂ ਕਰਨ ਔਜਲਾ ਨੇ ਕਿਹਾ, “ਇਸ ਸਮੇਂ ਇਹ ਬਹੁਤ ਮੁਸ਼ਕਲ ਸਥਿਤੀ ਬਣ ਗਈ ਹੈ, ਸਾਰੇ ਕਲਾਕਾਰ ਵੀ ਇਸ ਵਿੱਚੋਂ ਗੁਜ਼ਰ ਰਹੇ ਹਨ। ਤੁਸੀਂ ਜਾਣਦੇ ਹੋ ਕਿ ਮਾਹੌਲ ਕਿਹੋ ਜਿਹਾ ਰਿਹਾ ਹੈ, ਕੀ ਹੋ ਰਿਹਾ ਹੈ। ”
ਕਰਨ ਔਜਲਾ ਨੇ ਜਤਾਈ ਚਿੰਤਾ
ਕਰਨ ਔਜਲਾ ਨੇ ਕਿਹਾ “ਮੈਂ ਇੱਕ ਕਲਾਕਾਰ ਹਾਂ। ਮੈਂ ਗੀਤ ਬਣਾ ਰਿਹਾ ਹਾਂ। ਮੈਂ ਅਜਿਹਾ ਕੀ ਕੀਤਾ ਹੈ ਕਿ ਜੋ ਇਹ ਹੋ ਰਿਹਾ ਹੈ? ਮੇਰੀਆਂ ਨਿੱਜੀ ਸਮੱਸਿਆਵਾਂ ਵੱਖਰੀਆਂ ਹਨ, ਫਿਰ ਮੇਰੇ ਕਰੀਅਰ ਦੀਆਂ ਸਮੱਸਿਆਵਾਂ ਅਤੇ ਮੈਨੂੰ ਉਨ੍ਹਾਂ ਨਾਲ ਵੀ ਨਜਿੱਠਣਾ ਪੈਂਦਾ ਹੈ। ਮੇਰੀ ਵੀ ਆਪਣੀ ਜ਼ਿੰਦਗੀ ਹੈ ਜੋ ਮੈਂ ਇਸ ਸਮੇਂ ਜੀ ਰਿਹਾ ਹਾਂ। ਮੇਰਾ ਪਰਿਵਾਰ ਹੈ, ਹੁਣ ਮੈਂ ਆਪਣੇ ਪਰਿਵਾਰ ਨੂੰ ਵਧਾਉਣ ਜਾ ਰਿਹਾ ਹਾਂ। ਮੈਂ ਜਲਦ ਹੀ ਬੱਚੇ ਕਰਾਂਗੇ। ਇਸ ਲਈ ਮੈਨੂੰ ਸੁਰੱਖਿਅਤ ਰਹਿਣਾ ਹੋਵੇਗਾ।
ਮੇਰੇ ਪਰਿਵਾਰ ਨੂੰ ਬਣਾਇਆ ਨਿਸ਼ਾਨਾ
ਗਾਇਕ ਨੇ ਅੱਗੇ ਕਿਹਾ, “ਮੇਰੇ ਕੋਲ ਕੋਈ ਵਿਕਲਪ ਨਹੀਂ ਹੈ। ਮੈਂ ਕੁਝ ਅਜਿਹੇ ਦੌਰ ਵਿੱਚੋਂ ਲੰਘਿਆ ਹਾਂ ਜਿਵੇਂ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਮੈਨੂੰ ਨਿਸ਼ਾਨਾ ਬਣਾਇਆ ਗਿਆ। ਮੇਰੇ ਘਰ ‘ਤੇ ਤਿੰਨ-ਚਾਰ ਵਾਰ ਗੋਲੀ ਚੱਲੀ ਹੈ। ਮੈਂ ਗੋਲੀ ਮੇਰੇ ਕੋਲੋਂ ਲੰਘਦੀ ਦੇਖੀ ਹੈ। ਕੈਨੇਡਾ ਵਿੱਚ ਘਰ ਲੱਕੜ ਦਾ ਬਣੇ ਹੁੰਦੇ ਹਨ। ਮੈਂ ਉਹ ਆਵਾਜ਼ ਸੁਣੀ ਹੈ। ਮੈਂ ਇਸਨੂੰ ਆਪਣੀਆਂ ਅੱਖਾਂ ਨਾਲ ਦੇਖਿਆ।
ਦੱਸ ਦੇਈਏ ਕਿ ਕਰਨ ਔਜਲਾ ਭਾਰਤ ਆਏ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਮੁੰਬਈ ‘ਚ ਮਸ਼ਹੂਰ ਯੂਟਿਊਬਰ ਨਾਲ ਪੌਡਕਾਸਟ ਕੀਤਾ।