27 ਅਗਸਤ 2024 : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਨੂੰ ਦਿੱਲੀ ਤੋਂ ਚਲਾਉਣ ਦੀ ਕੋਈ ਤੁਕ ਨਹੀਂ ਹੈ। ਉਨ੍ਹਾਂ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਦੁਹਰਾਈ। ਇਹ ਬਿਆਨ ਪਿਛਲੇ ਹਫ਼ਤੇ ਜੰਮੂ ਕਸ਼ਮੀਰ ਦੇ ਦੌਰੇ ਸਮੇਂ ਰਾਹੁਲ ਵੱਲੋਂ ਕਸ਼ਮੀਰੀ ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਸਮੇਂ ਦਿੱਤਾ ਗਿਆ ਸੀ ਜਿਸ ਦਾ ਵੀਡੀਓ ਕਾਂਗਰਸ ਵੱਲੋਂ ਅੱਜ ਜਾਰੀ ਕੀਤਾ ਗਿਆ ਹੈ।

ਕਸ਼ਮੀਰੀ ਵਿਦਿਆਰਥਣਾਂ ਨੂੰ ਰਾਹੁਲ ਗਾਂਧੀ ਨੇ ਦੱਸਿਆ, ‘‘ਮੇਰੀ ਮੁਸ਼ਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਹ ਹੈ ਕਿ ਉਹ ਕਿਸੇ ਦੀ ਵੀ ਨਹੀਂ ਸੁਣਦੇ ਹਨ। ਮੈਨੂੰ ਅਜਿਹੇ ਕਿਸੇ ਵੀ ਵਿਅਕਤੀ ਤੋਂ ਸਮੱਸਿਆ ਹੈ ਜੋ ਸ਼ੁਰੂ ਤੋਂ ਹੀ ਇਹ ਮੰਨਦਾ ਹੈ ਕਿ ਉਹ ਸਹੀ ਹਨ। ਜੇ ਕੋਈ ਉਸ ਨੂੰ ਕੁਝ ਦਿਖਾ ਰਿਹਾ ਹੈ ਕਿ ਉਹ ਗਲਤ ਹੈ ਤਾਂ ਉਹ ਇਹ ਸਵੀਕਾਰ ਨਹੀਂ ਕਰਨਗੇ। ਇਸ ਕਰਕੇ ਅਜਿਹੀ ਕਿਸਮ ਦੇ ਵਿਅਕਤੀ ਹਮੇਸ਼ਾ ਕੁਝ ਨਾ ਕੁਝ ਸਮੱਸਿਆ ਜ਼ਰੂਰ ਖੜ੍ਹੀ ਕਰਨਗੇ। ਇੰਜ ਤਾਕਤ ਕਰਕੇ ਨਹੀਂ ਸਗੋਂ ਅਸੁਰੱਖਿਆ ਕਾਰਨ ਹੁੰਦਾ ਹੈ। ਇਹ ਕਮਜ਼ੋਰੀ ਕਾਰਨ ਹੁੰਦਾ ਹੈ।’’

ਵੀਡੀਓ ’ਚ ਰਾਹੁਲ ਗਾਂਧੀ ਜੰਮੂ ਕਸ਼ਮੀਰ ’ਚ ਆਉਂਦੀਆਂ ਚੋਣਾਂ ਬਾਰੇ ਵੀ ਗੱਲ ਕਰਦੇ ਦਿਖਾਈ ਦੇ ਰਹੇ ਹਨ ਅਤੇ ਉਹ ਵਿਦਿਆਰਥੀਆਂ ਨੂੰ ਦੱਸਦੇ ਹਨ ਕਿ ਇਹ ਭਾਰਤੀ ਇਤਿਹਾਸ ’ਚ ਪਹਿਲੀ ਵਾਰ ਹੈ ਕਿ ਕਿਸੇ ਪ੍ਰਦੇਸ਼ ਤੋਂ ਸੂਬੇ ਦਾ ਦਰਜਾ ਖੋਹ ਲਿਆ ਗਿਆ। ‘ਸਾਡਾ ਸਟੈਂਡ ਸਪੱਸ਼ਟ ਹੈ ਕਿ ਜਿਸ ਢੰਗ ਨਾਲ ਦਰਜਾ ਖੋਹਿਆ ਗਿਆ, ਉਹ ਸਾਨੂੰ ਪੰਸਦ ਨਹੀਂ ਹੈ। ਹੁਣ ਅਸੀਂ ਚਾਹੁੰਦੇ ਹਾਂ ਕਿ ਸੂਬੇ ਦਾ ਦਰਜਾ ਬਹਾਲ ਹੋਵੇ ਅਤੇ ਉਸ ’ਚ ਜੰਮੂ ਕਸ਼ੀਰ ਤੇ ਲੱਦਾਖ ਦੇ ਲੋਕਾਂ ਦੀ ਨੁਮਾਇੰਦਗੀ ਹੋਵੇ। ਕਸ਼ਮੀਰ ਅਤੇ ਜੰਮੂ ਨੂੰ ਦਿੱਲੀ ਤੋਂ ਚਲਾਉਣ ਦੀ ਕੋਈ ਤੁੱਕ ਨਹੀਂ ਬਣਦੀ ਹੈ।’ ਆਪਣੇ ਯੂਟਿਊਬ ਚੈਨਲ ’ਤੇ ਪਾਈ ਵੀਡੀਓ ਦੇ ਨਾਲ ਦਿੱਤੇ ਗਏ ਸੁਨੇਹੇ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਜੰਮੂ ਕਸ਼ਮੀਰ ਦੇ ਦੌਰੇ ਸਮੇਂ ਸ੍ਰੀਨਗਰ ’ਚ ਕਈ ਕਸ਼ਮੀਰੀ ਵਿਦਿਆਰਥਣਾਂ ਨਾਲ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ, ‘‘ਇਹ ਲੜਕੀਆਂ ਵੱਖ ਵੱਖ ਕਾਲਜਾਂ ’ਚ ਕਾਨੂੰਨ, ਪੱਤਰਕਾਰੀ, ਰਾਜਨੀਤੀ ਵਿਗਿਆਨ, ਭੌਤਿਕੀ ਜਿਹੇ ਵਿਸ਼ੇ ਪੜ੍ਹ ਰਹੀਆਂ ਹਨ। ਮੈਂ ਉਨ੍ਹਾਂ ਦੀਆਂ ਆਸਾਂ ਤੇ ਚੁਣੌਤੀਆਂ ਚੰਗੀ ਤਰ੍ਹਾਂ ਸਮਝਦਾ ਹਾਂ। ਅਸੀਂ ਕੋਲਕਾਤਾ ਘਟਨਾ ਅਤੇ ਉਸ ਦੇ ਅਸਰ ਖਾਸ ਕਰਕੇ ਔਰਤਾਂ ਨਾਲ ਛੇੜਖਾਨੀ ਬਾਰੇ ਉਚੇਚੇ ਤੌਰ ’ਤੇ ਗੱਲਬਾਤ ਕੀਤੀ।’’ ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੇ ਪ੍ਰੈੱਸ ਦੀ ਆਜ਼ਾਦੀ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ। 

ਵਿਆਹ ਦੀ ਯੋਜਨਾ ਨਹੀਂ ਪਰ ਹੁੰਦਾ ਹੈ ਤਾਂ ਠੀਕ: ਰਾਹੁਲ

ਨਵੀਂ ਦਿੱਲੀ:

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਵਿਆਹ ਕਰਨ ਦੀ ਯੋਜਨਾ ਨਹੀਂ ਬਣਾ ਰਹੇ ਹਨ ਪਰ ਜੇ ਹੁੰਦਾ ਹੈ ਤਾਂ ਠੀਕ ਹੈ। ਉਂਜ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਉਹ 20-30 ਸਾਲ ਤੋਂ ਵਿਆਹ ਦੇ ਦਬਾਅ ਤੋਂ ਬਾਹਰ ਨਿਕਲ ਚੁੱਕੇ ਹਨ। ਰਾਹੁਲ ਨੇ ਪਿਛਲੇ ਹਫ਼ਤੇ ਜੰਮੂ ਕਸ਼ਮੀਰ ਦੇ ਦੌਰੇ ਮੌਕੇ ਕਸ਼ਮੀਰੀ ਵਿਦਿਆਰਥਣਾਂ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ ਸੀ। ਇਸ ਗੱਲਬਾਤ ਦਾ ਵੀਡੀਓ ਅੱਜ ਉਨ੍ਹਾਂ ਦੇ ਯੂਟਿਊਬ ਚੈਨਲ ’ਤੇ ਅਪਲੋਡ ਕੀਤਾ ਗਿਆ। ਵਿਦਿਆਰਥਣਾਂ ਨੇ ਜਦੋਂ ਉਨ੍ਹਾਂ ਨੂੰ ਵਿਆਹ ਦੀ ਯੋਜਨਾ ਬਾਰੇ ਸਵਾਲ ਕੀਤਾ ਤਾਂ ਕਾਂਗਰਸ ਆਗੂ ਨੇ ਕਿਹਾ, ‘‘ਮੈਂ ਵਿਆਹ ਦੀ ਯੋਜਨਾ ਨਹੀਂ ਬਣਾ ਰਿਹਾ ਹਾਂ ਪਰ ਜੇ ਹੁੰਦਾ ਹੈ ਤਾਂ ਠੀਕ ਹੈ।’’ ਰਾਹੁਲ ਨੇ ਵਿਦਿਆਰਥਣਾਂ ਨੂੰ ਇਹ ਵੀ ਕਿਹਾ ਕਿ ਜੇ ਉਹ ਵਿਆਹ ਕਰਨਗੇ ਤਾਂ ਉਨ੍ਹਾਂ ਨੂੰ ਸੱਦਾ ਜ਼ਰੂਰ ਭੇਜਣਗੇ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।