ਫ਼ਰੀਦਕੋਟ 08 ਮਈ,2024 (ਪੰਜਾਬੀ ਖ਼ਬਰਨਾਮਾ): ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਚਾਈਨਾ ਡੋਰ/ਮਾਝੇ ਸਮੇਤ ਪਤੰਗ ਉਡਾਉਣ ਵਾਲੇ ਤਿੱਖੇ ਧਾਗੇ ਦਾ ਉਤਪਾਦਨ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੋਈ ਹੈ। ਕਿਉਂਕਿ ਇਸ ਦੇ ਇਸਤੇਮਾਲ ਕਾਰਨ ਪਸ਼ੂ-ਪੰਛੀਆਂ ਅਤੇ ਮਨੁੱਖੀ ਜਾਨ ਮਾਲ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਇਸ ਡੋਰ ਦੇ ਲੋਕਾਂ ਦੇ ਗਲ਼ਾਂ ਵਿੱਚ ਫਸ ਜਾਣ ਕਾਰਨ ਗਲਾ ਕੱਟਣ ਕਰਕੇ ਮੌਤਾ ਵੀ ਹੋ ਚੁੱਕੀਆਂ ਹਨ। ਇਹ ਜਾਣਕਾਰੀ ਇੰਜ ਸੰਦੀਪ ਬਹਿਲ ਮੁੱਖ ਵਾਤਾਵਰਣ ਇੰਜੀਨੀਅਰ (ਬਠਿੰਡਾ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਡੋਰ ਦੇ ਵਿਕਰੇਤਾਵਾਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ । ਇਸ ਕਾਰਵਾਈ ਦੀ ਕੜੀ ਅਧੀਨ ਜਿਲ੍ਹਾ ਫਰੀਦਕੋਟ ਦੇ ਪਤੰਗ ਅਤੇ ਡੋਰ ਦੇ ਥੋਕ ਵਿਕਰੇਤਾਵਾਂ ਨੂੰ ਵਾਤਾਵਰਣ (ਸੁਰੱਖਿਆ) ਐਕਟ, 1986 ਦੇ ਅਧੀਨ ਨੋਟਿਸ ਜਾਰੀ ਕਰਕੇ ਨਿੱਜੀ ਸੁਣਵਾਈ ਕੀਤੀ ਗਈ । ਜਿਸ ਵਿੱਚ ਇਸ ਡੋਰ ਨੂੰ ਬਣਾਉਣ ਬਾਰੇ, ਸਪਲਾਈ ਕਰਨ ਬਾਰੇ ਅਤੇ ਵੇਚਣ ਬਾਰੇ ਡੂੰਘਾਈ ਨਾਲ ਵਿਚਾਰ – ਵਟਾਂਦਰਾ ਕੀਤਾ ਗਿਆ। ਮੌਕੇ ਤੇ ਸਾਰੇ ਥੋਕ ਵਿਕਰੇਤਾਵਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਉਹ ਇਸ ਤਰ੍ਹਾਂ ਦੀ ਡੋਰ ਨਹੀਂ ਵੇਚਣਗੇ ਅਤੇ ਆਪਣੀਆਂ ਦੁਕਾਨਾਂ ਤੇ ਲਿਖਤੀ ਰੂਪ ਵਿੱਚ ਬੋਰਡ ਲਗਾਉਣਗੇ ਅਤੇ ਜਿਸ ਉੱਪਰ ਲਿਖਣਾ ਯਕੀਨੀ ਬਣਾਉਣਗੇ ਕਿ “ਇੱਥੇ ਚਾਈਨਾਂ ਡੋਰ / ਮਾਂਝਾ ਨਹੀਂ ਮਿਲਦਾ “।

ਮੁੱਖ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਬਠਿੰਡਾ), ਸੰਦੀਪ ਬਹਿਲ ਨੇ ਦੱਸਿਆ ਕਿ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 05.03.2023 ਰਾਹੀਂ ਚਾਈਨਾ ਡੋਰ/ਮਾਂਝੇ ਸਮੇਤ ਪਤੰਗ ਉਡਾਉਣ ਵਾਲੇ ਤਿੱਖੇ ਧਾਗੇ ਦਾ ਉਤਪਾਦਨ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਨਾਈਲੋਨ, ਪਲਾਸਟਿਕ ਜਾਂ ਕਿਸੇ ਹੋਰ ਸਿੰਥੈਟਿਕ ਸਮੱਗਰੀ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ ਦੀ ਵਰਤੋਂ ਅਤੇ ਵਿਕਰੀ ਜਿਸ ਵਿੱਚ ਨੁਕਸਾਨਦਾਇਕ “ਚੀਨੀ ਡੋਰ/ਮਾਂਝਾ” ਅਤੇ ਕੋਈ ਹੋਰ ਸਿੰਥੇਟਿਕ ਪਤੰਗ ਉਡਾਉਣ ਵਾਲੀ ਸਮੱਗਰੀ ਜੋ ਗਲਨਸ਼ੀਲ ਨਹੀਂ ਹੈ, ਤਿੱਖੀ ਜਾਂ ਤਿੱਖੀ ਲੇਸ ਵਾਲੀ ਸਮੱਗਰੀ ਜਿਵੇਂ ਕਿ ਕੱਚ / ਧਾਤ ਦੀ ਬਣੀ ਹੋਈ ਹੈ, ਜੇਕਰ ਕਿਸੇ ਵੀ ਵਿਕਰੇਤਾ ਤੋਂ ਇਹ ਪਾਬੰਦੀਸ਼ੁਦਾ ਡੋਰ ਮਿਲ ਜਾਂਦੀ ਹੈ ਤਾਂ ਉਸ ਵਿਰੁੱਧ ਵਾਤਾਵਰਣ (ਸੁਰੱਖਿਆ)ਐਕਟ, 1986 ਦੀ ਧਾਰਾ 15 ਅਧੀਨ ਕਾਰਵਾਈ ਕੀਤੀ ਜਾਵੇਗੀ, ਇਸ ਧਾਰਾ ਦੀ ਉਲੰਘਣਾ ਕਰਨ ਵਾਲੇ ਨੂੰ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ । “

ਇਸ ਮੀਟਿੰਗ ਵਿੱਚ ਇੰਜ ਰਾਕੇਸ਼ ਨਇਰ, ਸੀਨੀਅਰ ਵਾਤਾਵਰਣ ਇੰਜੀਨੀਅਰ, ਇੰਜ. ਦਲਜੀਤ ਸਿੰਘ, ਵਾਤਾਵਰਣ ਇੰਜੀਨੀਅਰ, ਫਰੀਦਕੋਟ, ਇੰਜ ਰੂਬੀ ਸਿੱਧੂ, ਵਾਤਾਵਰਣ ਇੰਜੀਨੀਅਰ, ਜੋਨਲ ਦਫਤਰ, ਬਠਿੰਡਾ ਅਤੇ ਖੇਤਰੀ ਦਫਤਰ, ਫਰੀਦਕੋਟ ਦੇ ਸਮੂਹ ਸਹਾਇਕ ਵਾਤਾਵਰਣ ਵੀ ਸ਼ਾਮਲ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।