17 ਸਤੰਬਰ 2024 : ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਦੇ ਵਫ਼ਦ ਨੇ ਅੱਜ ਯੂਨੀਅਨ ਦੀ ਸੀਨੀਅਰ ਮੀਤ ਕੁਲਵੰਤ ਕੌਰ ਬਾਠ ਦੀ ਅਗਵਾਈ ਹੇਠ ਪੰਚਾਇਤ ਵਿਭਾਗ ਦੇ ਨਵੇਂ ਨਿਯੁਕਤ ਕੀਤੇ ਡਾਇਰੈਕਟਰ ਪਰਮਜੀਤ ਸਿੰਘ ਨਾਲ ਵਿਭਾਗ ਦੇ ਫੇਜ਼ ਅੱਠ ਵਿਚਲੇ ਮੁੱਖ ਦਫ਼ਤਰ ਵਿਕਾਸ ਭਵਨ ਵਿੱਚ ਮੁਲਾਕਾਤ ਕੀਤੀ। ਵਫ਼ਦ ਵਿੱਚ ਯੂਨੀਅਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ, ਸਕੱਤਰ ਜਾਗੀਰ ਸਿੰਘ ਢਿੱਲੋਂ ਹੰਸਾਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਦਿਆਲ ਸਿੰਘ ਮੌਜੂਦ ਸਨ।
ਵਫ਼ਦ ਨੇ ਡਾਇਰੈਕਟਰ ਨੂੰ ਪੰਚਾਇਤੀ ਰਾਜ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਲਿਖਤੀ ਮੰਗ ਪੱਤਰ ਦਿੱਤਾ। ਉਨ੍ਹਾਂ ਪੈਨਸ਼ਨਰਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦੀ ਸਿਫ਼ਾਰਸ਼ਾਂ ਲਾਗੂ ਕਰਨ, ਐੱਲਟੀਸੀ ਸਹੂਲਤ ਦੇਣ, ਪੂਰੀ ਸਰਵਿਸ ਦੀ ਪੈਨਸ਼ਨ ਦੇਣ, 100 ਸਾਲ ਤੱਕ ਬੁਢਾਪਾ ਭੱਤੇ ਦਾ ਲਾਭ ਦੇਣ, ਮੈਡੀਕਲ ਅਤੇ ਹੋਰ ਬਾਕਾਇਆਂ ਨੂੰ ਤੁਰੰਤ ਜਾਰੀ ਕਰਨ, ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਖਾਤਿਆਂ ਵਿੱਚ ਪੈਨਸ਼ਨ ਪਾਏ ਜਾਣ, ਪੈਨਸ਼ਨ ਲਾਉਣ ਦੇ ਅਮਲ ਨੂੰ ਸਮਾਂਬੱਧ ਕਰਨ ਵਰਗੀਆਂ ਮੰਗਾਂ ਉਠਾਈਆਂ।
ਡਾਇਰੈਕਟਰ ਨੇ ਵਫ਼ਦ ਨੂੰ ਕਿਹਾ ਕਿ ਪੰਚਾਇਤ ਵਿਭਾਗ ਦਾ ਸਾਰਾ ਧਿਆਨ ਰਾਜ ਵਿੱਚ ਪੰਚਾਇਤਾਂ ਅਤੇ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਕਰਾਉਣ ’ਤੇ ਕੇਂਦਰਿਤ ਹੈ। ਡਾਇਰੈਕਟਰ ਨੇ ਵਿਸ਼ਵਾਸ ਦਿਵਾਇਆ ਕਿ ਪੰਚਾਇਤੀ ਚੋਣਾਂ ਮਗਰੋਂ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਉਹ ਬਣਦੀ ਕਾਰਵਾਈ ਕਰਨਗੇ। ਡਾਇਰੈਕਟਰ ਦੇ ਇਸ ਭਰੋਸੇ ਮਗਰੋਂ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵੱਲੋਂ 15 ਅਕਤੂਬਰ ਨੂੰ ਦਿੱਤਾ ਜਾਣ ਵਾਲਾ ਸੂਬਾਈ ਧਰਨਾ ਮੁਲਤਵੀ ਕਰਨ ਦਾ ਐਲਾਨ ਕੀਤਾ।