ਫ਼ਤਹਿਗੜ੍ਹ ਸਾਹਿਬ (ਪੰਜਾਬੀ ਖਬਰਨਾਮਾ) 27 ਮਈ : ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ’ਤੇ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਡਾ. ਅਮਰ ਸਿੰਘ ਤੇ ਦੋ ਸਾਬਕਾ ਸੀਨੀਅਰ ਕਾਂਗਰਸੀ ਨੇਤਾਵਾਂ ਗੁਰਪ੍ਰੀਤ ਸਿੰਘ ਜੀਪੀ ਅਤੇ ਗੇਜਾ ਰਾਮ ਵਿਚਕਾਰ ਸਿਆਸੀ ਜੰਗ ਨੇ ਮੁਕਾਬਲੇ ਨੂੰ ਰੋਚਕ ਬਣਾ ਦਿਤਾ ਹੈ। ਬੱਸੀ ਪਠਾਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਅਤੇ ਸਾਬਕਾ ਕਾਂਗਰਸੀ ਆਗੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਗੇਜਾ ਸਿੰਘ ਵਾਲਮੀਕਿ, ਜੋ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਇਸ ਵਾਰ ਚੋਣ ਮੈਦਾਨ ਵਿਚ ਹਨ ਡਟੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਐੱਮਪੀ ਬਸੰਤ ਸਿੰਘ ਖ਼ਾਲਸਾ ਦੇ ਪੁੱਤਰ ਅਤੇ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਬਸਪਾ ਵੱਲੋਂ ਕੁਲਵੰਤ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਫ਼ਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਪੰਜਾਬ ਦੀ ਰਾਖਵੀਂ ਸੀਟ ਹੈ। ਫ਼ਤਹਿਗੜ੍ਹ ਸਾਹਿਬ ਸੰਸਦੀ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ ਜਿਨ੍ਹਾਂ ਵਿਚ ਬੱਸੀ ਪਠਾਣਾ, ਫ਼ਤਹਿਗੜ੍ਹ ਸਾਹਿਬ, ਅਮਲੋਹ, ਖੰਨਾ, ਸਮਰਾਲਾ, ਸਾਹਨੇਵਾਲ, ਪਾਇਲ, ਰਾਏਕੋਟ ਤੇ ਅਮਰਗੜ੍ਹ। ਇਨ੍ਹਾਂ 9 ਸੀਟਾਂ ਵਿੱਚੋਂ ਤਿੰਨ ਸੀਟਾਂ (ਰਾਏਕੋਟ, ਪਾਇਲ ਅਤੇ ਬੱਸੀ ਪਠਾਣਾ) ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ।
ਇਹ ਸੀਟ 2009 ਵਿਚ ਹੀ ਹੋਂਦ ’ਚ ਆਈ ਸੀ, ਹੁਣ ਤੱਕ ਇਸ ਸੀਟ ਤੋਂ ਕੁੱਲ ਤਿੰਨ ਸੰਸਦ ਮੈਂਬਰ ਚੁਣੇ ਗਏ ਹਨ। ਦੋ ਵਾਰ ਇਹ ਸੀਟ ਇੰਡੀਅਨ ਨੈਸ਼ਨਲ ਕਾਂਗਰਸ ਦੇ ਹਿੱਸੇ ਗਈ। ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਇਕ ਵਾਰ ਵੀ ਸੀਟ ਨਹੀਂ ਜਿੱਤ ਸਕਿਆ ਹੈ। ਭਾਜਪਾ ਵੱਲੋ ਪਹਿਲੀ ਵਾਰ ਇਸ ਸੀਟ ਤੋਂ ਚੋਣ ਲੜੀ ਜਾ ਰਹੀ ਹੈ। 2009 ’ਚ ਕਾਂਗਰਸ ਦੇ ਸੁਖਦੇਵ ਸਿੰਘ ਲਿਬੜਾ ਤੇ 2019 ਵਿਚ ਅਮਰ ਸਿੰਘ ਇਸ ਸੀਟ ਤੋਂ ਚੋਣ ਜਿੱਤ ਕੇ ਲੋਕ ਸਭਾ ਪੁੱਜੇ ਸਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਹਰਿੰਦਰ ਸਿੰਘ ਖ਼ਾਲਸਾ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਇਸ ਸੀਟ ਤੋਂ ਲੋਕ ਸਭਾ ਵਿਚ ਪਹੁੰਚੇ ਸਨ। 2019 ਦੀਆਂ ਆਮ ਚੋਣਾਂ ਦੀ ਗੱਲ ਕਰੀਏ ਤਾਂ ਇਸ ਸੀਟ ’ਤੇ ਮੁੱਖ ਮੁਕਾਬਲਾ ਕਾਂਗਰਸ ਦੇ ਅਮਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਵਿਚਕਾਰ ਸੀ।
ਵੋਟਰਾਂ ਦੀ ਗਿਣਤੀ
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿੱਚ 15 ਲੱਖ 50 ਹਜ਼ਾਰ 734 ਕੁੱਲ ਵੋਟਰ ਹਨ ਜਿਨ੍ਹਾਂ ਵਿਚ 8 ਲੱਖ 22 ਹਜ਼ਾਰ 493 ਮਰਦ ਵੋਟਰ, 7 ਲੱਖ 28 ਹਜ਼ਾਰ 209 ਮਹਿਲਾ ਵੋਟਰ ਅਤੇ 32 ਟਰਾਂਸਜੈਂਡਰ ਵੋਟਰ ਹਨ।
ਹਲਕੇ ਦੀਆਂ ਸਮੱਸਿਆਵਾਂ
– ਪਿੰਡਾਂ ਦੇ ਛੱਪੜਾਂ ਦੀ ਸਫਾਈ ਨਾ ਹੋਣਾ
– ਫ਼ਤਹਿਗੜ੍ਹ ਸਾਹਿਬ ਵਿਚ ਜ਼ਿਆਦਾਤਰ ਸ਼੍ਰੋਮਣੀ ਕਮੇਟੀ ਵਲੋਂ ਚਲਾਈਆਂ ਜਾ ਰਹੀਆਂ ਸਿੱਖਿਆ ਸੰਸਥਾਵਾਂ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਹਨ ਪਰ ਉਨ੍ਹਾਂ ਨੂੰ ਫੰਡਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਸਟਾਫ ਨੂੰ ਸਮੇਂ ਤੇ ਤਨਖਾਹਾਂ ਨਹੀਂ ਮਿਲ ਰਹੀਆਂ। ਸ੍ਰੀ ਗੁਰੂ ਗੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਅਤੇ ਹੋਰਨਾਂ ਸੰਸਥਾਵਾ ਦੀ ਪੋਸਟ ਮੈਟਿ੍ਰਕ ਸਕੀਮ ਤਹਿਤ ਪੰਜਾਬ ਸਰਕਾਰ ਕੋਲ ਪਈ ਪੈਡਿੰਗ ਗ੍ਰਾਂਟ ਅਜੇ ਤੱਕ ਅਦਾ ਨਹੀਂ ਕੀਤੀ ਗਈ ਹੈ।
-ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀ ਵੀ ਆਪਣੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਉਮੀਦਵਾਰ ਬਾਰੇ ਜਾਣਕਾਰੀ
‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ
ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਬਸੀ ਪਠਾਣਾ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਫਤਿਹਗੜ੍ਹ ਸਾਹਿਬ ਲੋਕ ਸਭਾ ਅਧੀਨ ਆਉਂਦੇ ਨੌ ਵਿਧਾਨ ਸਭਾ ਹਲਕਿਆਂ ਵਿੱਚ ਆਪ ਦੇ ਵਿਧਾਇਕ ਅਤੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਜੀਪੀ ਦੀ ਚੋਣ ਮੁਹਿੰਮ ਨੂੰ ਤਾਕਤ ਦੇ ਰਹੇ ਹਨ। ਕਾਂਗਰਸ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਦਾ ਅਹੁਦਾ ਛੱਡ ਕੇ ਆਪ ਵਿੱਚ ਸ਼ਮੂਲੀਅਤ ਕਰਨ ਵਾਲੇ ਜੀਪੀ ਦੀ ਚੋਣ ਮੁਹਿੰਮ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਰੁਚੀ ਲੈ ਰਹੇ। ਮੁੱਖ ਮੰਤਰੀ ਨੇ ਜੀਪੀ ਦੇ ਹੱਕ ਵਿੱਚ ਕਈ ਰੋਡ ਸ਼ੋਅ ਕੀਤੇ ਹਨ।
ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ
ਕਾਂਗਰਸ ਨੇ ਇਸ ਵਾਰ ਡਾ. ਅਮਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਉਹ ਪਿਛਲੀ ਵਾਰ ਵੀ ਫਤਿਹਗੜ੍ਹ ਸਾਹਿਬ ਤੋਂ ਐਮਪੀ ਸਨ। ਉਨ੍ਹਾਂ ਦੇ ਵਿਰੋਧੀ ਇਹ ਪ੍ਰਚਾਰ ਕਰ ਰਹੇ ਹਨ ਕਿ ਉਹ ਪਿਛਲੇ ਕਾਰਜਕਾਲ ਦੌਰਾਨ ਆਪਣੇ ਲੋਕ ਸਭਾ ਹਲਕੇ ਵਿੱਚ ਲੋਕਾਂ ਨਾਲ ਘੱਟ ਵਿਚਰੇ ਹਨ। ਇਸ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਗੁਰਪ੍ਰੀਤ ਸਿੰਘ ਜੀਪੀ ਅਤੇ ਕੁਝ ਹੋਰ ਨੇਤਾਵਾਂ ਦੀ ਆਪ ਵਿੱਚ ਸ਼ਮੂਲੀਅਤ ਦਾ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। ਦੂਜੇ ਪਾਸੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੋਕ ਸਭਾ ਵਿੱਚ ਹਲਕੇ ਨਾਲ ਸਬੰਧਤ ਅਹਿਮ ਮੁੱਦੇ ਚੱਕੇ ਹਨ ਤੇ ਸਮੱਸਿਆਵਾਂ ਦਾ ਹੱਲ ਵੀ ਕਰਵਾਇਆ।
ਭਾਜਪਾ ਉਮੀਦਵਾਰ ਗੇਜਾ ਰਾਮ
ਭਾਜਪਾ ਨੇ ਗੇਜਾ ਰਾਮ ਵਾਲਮੀਕੀ ਨੂੰ ਇਸ ਲੋਕ ਸਭਾ ਹਲਕੇ ਤੋਂ ਉਮੀਦਵਾਰ ਉਤਾਰਿਆ ਹੈ। ਉਹ ਪਹਿਲਾਂ ਕਾਂਗਰਸ ਵਿੱਚ ਸਨ। ਉਹ ਸਫਾਈ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਹਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਰਹੀ। ਗੇਜਾ ਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੇ ਵੋਟਾਂ ਮੰਗ ਰਹੇ ਹਨ। ਭਾਵੇਂ ਰਾਮ ਮੰਦਿਰ ਫੈਕਟਰ ਆਮ ਹਿੰਦੂ ਨੂੰ ਪ੍ਰਭਾਵਿਤ ਕਰ ਰਿਹਾ ਪਰੰਤੂ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਕੀਤਾ ਜਾ ਰਿਹਾ ਵਿਰੋਧ ਭਾਜਪਾ ਉਮੀਦਵਾਰ ਦੇ ਰਾਹ ਵਿੱਚ ਰੋੜੇ ਅਟਕਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਉਮੀਦਵਾਰ ਨੂੰ ਆਪਣੇ ਕਾਂਗਰਸ ਦੇ ਪੁਰਾਣੇ ਸਾਥੀਆਂ ਦਾ ਸਮਰਥਨ ਵੀ ਮਿਲ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਬਿਕਰਮਜੀਤ ਸਿੰਘ ਖ਼ਾਲਸਾ
ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਬਿਕਰਮਜੀਤ ਸਿੰਘ ਖਾਲਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਇਕੱਲਿਆਂ ਹੀ ਇਸ ਹਲਕੇ ਤੋਂ ਚੋਣ ਲੜ ਰਿਹਾ ਹੈ। ਖਾਲਸਾ ਸਾਬਕਾ ਐਮਪੀ ਸਵਰਗੀ ਬਸੰਤ ਸਿੰਘ ਖਾਲਸਾ ਦੇ ਪੁੱਤਰ ਹਨ। ਪਿਛਲੀਆਂ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਸਾਂਝੇ ਤੌਰ ਤੇ ਲੜੀਆਂ ਗਈਆਂ ਸਨ ਪਰ ਇਸ ਵਾਰ ਹਾਲਾਤ ਬਿਲਕੁਲ ਅਲੱਗ ਹਨ। ਅਕਾਲੀ ਦਲ ਦਾ ਨਾ ਭਾਜਪਾ ਨਾਲ ਅਤੇ ਨਾ ਹੀ ਬਸਪਾ ਨਾਲ ਕਿਸੇ ਵੀ ਤਰ੍ਹਾਂ ਦਾ ਗੱਠਜੋੜ ਹੈ। ਖ਼ਾਲਸਾ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਇਸ ਲਈ ਉਹਨਾਂ ਨੂੰ ਕਾਫ਼ੀ ਸਿਆਸੀ ਤਜਰਬਾ ਹੈ।