12 ਜੂਨ 2024 (ਪੰਜਾਬੀ ਖਬਰਨਾਮਾ) : ਪੰਜਾਬ ’ਚ ਨਸ਼ਿਆਂ ਨੇ ਜਿੱਥੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ, ਉੱਥੇ ਘਰਾਂ ਨੂੰ ਵੀ ਉਜਾੜ ਦਿੱਤਾ ਹੈ। ਇਸ ਕਾਰਨ ਸੂਬੇ ਦਾ ਅਰਥਚਾਰਾ ਵੀ ਤਬਾਹ ਹੋ ਰਿਹਾ ਹੈ ਤੇ ਅਪਰਾਧ ਵੀ ਵਧ ਰਹੇ ਹਨ। ਨਸ਼ੇ ਅੱਜ ਨਾ ਸਿਰਫ਼ ਪੰਜਾਬ ਦੀ ਬਲਕਿ ਕੌਮਾਂਤਰੀ ਸਮੱਸਿਆ ਬਣ ਗਏ ਹਨ ਜਿਸ ਲਈ ਕਾਫ਼ੀ ਮੁਲਕਾਂ ’ਚ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ’ਤੇ ਸਹਿਮਤੀ ਵੀ ਬਣੀ ਹੈ। ਨਸ਼ਿਆਂ ਖ਼ਾਤਰ ਨੌਜਵਾਨ ਚੋਰੀ, ਲੁੱਟਮਾਰ ਤੇ ਡਕੈਤੀ ਤੋਂ ਲੈ ਕੇ ਕਿਸੇ ਦਾ ਖ਼ੂਨ ਤੱਕ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਹਾਲਤ ਇਹ ਹੋ ਗਈ ਹੈ ਕਿ ਨਸ਼ੇ ਦੇ ਆਦੀ ਲੋਕ ਆਪਣਿਆਂ ਦੀ ਵੀ ਜਾਨ ਲੈ ਰਹੇ ਹਨ।
ਫ਼ਰੀਦਕੋਟ ’ਚ ਇਕ ਨੌਜਵਾਨ ਨੇ ਨਸ਼ੇ ਲਈ ਪੈਸੇ ਨਾ ਦੇਣ ’ਤੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ। ਬਟਾਲਾ ’ਚ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਜਦਕਿ ਮੁਕਤਸਰ ’ਚ ਨਸ਼ੇ ਦੇ ਆਦੀ ਇਕ ਨੌਜਵਾਨ ਦੀ ਮੌਤ ਹੋ ਗਈ। ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ ਪਿਛਲੇ ਸਾਲ ਦੇਸ਼ ’ਚ ਨਸ਼ੇ ਦੀ ਓਵਰਡੋਜ਼ ਕਾਰਨ ਸਭ ਤੋਂ ਵੱਧ ਮਰਨ ਵਾਲੇ ਲੋਕਾਂ ਦੀ ਗਿਣਤੀ ਪੰਜਾਬ ’ਚ ਸੀ ਜਿੱਥੇ 144 ਲੋਕਾਂ ਦੀ ਮੌਤ ਹੋਈ ਸੀ ਜਦਕਿ ਰਾਜਸਥਾਨ ’ਚ 117 ਜਾਨਾਂ ਗਈਆਂ ਸਨ।
ਪੰਜਾਬ ’ਚ ਨਾ ਤਾਂ ਨਸ਼ੇ ਨਾਲ ਜੁੜੇ ਪਦਾਰਥ ਉਗਾਏ ਜਾ ਰਹੇ ਹਨ ਤੇ ਨਾ ਹੀ ਇਨ੍ਹਾਂ ਦਾ ਇੱਥੇ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦਾ ਮੂਲ ਕਾਰਨ ਦੇਸ਼ ਦੇ ਬਾਹਰੋਂ ਨਸ਼ਿਆਂ ਦੀ ਤਸਕਰੀ ਹੈ। ਜੂਨ 2012 ਤੇ ਮਾਰਚ 2013 ’ਚ ਸੂਬੇ ’ਚ ਕੁਝ ਲੈਬਾਰਟਰੀਆਂ ’ਚ ਸਿੰਥੈਟਿਕ ਨਸ਼ਿਆਂ ਦੇ ਨਿਰਮਾਣ ਦਾ ਪਤਾ ਲੱਗਾ ਸੀ ਪਰ ਇਹ ਲੈਬਾਰਟਰੀਆਂ ਖ਼ਤਮ ਕਰ ਦਿੱਤੀਆਂ ਗਈਆਂ ਸਨ। ਸੂਬੇ ’ਚ ਬਹੁਤ ਸਾਰੀਆਂ ਥਾਵਾਂ ’ਤੇ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ। ਹੁਣ ਤਾਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਕਈ ਇਲਾਕੇ ਤਾਂ ਨਸ਼ਿਆਂ ਲਈ ਬਦਨਾਮ ਹੋ ਗਏ ਹਨ। ਹਾਲਾਂਕਿ ਸਮਾਜਿਕ ਸੰਸਥਾਵਾਂ ਵੱਲੋਂ ਇਸ ਪਾਸੇ ਕਦਮ ਚੁੱਕੇ ਜਾ ਰਹੇ ਹਨ। ਕਈ ਪਿੰਡਾਂ ਨੇ ਇਸ ਖ਼ਿਲਾਫ਼ ਮਤੇ ਪਾਸ ਕੀਤੇ ਹਨ ਕਿ ਜੋ ਕੋਈ ਇਲਾਕੇ ’ਚ ਨਸ਼ੇ ਦੀ ਵਿਕਰੀ ਕਰੇਗਾ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਪਰ ਸਵਾਲ ਇਹ ਹੈ ਕਿ ਏਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਸ਼ਿਆਂ ’ਤੇ ਰੋਕ ਕਿਉਂ ਨਹੀਂ ਲੱਗ ਰਹੀ? ਸਭ ਤੋਂ ਵੱਡਾ ਕਾਰਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੈ। ਸਰਹੱਦੀ ਇਲਾਕਿਆਂ ’ਚ ਵਿਕਾਸ ਨਾ ਹੋਣ ਕਾਰਨ ਬਹੁਤੇ ਸਾਰੇ ਨੌਜਵਾਨ ਗੁਮਰਾਹ ਹੋ ਗਏ ਹਨ।
ਪਾਕਿਸਤਾਨ ਤੋਂ ਲਗਾਤਾਰ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਸਮਾਜ ਵਿਰੋਧੀ ਅਨਸਰ ਇਨ੍ਹਾਂ ਇਲਾਕਿਆਂ ਦੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜਦੇ ਹਨ, ਉਸ ਤੋਂ ਬਾਅਦ ਇਨ੍ਹਾਂ ਨੂੰ ਨਸ਼ੇ ਦੇ ਕਾਰੋਬਾਰ ’ਚ ਪਾ ਕੇ ਸੂਬੇ ਦੀ ਜਵਾਨੀ ਤਬਾਹ ਕਰ ਰਹੇ ਹਨ। ਇਕ ਸਮਾਂ ਸੀ ਜਦੋਂ ਸਾਡਾ ਸੂਬਾ ਖੇਡਾਂ ’ਚ ਦੇਸ਼ ’ਚ ਨੰਬਰ ਇਕ ’ਤੇ ਹੁੰਦਾ ਸੀ ਪਰ ਅੱਜ ਸਾਡੇ ਨੌਜਵਾਨ ਖੇਡਾਂ ’ਚ ਤਾਂ ਨਹੀਂ ਆ ਰਹੇ ਸਗੋਂ ਨਸ਼ਿਆਂ ਦਾ ਸੇਵਨ ਕਰ ਕੇ ਬੇਸੁੱਧ ਰਹਿੰਦੇ ਹਨ। ਬਹੁਤ ਸਾਰੇ ਖਿਡਾਰੀ ਵੀ ਨਸ਼ਿਆਂ ਕਾਰਨ ਆਪਣਾ ਕਰੀਅਰ ਤਬਾਹ ਕਰ ਬੈਠੇ ਹਨ।
ਨਸ਼ਿਆਂ ਖ਼ਿਲਾਫ਼ ਇਕ ਵੱਡੀ ਮੁਹਿੰਮ ਵਿੱਢਣ ਦੀ ਲੋੜ ਹੈ। ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਕੁਝ ਨਹੀਂ ਕਰ ਸਕਦੇ। ਨਸ਼ਿਆਂ ਵਿਰੁੱਧ ਸਭ ਨੂੰ ਇਕਜੁੱਟ ਹੋਣਾ ਪਵੇਗਾ। ਜਿਹੜੇ ਨਸ਼ਾ ਰੋਕੂ ਕੇਂਦਰ ਖੋਲ੍ਹੇ ਗਏ ਸਨ, ਉਨ੍ਹਾਂ ’ਚੋਂ ਬਹੁਤ ਸਾਰੇ ਤਾਂ ਲਾਵਾਰਸ ਹਨ। ਜਿਹੜੇ ਰਹਿ ਵੀ ਗਏ ਹਨ, ਉੱਥੇ ਬੁਨਿਆਦੀ ਢਾਂਚਾ ਹੀ ਨਹੀਂ ਹੈ। ਨਸ਼ੇ ਦੀ ਰੋਕਥਾਮ ਲਈ ਨਸ਼ਾ ਕਾਰੋਬਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।