ਕੈਥਲ , 09 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ ਤੋਂ ਡਿਪੋਰਟ ਕੀਤੇ ਗਏ ਨੌਜਵਾਨਾਂ ਦਾ ਜਥਾ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ ਪੁੱਜਾ। ਇਨ੍ਹਾਂ ਵਿਚੋਂ ਜ਼ਿਆਦਾਤਰ ਹਰਿਆਣਾ ਦੇ ਸਨ ਅਤੇ ਉਨ੍ਹਾਂ ਨੂੰ ਦਿੱਲੀ ਤੋਂ ਆਪੋ-ਆਪਣੇ ਜ਼ਿਲ੍ਹਿਆਂ ’ਚ ਭੇਜ ਦਿੱਤਾ ਗਿਆ। ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਹਤਰ ਭਵਿੱਖ ਦੀ ਉਮੀਦ ’ਤੇ ਲੱਖਾਂ ਰੁਪਏ ਖਰਚ ਕੀਤੇ ਸਨ ਪਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਡਿਪੋਰਟ ਕਰ ਦਿੱਤਾ ਗਿਆ। ਜ਼ਿਆਦਾਤਰ ਨੌਜਵਾਨ ਡੰਕੀ ਰਸਤੇ ਅਮਰੀਕਾ ਪੁੱਜੇ ਸਨ। ਇਨ੍ਹਾਂ ਵਿਚੋਂ ਛੇ ਨੌਜਵਾਨ ਤਾਂ ਅੱਠ ਮਹੀਨੇ ਪਹਿਲਾਂ ਹੀ ਅਮਰੀਕਾ ਗਏ ਸਨ।
ਹਰਿਆਣਾ ਦੇ 33 ਨੌਜਵਾਨ ਆਪੋ-ਆਪਣੇ ਪਿੰਡਾਂ ਵਿਚ ਪੁੱਜ ਗਏ ਹਨ। ਕਿਸੇ ਨੇ 30 ਤੋਂ 40 ਲੱਖ ਰੁਪਏ ਖਰਚ ਕੀਤੇ ਤਾਂ ਕਿਸੇ ਨੇ ਜ਼ਮੀਨ ਵੇਚ ਕੇ, ਕਰਜ਼ਾ ਲੈ ਕੇ ਜਾਂ ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ ਅਮਰੀਕਾ ਦੀ ਰਾਹ ਫੜੀ ਸੀ। 33 ਨੌਜਵਾਨਾਂ ਵਿਚ ਸਭ ਤੋਂ ਜ਼ਿਆਦਾ ਨੌਂ ਕੁਰੂਕਸ਼ੇਤਰ ਅਤੇ ਛੇ ਕੈਥਲ ਜ਼ਿਲ੍ਹੇ ਦੇ ਹਨ। ਕੈਥਲ ਦੇ ਜਿਹੜੇ ਛੇ ਨੌਜਵਾਨ ਆਏ ਹਨ, ਉਨ੍ਹਾਂ ਵਿਚ ਪਿੰਡ ਖੇੜੀ ਰਾਏਵਾਲੀ ਦਾ ਸੰਜੀਵ ਕੁਮਾਰ, ਸਿਸਮੌਰ ਦਾ ਗੁਰਦੇਵ, ਪਿੰਡ ਸੌਂਗਲ ਦਾ ਸਾਹਿਲ, ਧੇਰੜੂ ਦਾ ਸੱਜਨ, ਢਾਂਡ ਦਾ ਸੋਹਨ ਲਾਲ ਅਤੇ ਅਮਿਤ ਕੁਮਾਰ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਪਾਣੀਪਤ ਦੇ ਦੋ, ਯਮੁਨਾਨਗਰ ਦੇ ਦੋ, ਅੰਬਾਲਾ ਦੇ ਚਾਰ, ਹਿਸਾਰ ਦਾ ਇਕ, ਜੀੰਦ ਦੇ ਤਿੰਨ, ਕਰਨਾਲ ਦੇ ਚਾਰ, ਸੋਨੀਪਤ ਦਾ ਇਕ ਅਤੇ ਰੋਹਤਕ ਦਾ ਇਕ ਨੌਜਵਾਨ ਵੀ ਸ਼ਾਮਲ ਹੈ। ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਲਗਾ ਦਿੱਤੀ ਸੀ ਅਤੇ ਹੁਣ ਖਾਲੀ ਹੱਥ ਘਰ ਵਾਪਸ ਆ ਗਏ ਹਨ। ਕਈ ਨੌਜਵਾਨ ਘਰ ਆਉਣ ਦੀ ਬਜਾਏ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਹਨ। ਇਸ ਦੌਰਾਨ ਪ੍ਰਸ਼ਾਸਨ ਨੇ ਡਿਪੋਰਟ ਹੋਏ ਨੌਜਵਾਨਾਂ ਦੀ ਪੂਰੀ ਜਾਣਕਾਰੀ ਗੁਪਤ ਰੱਖੀ ਹੈ।
ਨੌਜਵਾਨਾਂ ਨੇ ਕਿਹਾ, ਡੰਕੀ ਰੂਟ ਰਾਹੀਂ ਅਮਰੀਕਾ ਨਾ ਜਾਓ
ਇਕ ਨੌਜਵਾਨ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਹ ਡੰਕੀ ਰੂਟ ਰਾਹੀਂ ਅਮਰੀਕਾ ਗਿਆ ਸੀ। ਉਸ ਨੇ ਕਰੀਬ 40 ਲੱਖ ਰੁਪਏ ਏਜੰਟ ਨੂੰ ਦਿੱਤੇ ਸਨ। ਉੱਥੇ ਪਹੁੰਚਦੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਉਸ ਨੂੰ ਡਿਟੈਂਸ਼ਨ ਸੈਂਟਰ ਵਿਚ ਰੱਖਿਆ ਗਿਆ। ਅਮਰੀਕਾ ਵਿਚ ਹੁਣ ਹਰ ਰੋਜ਼ ਚੈਕਿੰਗ ਹੋ ਰਹੀ ਹੈ। ਡਿਟੈਂਸ਼ਨ ਸੈਂਟਰ ਵਿਚ ਖਾਣਾ ਵੀ ਠੀਕ ਨਹੀਂ ਮਿਲਦਾ। ਨੌਜਵਾਨ ਦਾ ਕਹਿਣਾ ਹੈ ਕਿ ਕੋਈ ਵੀ ਡੰਕੀ ਰੂਟ ਰਾਹੀਂ ਅਮਰੀਕਾ ਨਾ ਜਾਏ। ਕੈਥਲ ਦੇ ਨੌਜਵਾਨ ਨੇ ਦੱਸਿਆ ਕਿ ਮੇਰਾ ਸਭ ਕੁਝ ਉੱਜੜ ਗਿਆ, ਇਕ ਏਕੜ ਜ਼ਮੀਨ ਵੇਚ ਕੇ ਡੰਕੀ ਰੂਟ ਰਾਹੀਂ ਅਮਰੀਕਾ ਗਿਆ ਸੀ, ਹੁਣ ਡਿਪੋਰਟ ਕਰ ਦਿੱਤਾ ਗਿਆ। ਜ਼ਮੀਨ ਅਤੇ ਜੋ ਪੈਸਾ ਸੀ, ਉਹ ਵੀ ਚਲਾ ਗਿਆ। ਪਰਿਵਾਰ ਦੀ ਇਕ ਔਰਤ ਨੇ ਕਿਹਾ ਕਿ ਇਕ ਏਕੜ ਜ਼ਮੀਨ ’ਚ ਕਮਾ-ਖਾ ਲੈਂਦੇ ਸਨ, ਉਹ ਜ਼ਮੀਨ ਵੀ ਚਲੀ ਗਈ।
