7 ਅਗਸਤ 2024 : ਬੇਸ਼ੱਕ ਦੇਸ਼ ਨੂੰ ਆਜ਼ਾਦ ਹੋਇਆਂ 78 ਸਾਲ ਦਾ ਲੰਬਾ ਅਰਸਾ ਹੋ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਭਾਰਤ-ਪਾਕਿ ਦੇ 2 ਟੋਟੇ ਹੋਇਆ ਨੂੰ ਵੀ ਇੰਨਾ ਹੀ ਸਮਾਂ ਬੀਤ ਚੁੱਕਾ ਹੈ ਪਰ ਇਸ ਅਣਕਿਆਸੀ ਵੰਡ ਦਾ ਸੱਭ ਤੋਂ ਵੱਧ ਸੰਤਾਪ ਤੇ ਦਰਦ ਦੋਵਾਂ ਦੇਸ਼ਾਂ ਦੇ ਸਾਂਝੇ ਪੰਜਾਬ ਦੇ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ ਤੇ ਦੋਵਾਂ ਪਾਸਿਆਂ ਦੇ 10 ਲੱਖ ਦੇ ਕਰੀਬ ਪੰਜਾਬੀਆਂ ਨੇ ਆਪਣੀ ਬਲੀ ਦੇ ਕੇ ਇਸ ਵੰਡ ਦੀਆਂ ਪਰਪੱਕ ਲਕੀਰਾਂ ਨੂੰ ਸਦੀਵੀਂ ਵਾਸਤੇ ਉਕਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਜਿਸ ਦੇ ਜ਼ਖ਼ਮ ਦੋਵਾਂ ਪਾਸਿਆਂ ਦੇ ਅੱਠਵੇਂ ਤੇ ਨੌਵੇਂ ਦਹਾਕੇ ਦੀ ਜ਼ਿੰਦਗੀ ਜਿਉ ਰਹੇ ਬਜ਼ੁਰਗਾਂ ਦੀਆਂ ਅੱਖਾਂ ’ਤੇ ਜ਼ਹਿਨ ਵਿਚ ਅੱਲੇ ਹਨ। ਉਨ੍ਹਾਂ ਵਿਚੋਂ ਹੀ ਇਕ ਹਨ ਬਾਪੂ ਗੁਰਚਰਨ ਸਿੰਘ ਪੱਟੀ ਜੋ ਬਾਲ ਕਾਲ ਸਮੇਂ ਹੀ ਆਪਣੇ ਮਾਪਿਆਂ ਦੇ ਨਾਲ ਪਾਕਿਸਤਾਨ ਤੋਂ ਉੱਜੜ ਕੇ ਭਾਰਤੀ ਪੰਜਾਬ ਦੇ ਸਰਹੱਦੀ ਕਸਬਾ ਪੱਟੀ ਵਿਖੇ ਆ ਵਸੇ ਸਨ।

10 ਜਨਵਰੀ ਸੰਨ 1937 ਨੂੰ ਸਾਂਝੇ ਪੰਜਾਬ ਦੇ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਦੇ ਪਿੰਡ ਸਹਿਜਾਦਾ (ਅੱਜ ਕੱਲ ਪਾਕਿਸਤਾਨ) ਵਾਸੀ ਪਿਤਾ ਭਗਤ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਦੇ ਵਿਹੜੇ ਦੀ ਰੌਣਕ ਬਣੇ ਬਾਪੂ ਗੁਰਚਰਨ ਸਿੰਘ ਪੱਟੀ ਅੱਜ ਵੀ ਭਾਰਤ-ਪਾਕਿ ਦੀ ਅਣਕਿਆਸੀ ਵੰਡ ਨੂੰ ਲੈ ਕੇ ਜਿੱਥੇ ਅੱਖਾਂ ਨਮ ਕਰ ਲੈਂਦੇ ਹਨ, ਉੱਥੇ ਬਚਪਨ ਕਾਲ ਸਮੇਂ ਵਿੱਛੜੇ ਆਪਣੇ ਸੰਗੀ-ਸਾਥੀਆਂ ਤੇ ਰਿਸ਼ਤੇਦਾਰਾਂ ਦੀਆਂ ਯਾਦਾਂ ਨੂੰ ਲੈ ਕੇ ਗਲੇ ਦਾ ਗੱਚ ਭਰ ਕੇ ਕਈ ਆਪ ਬੀਤੀਆਂ ਸੁਣਾਉਂਦੇ ਹਨ। ਗੱਲਬਾਤ ਦੌਰਾਨ ਰੌਲਿਆ ਤੇ ਉਜਾੜਿਆਂ ਨੂੰ ਯਾਦ ਕਰਦਿਆਂ ਬਾਪੂ ਗੁਰਚਰਨ ਸਿੰਘ ਪੱਟੀ ਨੇ ਦੱਸਿਆ ਕਿ ਉਹ ਅਜੇ ਪਿੰਡ ਦੇ ਸਕੂਲ ਤੋਂ ਮੁੱਢਲੀ ਵਿੱਦਿਆ ਹੀ ਪ੍ਰਾਪਤ ਕਰ ਰਹੇ ਸਨ ਕਿ ਉਨ੍ਹਾਂ ਦੇ ਮਾਪਿਆਂ ਸਮੇਤ ਪੱਟੀ ਆ ਕੇ ਰਹਿਣ ਲਈ ਮਜਬੂਰ ਹੋਣਾ ਪਿਆ ਤੇ ਫਿਰ ਉਹ ਪੰਜਾਬੀ ਮੂਲ ਦੇ ਭਾਰਤੀ ਬਾਸ਼ਿੰਦੇ ਬਣ ਕੇ ਰਹਿ ਗਏ। ਪਰਿਵਾਰਕ ਤੰਗੀਆਂ-ਤੁਰਸ਼ੀਆਂ ਤੇ ਆਰਥਿਕ ਮੰਦਹਾਲੀ ਦੇ ਚੱਲਦਿਆਂ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਤੋਂ ਸੰਨ 1957 ’ਚ ਐਫਏ ਦੀ ਡਿਗਰੀ ਪਾਸ ਕੀਤੀ ਤੇ ਫਿਰ ਸੰਨ 1960 ਦੇ ਵਿਚ ਅੰਮ੍ਰਿਤਸਰ ਦੀ ਅਦਾਲਤ ਦੇ ਵਿਚ ਬਤੌਰ ਕਰਮਚਾਰੀ ਨੌਕਰੀ ਹਾਸਲ ਕਰ ਲਈ। ਇਸ ਉਪਰੰਤ ਉਹ ਗੁਰਸ਼ਰਨਜੀਤ ਕੌਰ ਦੇ ਨਾਲ ਵਿਆਹ ਬੰਧਨ ਵਿਚ ਬੱਝ ਗਏ। ਆਪਣੀ ਮਿਹਨਤ ਤੇ ਲਗਨ ਦੇ ਬਲਬੂਤੇ ਉਨ੍ਹਾਂ ਨੇ ਸਮੇਂ-ਸਮੇਂ ’ਤੇ ਤਰੱਕੀ ਤੇ ਰੁੱਤਬੇ ਵੀ ਹਾਸਲ ਕੀਤੇ। ਨੌਕਰੀ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਪ੍ਰਕਾਰ ਦੇ ਕਈ ਜੱਜਾਂ, ਸਰਕਾਰੀ ਤੇ ਗ਼ੈਰ ਸਰਕਾਰੀ ਵਕੀਲਾਂ ਦੀ ਸੰਗਤ ਦੇ ਨਾਲ ਕਈ ਅਦਾਲਤੀ ਬਰੀਕੀਆਂ ਤੇ ਮੁਹਾਰਤਾਂ ਵੀ ਹਾਸਲ ਹੋਈਆਂ ਜਿਸ ਦਾ ਫਾਇਦਾ ਕਈ ਵਰਗਾਂ ਨੂੰ ਮਿਲਿਆ।

ਬਾਪੂ ਗੁਰਚਰਨ ਸਿੰਘ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿਚ ਖਾੜਕੂਵਾਦ ਦੇ ਦੌਰ ਦੌਰਾਨ ਉਨ੍ਹਾਂ ਨੂੰ ਕਈ ਵਾਰ ਨਾਮੀ ਖਾੜਕੂਆਂ ਤੇ ਵਿਅਕਤੀ ਵਿਸ਼ੇਸ਼ ਦੀਆਂ ਜੇਲ੍ਹਾਂ ਵਿਚ ਹੋਣ ਵਾਲੀਆਂ ਸੁਣਵਾਈਆਂ ਦੇ ਵਿਚ ਵੀ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ। 31 ਜਨਵਰੀ 1995 ਨੂੰ ਉਹ ਆਪਣੀ ਸੇਵਾ ਮੁਕਤੀ ਉਪਰੰਤ ਨਿਊ ਕੋਟ ਮਿੱਤ ਸਿੰਘ ਤਰਨਤਾਰਨ ਰੋਡ ਨਿਵਾਸੀ ਆਪਣੇ ਬੇਟੇ ਰਿਟਾ ਐਸਡੀਓ ਕੁਲਵੰਤ ਸਿੰਘ, ਨੂੰਹ ਪ੍ਰਿੰਸੀਪਲ ਸੁਖਵੰਤ ਕੌਰ, ਪੋਤਰੇ ਡਾ. ਬਿਕਰਮਜੀਤ ਸਿੰਘ, ਪੋਤਰੇ ਇੰਜੀਨੀਅਰ ਜਸਪ੍ਰੀਤ ਸਿੰਘ ਤੇ 2 ਪੜਪੋਤਰੀਆਂ ਦੇ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। 87 ਸਾਲਾਂ ਬਾਪੂ ਗੁਰਚਰਨ ਸਿੰਘ ਪੱਟੀ ਨਿਰੋਗੀ, ਸਿਹਤਮੰਦ ਤੇ ਤੰਦਰੁਸਤ ਹਨ। ਉਨ੍ਹਾਂ ਦੱਸਿਆ ਕਿ ਇਸ ਕੁਲੈਹਣੀ ਵੰਡ ਨੇ ਸਮੁੱਚੇ ਧਰਮਾਂ ਤੇ ਵਰਗਾਂ ਨੂੰ ਰੱਜ ਕੇ ਨਪੀੜਿਆ ਤੇ ਕੋਹਿਆ ਹੈ ਜਿਸ ਦੀ ਚੀਸ ਲੰਮੇ ਸਮੇਂ ਤੱਕ ਉਨ੍ਹਾਂ ਨੂੰ ਦਰਦ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਬੇਸ਼ੱਕ ਆਪਣੀ ਮਿਹਨਤ, ਸਿਰੜ ਤੇ ਸ਼ੰਘਰਸ਼ ਦੇ ਬਲਬੂਤੇ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਤੌਰ ਤਰੀਕੇ ਸਿੱਖੇ ਪਰ ਜੋ ਗਵਾ ਲਿਆ ਹੈ ਉਹ ਘਾਟਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਇਸ ਵੰਡ ਦਾ ਸੰਤਾਪ ਸੱਭ ਤੋਂ ਵੱਧ ਦੋਵਾਂ ਦੇਸ਼ਾਂ ਦੇ ਪੰਜਾਬੀਆਂ ਨੇ ਆਪਣੇ ਪਿੰਡਿਆਂ ’ਤੇ ਝੱਲਿਆ ਹੈ ਤੇ ਸੱਭ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਵੀ ਪੰਜਾਬੀਆਂ ਦਾ ਹੀ ਹੋਇਆ ਹੈ। ਬੇਸ਼ੱਕ ਦੋਵੇਂ ਦੇਸ਼ਾਂ ਦੀਆਂ ਉਸ ਸਮੇਂ ਦੀਆਂ ਹਕੂਮਤਾਂ ਜ਼ਮੀਨ ਵੰਡਣ ਵਿੱਚ ਕਾਮਯਾਬ ਹੋ ਗਈਆ ਪਰ ਦੋਵਾਂ ਦੇਸ਼ਾਂ ਦੇ ਬਾਸ਼ਿੰਦਿਆਂ ਦੇ ਦਿਲ ਤੇ ਆਪਸੀ ਸਾਂਝਾ ਵੰਡਣ ਵਿਚ ਸਫਲਤਾ ਕਿਸੇ ਨੂੰ ਵੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ 22 ਜੁਲਾਈ 1976 ਨੂੰ ਅਮਰੀਕਾ ਦੇ ਵੱਲੋਂ ਦੋਵਾਂ ਦੇਸ਼ਾਂ ਦੇ ਦਰਮਿਆਨ ਰੇਲ ਸਮਝੌਤਾ ਕਰਵਾ ਕੇ ਸ਼ੁਰੂ ਕਰਵਾਈ ਗਈ ਸਮਝੌਤਾ ਐਕਸਪ੍ਰੈਸ ਮੁਸਾਫਰ ਰੇਲਗੱਡੀ ਤੇ ਸਦਾ-ਏ-ਸਰਹੱਦ ਸਦਭਾਵਨਾ ਬੱਸ ਦੇ ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਦੇ ਬਾਸ਼ਿੰਦਿਆਂ ਨੂੰ ਆਪਣਿਆਂ ਨੂੰ ਮਿਲਣ ਦੀ ਤਾਂਘ ਤੇ ਰੀਝ ਪੂਰੀ ਹੋਣੀ ਸ਼ੁਰੂ ਹੋ ਗਈ ਸੀ। ਵਿਸ਼ੇਸ਼ਕਰ ਦੋਵਾਂ ਦੇਸ਼ਾਂ ਦੇ ਸਿੱਖਾਂ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਵੱਡਾ ਲਾਹਾ ਪ੍ਰਾਪਤ ਹੋਇਆ। ਪਰ ਬੀਤੇ ਕੁੱਝ ਵਰਿਆ ਤੋਂ ਇਹ ਸਿਲਸਿਲਾ ਬੰਦ ਹੋ ਜਾਣ ਕਾਰਨ ਸੱਭ ਕੁੱਝ ਅੱਧਵਾਟਾ ਹੋ ਕੇ ਰਹਿ ਗਿਆ ਹੈ।

ਸਰਲ ਵੀਜ਼ਾ ਪ੍ਰਣਾਲੀ ਦੀ ਕੀਤੀ ਮੰਗ

87 ਵਰ੍ਹਿਆਂ ਦੇ ਬਾਪੂ ਗੁਰਚਰਨ ਸਿੰਘ ਭੱਟੀ ਨੇ ਹੌਕਾ ਲੈਂਦਿਆ ਕਿਹਾ ਕਿ ਪਤਾ ਨਹੀਂ ਹੁਣ ਵਿੱਛੜਿਆ ਦੇ ਨਾਲ ਮੇਲ ਹੋਣਾ ਕੇ ਨਹੀਂ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਹਰੇਕ ਪ੍ਰਕਾਰ ਦੇ ਯਾਤਾਯਾਤ ਤੇ ਵਪਾਰਕ ਸਬੰਧਾਂ ਦੀ ਵਕਾਲਤ ਕਰਦਿਆਂ ਨਰਮ ਤੇ ਸਰਲ ਵੀਜ਼ਾ ਪ੍ਰਣਾਲੀ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ 1947 ਦੀ ਭਾਰਤ ਪਾਕਿ ਵੰਡ ਦੇ ਚਸ਼ਮਦੀਦ ਗਵਾਹ ਹਨ ਪਰ ਉਹ ਕਿਸੇ ਵੀ ਕਿਸਮ ਦੀ ਕੁੜੱਤਣ ਤੇ ਕਸ਼ੀਦਗੀ ਭਰੇ ਮਾਹੌਲ ਦੇ ਪੱਖ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਘੁਸਪੈਠ, ਜਾਸੂਸੀ, ਨਸ਼ਾ ਤੱਸਕਰੀ, ਜਾਅਲੀ ਕਰੰਸੀ ਤੇ ਹਥਿਆਰਾਂ ਦੀ ਸਮੱਗਲਿੰਗ ਰੋਕਣ ਵਾਸਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਪੁਖਤਾ ਪ੍ਰਬੰਧ ਕਰਨ ਦੇ ਨਾਲ ਨਾਲ ਠੋਸ ਰਣਨੀਤੀ ਤਹਿਤ ਕਾਰਵਾਈ ਕਰਨੀ ਚਾਹੀਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।