ਰਾਜਸਥਾਨ , 2 ਜਨਵਰੀ 2025 (ਪੰਜਾਬੀ ਖ਼ਬਰਨਾਮਾ ਬਿਊਰੋ):- ਬੱਚੇ ਮਾਂ ਦੇ ਜਿਗਰ ਦੇ ਟੁਕੜੇ ਹੁੰਦੇ ਹਨ, ਪਰ ਇਸ ਰਿਸ਼ਤੇ ਨੂੰ ਲੈ ਕੇ ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਸ ਨੂੰ ਸੁਣਨ ਵਾਲੇ ਦਾ ਦਿਲ ਕੰਬ ਜਾਂਦਾ ਹੈ। ਕੁਝ ਅਜਿਹੀ ਹੀ ਘਟਨਾ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਵਿੱਚ ਵਾਪਰੀ ਹੈ। ਸਿਰੋਹੀ ਜ਼ਿਲ੍ਹੇ ਦੇ ਸ਼ਿਵਗੰਜ ਇਲਾਕੇ ਵਿੱਚ ਇੱਕ ਮਾਂ ਨੇ ਆਪਣੇ ਸਵਾ ਸਾਲ ਦੇ ਦੋ ਜੁੜਵਾ ਪੁੱਤਰਾਂ ਨੂੰ ਜ਼ਹਿਰ ਦੇ ਦਿੱਤਾ। ਫਿਰ ਉਸ ਨੇ ਖੁਦ ਜ਼ਹਿਰ ਨਿਗਲ ਲਿਆ। ਇਸ ਘਟਨਾ ਵਿੱਚ ਪਹਿਲਾਂ ਦੋਵੇਂ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਅਤੇ ਫਿਰ ਉਨ੍ਹਾਂ ਦੀ ਮਾਂ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਾਂ ਆਪਣੇ ਬੱਚਿਆਂ ਤੋਂ ਪਰੇਸ਼ਾਨ ਸੀ। ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ।

ਪੁਲਿਸ ਮੁਤਾਬਕ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸਿਰੋਹੀ ਜ਼ਿਲ੍ਹੇ ਦੇ ਸ਼ਿਵਗੰਜ ਥਾਣਾ ਖੇਤਰ ਵਿੱਚ ਬੁੱਧਵਾਰ ਨੂੰ ਵਾਪਰੀ। ਉੱਥੇ ਯੋਗੇਸ਼ ਛਿੰਪਾ ਦੀ ਪਤਨੀ ਰੇਖਾ ਆਪਣੀ ਮਾਂ ਨਾਲ ਰਹਿੰਦੀ ਸੀ। ਉਹ ਪਾਲੀ ਜ਼ਿਲ੍ਹੇ ਦੇ ਸੇਵਾੜੀ ਦੀ ਰਹਿਣ ਵਾਲੀ ਸੀ। ਰੇਖਾ ਦੇ ਸਵਾ ਸਾਲ ਦੇ ਦੋ ਜੁੜਵੇਂ ਪੁੱਤਰ ਸਨ, ਪੂਰਵੰਸ਼ ਅਤੇ ਪੂਰਵੀਤ। ਪਤੀ ਮਹਾਰਾਸ਼ਟਰ ਵਿੱਚ ਟੇਲਰਿੰਗ ਦਾ ਕੰਮ ਕਰਦਾ ਹੈ। ਰੇਖਾ ਨੇ ਬੁੱਧਵਾਰ ਦੁਪਹਿਰ ਨੂੰ ਆਪਣੇ ਦੋਵੇਂ ਪੁੱਤਰਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਬਾਅਦ ਵਿੱਚ ਉਸ ਨੇ ਖੁਦ ਵੀ ਜ਼ਹਿਰ ਖਾ ਲਿਆ। ਇਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਕਤਲ ਅਤੇ ਖੁਦਕੁਸ਼ੀ ਦੀ ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ।

ਘਟਨਾ ਤੋਂ ਬਾਅਦ ਜਦੋਂ ਰੇਖਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤਾਂ ਪੁਲਿਸ ਉੱਥੇ ਪਹੁੰਚ ਗਈ। ਪੁਲਿਸ ਨੇ ਉਸ ਦੇ ਬਿਆਨ ਲਏ। ਇਹਨਾਂ ਬਿਆਨਾਂ ਵਿੱਚ ਉਸ ਨੇ ਦੱਸਿਆ ਕਿ ਉਹ ਆਪਣੇ ਜੁੜਵਾਂ ਪੁੱਤਰਾਂ ਤੋਂ ਬਹੁਤ ਪਰੇਸ਼ਾਨ ਹੋ ਗਈ ਸੀ। ਇਸ ਲਈ ਉਸ ਨੇ ਉਨ੍ਹਾਂ ਦਾ ਕਤਲ ਕਰਕੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ। ਆਪਣੀ ਯੋਜਨਾ ਨੂੰ ਲਾਗੂ ਕਰਨ ਲਈ ਰੇਖਾ ਨੇ ਬੁੱਧਵਾਰ ਦੁਪਹਿਰ ਨੂੰ ਆਪਣੀ ਮਾਂ ਨੂੰ ਬਾਹਰ ਭੇਜ ਦਿੱਤਾ। ਬਾਅਦ ਵਿਚ ਉਸ ਨੇ ਪਹਿਲਾਂ ਬੱਚਿਆਂ ਨੂੰ ਜ਼ਹਿਰ ਦਿੱਤਾ ਅਤੇ ਫਿਰ ਖੁਦ ਖਾ ਲਿਆ।

ਰੇਖਾ ਦੀ ਮਾਂ ਜਦੋਂ ਬਾਹਰੋਂ ਵਾਪਸ ਆਈ ਤਾਂ ਤਿੰਨੋਂ ਘਰ ਵਿੱਚ ਬੇਹੋਸ਼ ਪਏ ਸਨ। ਇਹ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਆ ਗਏ। ਬਾਅਦ ਵਿੱਚ ਤਿੰਨਾਂ ਨੂੰ ਪਾਲੀ ਜ਼ਿਲ੍ਹੇ ਦੇ ਸੁਮੇਰਪੁਰ ਸਥਿਤ ਮਹਾਵੀਰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਹਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਰੇਖਾ ਨੂੰ ਦਾਖਲ ਕਰ ਲਿਆ। ਪਰ ਬਾਅਦ ਵਿੱਚ ਸ਼ਾਮ ਨੂੰ ਰੇਖਾ ਦੀ ਵੀ ਐਮਰਜੈਂਸੀ ਵਾਰਡ ਵਿੱਚ ਮੌਤ ਹੋ ਗਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।