ਚੰਡੀਗੜ੍ਹ, 28 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਮੁਹਾਲੀ ਦੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਚਾਰ ਸਾਲ ਪੁਰਾਣੇ ਕਤਲ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਬੀਤੇ ਦਿਨ ਤਿੰਨ ਗੈਂਗਸਟਰ ਅਜੈ ਲੈਫ਼ਟੀ, ਸੱਜਣ ਭੋਲੂ ਅਤੇ ਅਨਿਲ ਲੱਠ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਦਕਿ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਗੈਂਗਸਟਰਾਂ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ, ਅਨਿਲ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦੇ ਆਦੇਸ਼ ਦਿੱਤੇ ਸਨ।
ਇਸ ਸਮੇਂ ਇਹ ਸਾਰੇ ਗੈਂਗਸਟਰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। 7 ਅਗਸਤ 2021 ਨੂੰ ਮੁਹਾਲੀ ਵਿੱਚ ਦਿਨ-ਦਿਹਾੜੇ ਨਕਾਬਪੋਸ਼ਾਂ ਨੇ ਵਿੱਕੀ ਮਿੱਡੂਖੇੜਾ ਨੂੰ ਗੋਲੀਆਂ ਮਾਰ ਕੇ ਕਤਲ ਦਿੱਤਾ ਸੀ।
ਘਟਨਾ ਵਾਲੇ ਦਿਨ ਉਹ ਸੈਕਟਰ-71 ਦੀ ਮਾਰਕੀਟ ਵਿਚ ਆਪਣੇ ਪ੍ਰਾਪਰਟੀ ਡੀਲਰ ਦੋਸਤ ਨੂੰ ਮਿਲ ਕੇ ਵਾਪਸ ਜਾਣ ਲੱਗਿਆ ਸੀ। ਵਿੱਕੀ ਮਿੱਡੂਖੇੜਾ ਨੂੰ ਮਾਰਨ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਸੀ। ਵਿੱਕੀ ਮਿੱਡੂਖੇੜਾ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਣੇ ਕਾਲਜਾਂ ਦੀਆਂ ਵਿਦਿਆਰਥੀ ਜਥੇਬੰਦੀ ਦੀਆਂ ਚੋਣਾਂ ਵਿੱਚ ਹਮੇਸ਼ਾ ਅਹਿਮ ਭੂਮਿਕਾ ਹੁੰਦੀ ਸੀ।
ਸੰਖੇਪ
ਮੁਹਾਲੀ ਦੀ ਅਦਾਲਤ ਨੇ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਦੇ ਚਾਰ ਸਾਲ ਪੁਰਾਣੇ ਕਤਲ ਮਾਮਲੇ ਵਿਚ ਤਿੰਨ ਗੈਂਗਸਟਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਅਜੈ ਲੈਫ਼ਟੀ, ਸੱਜਣ ਭੋਲੂ ਅਤੇ ਅਨਿਲ ਲੱਠ ਹਨ, ਜਦਕਿ ਭੂਪੀ ਰਾਣਾ, ਅਨਿਲ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਬਰੀ ਕਰ ਦਿੱਤਾ ਗਿਆ ਹੈ ਕਿਉਂਕਿ ਸਬੂਤਾਂ ਦੀ ਘਾਟ ਸੀ।