21 ਜੂਨ (ਪੰਜਾਬੀ ਖਬਰਨਾਮਾ): ਜ਼ਬਰਦਸਤ ਗਰਮੀ ਪੈਣ ’ਤੇ ਤਿੱਖੀ ਧੁੱਪ ’ਚ ਸੜਕ ’ਤੇ ਨਿਕਲਣ ਤੋਂ ਬਚੋ। ਸਫ਼ਰ ਕਰ ਰਹੇ ਹੋ ਤਾਂ ਵਾਰ-ਵਾਰ ਪਾਣੀ ਪੀਓ…। ਅਜਿਹੇ ਸੁਝਾਅ ਸਹੀ ਹਨ ਪਰ ਤੁਹਾਡੀ ਰਸੋਈ ਵੀ ਤਿੱਖੀ ਧੁੱਪ ਤੋਂ ਘੱਟ ਖ਼ਤਰਨਾਕ ਨਹੀਂ ਹੈ। ਚੁੱਲ੍ਹਾ ਬਾਲ ਕੇ ਦੇਰ ਤੱਕ ਕੰਮ ਕਰਨ ’ਤੇ ਹੀਟ ਐਗਜਾਰਸ਼ਨ ਜਾਂ ਹੀਟ ਸਟ੍ਰੋਕ ਹੋ ਸਕਦਾ ਹੈ। ਡਾਕਟਰ ਸਲਾਹ ਦਿੰਦੇ ਹਨ ਕਿ ਭੋਜਨ ਆਦਿ ਬਣਾਉਣ ਵੇਲੇ ਲਗਾਤਾਰ ਪਸੀਨਾ ਆਵੇ ਤਾਂ ਅਣਦੇਖੀ ਨਾ ਕਰੋ। ਪਸੀਨੇ ਨਾਲ ਸਰੀਰ ਵਿਚਲੇ ਲੂਣ ਵੀ ਨਿਕਲ ਰਹੇ ਹੁੰਦੇ ਹਨ ਜਿਨ੍ਹਾਂ ਦੀ ਤੁਰੰਤ ਪੂਰਤੀ ਜ਼ਰੂਰੀ ਹੈ। ਅਜਿਹਾ ਨਾ ਹੋਣ ’ਤੇ ਹਾਈਪੋਥੈਲੇਮਸ ਫੇਲ੍ਹ ਹੋ ਸਕਦਾ ਹੈ। ਹੀਟ ਸਟ੍ਰੋਕ ਦਾ ਖ਼ਦਸ਼ਾ ਬਣ ਜਾਂਦਾ ਹੈ।
ਜ਼ਿਲ੍ਹਾ ਹਸਪਤਾਲ ਦੇ ਫਿਜ਼ੀਸ਼ੀਅਨ ਡਾ. ਅਜੇ ਮੋਹਨ ਅਗਰਵਾਲ ਦੱਸਦੇ ਹਨ ਕਿ ਸਾਡੇ ਸਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਹਾਈਪੋਥੈਲੇਮਸ (ਦਿਮਾਗ ਦਾ ਇਕ ਹਿੱਸਾ ਜਿਸ ਨੂੰ ਕੰਟਰੋਲ ਤਾਲਮੇਲ ਕੇਂਦਰ ਵੀ ਕਹਿੰਦੇ ਹਨ) ਦੀ ਹੁੰਦੀ ਹੈ। ਰਸੋਈ ’ਚ ਕੰਮ ਕਰਦੇ ਸਮੇਂ ਚੁੱਲ੍ਹਾ ਬਾਲਣ ’ਤੇ ਤਾਪਮਾਨ 45 ਡਿਗਰੀ ਤੋਂ ਜ਼ਿਆਦਾ ਹੋ ਚੁੱਕਾ ਹੁੰਦਾ ਹੈ। ਇਸ ਸਥਿਤੀ ’ਚ ਸਰੀਰ ਦਾ ਤਾਪਮਾਨ ਕੰਟਰੋਲ ਕਰਨ ਲਈ ਹਾਈਪੋਥੈਲੇਮਸ ਸਰਗਰਮ ਹੁੰਦਾ ਹੈ। ਉਹ ਸਰੀਰ ਨੂੰ ਨਮੀ ਦੇਣ ਲਈ ਸਰੀਰ ’ਚੋਂ ਪਸੀਨਾ ਕੱਢਦਾ ਹੈ। ਜੇ ਕੁਝ ਦੇਰ ਪਸੀਨਾ ਨਿਕਲਣ ’ਤੇ ਰਸੋਈ ’ਚ ਕੰਮ ਕਰਨ ਵਾਲੀ ਔਰਤ ਜਾਂ ਆਦਮੀ ਬਾਹਰ ਆ ਕੇ ਹਵਾ ’ਚ ਬੈਠ ਜਾਵੇ ਤਾਂ ਤਾਪਮਾਨ ਕੰਟਰੋਲ ਹੋਣ ਲੱਗਦਾ ਹੈ। ਇਸ ਦੇ ਉਲਟ ਜੇ ਲਗਾਤਾਰ ਰਸੋਈ ’ਚ ਕੰਮ ਕੀਤਾ ਜਾਵੇ ਤਾਂ ਪਸੀਨੇ ਨਾਲ ਸਰੀਰ ਦੇ ਜ਼ਰੂਰੀ ਲੂਣ ਵੀ ਵੱਡੀ ਮਾਤਰਾ ’ਚ ਬਾਹਰ ਨਿਕਲ ਜਾਂਦੇ ਹਨ। ਉਸ ਹਾਲਤ ’ਚ ਡੀਹਾਈਡ੍ਰੇਸ਼ਨ ਹੋ ਸਕਦਾ ਹੈ। ਸਰੀਰ ਤਾਪਮਾਨ ਕੰਟਰੋਲ ਦੀ ਸਥਿਤੀ (ਹੀਟ ਐਗਜਾਰਸ਼ਨ) ’ਚੋਂ ਬਾਹਰ ਹੁੰਦਾ ਜਾਂਦਾ ਹੈ। ਹੌਲੀ-ਹੌਲੀ ਹਾਈਪੋਥੈਲੇਮਸ ਫੇਲ੍ਹ ਹੋਣ ’ਤੇ ਹੀਟ ਸਟ੍ਰੋਕ ਹੋ ਸਕਦਾ ਹੈ।
ਲੱਛਣ ਤੇ ਬਚਾਅ : ਡਾਕਟਰ ਮੰਨਦੇ ਹਨ ਕਿ ਰਸੋਈ ’ਚ ਕੰਮ ਕਰਨ ਦੌਰਾਨ ਚੱਕਰ ਆਉਣ ਜਾਂ ਘਬਰਾਹਟ ਹੋਵੇ ਤਾਂ ਤੁਰੰਤ ਖੁੱਲ੍ਹੀ ਹਵਾ ’ਚ ਜਾਓ। ਸਰੀਰ ਨੂੰ ਠੰਢਾ ਕਰਨ ਲਈ ਕੋਲਡ ਸਪੰਜਿੰਗ ਕਰੋ। ਸਿਰ ’ਤੇ ਪਾਣੀ ਪਾਓ। ਓਆਰਐੱਸ, ਠੰਢਾ ਪਾਣੀ, ਲੱਸੀ ਜਾਂ ਨਿੰਬੂ ਪਾਣੀ ਪੀਓ ਜੋ ਪਸੀਨੇ ਦੇ ਨਾਲ ਨਿਕਲੇ ਲੂਣਾਂ ਦੀ ਪੂਰਤੀ ਕਰਨਗੇ। ਇਸ ਦੇ ਬਾਵਜੂਦ ਸੁਧਾਰ ਨਾ ਦਿਸੇ ਤਾਂ ਡਾਕਟਰ ਕੋਲੋਂ ਦਵਾਈ ਲਓ।