ਸਪੋਰਟਸ ਡੈਸਕ, ਨਵੀਂ ਦਿੱਲੀ(ਪੰਜਾਬੀ ਖਬਰਨਾਮਾ) : ਅਮਰੀਕੀ ਕ੍ਰਿਕਟ ਨੂੰ ICC ਤੋਂ ਵੱਡਾ ਝਟਕਾ ਲੱਗਾ ਹੈ। ਆਈਸੀਸੀ ਨੇ ਅਮਰੀਕੀ ਕ੍ਰਿਕਟ ਨੂੰ 12 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਆਈਸੀਸੀ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਇਸ ਮੁਅੱਤਲੀ ਦੌਰਾਨ ਆਪਣੀ ਕੰਮਕਾਜੀ ਪ੍ਰਕਿਰਿਆਵਾਂ ਵਿੱਚ ਸੁਧਾਰ ਕਰੇ ਤਾਂ ਜੋ ਇਸ ਤੋਂ ਉਮੀਦ ਕੀਤੇ ਨਤੀਜੇ ਹਾਸਲ ਕੀਤੇ ਜਾ ਸਕਣ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਅਮਰੀਕੀ ਕ੍ਰਿਕਟ ਨੂੰ ਲੰਬੇ ਸਮੇਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।
ਇਹ ਫੈਸਲਾ ਸੋਮਵਾਰ ਨੂੰ ਸ਼੍ਰੀਲੰਕਾ ਦੇ ਕੋਲੰਬੋ ਵਿੱਚ ਹੋਈ ਆਈਸੀਸੀ ਬੋਰਡ ਦੀ ਬੈਠਕ ਵਿੱਚ ਲਿਆ ਗਿਆ ਹੈ।ਇਸ ਬੈਠਕ ‘ਚ ਅਮਰੀਕਾ ਵੱਲੋਂ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਸਮੀਖਿਆ ਕਰਨ ਦਾ ਫੈਸਲਾ ਵੀ ਲਿਆ ਗਿਆ, ਜਿਸ ਨਾਲ ਵਿਸ਼ਵ ਸੰਸਥਾ ਦੇ ਕਈ ਅਧਿਕਾਰੀ ਮੁਸ਼ਕਲ ‘ਚ ਹਨ।
ਆਈਸੀਸੀ ਨੇ ਇੱਕ ਕਮੇਟੀ ਬਣਾਈ ਹੈ ਜਿਸ ਵਿੱਚ ਦੱਖਣੀ ਅਫਰੀਕਾ ਦੇ ਲਾਸਨ ਨਾਇਡੂ, ਸਿੰਗਾਪੁਰ ਦੇ ਇਮਰਾਨ ਖਵਾਜਾ, ਨਿਊਜ਼ੀਲੈਂਡ ਦੇ ਰੋਜਰ ਟੌਸ ਸ਼ਾਮਲ ਹਨ। ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ, “ਆਈਸੀਸੀ ਬੋਰਡ ਪੁਸ਼ਟੀ ਕਰਦਾ ਹੈ ਕਿ ਜਿਸ ਤਰੀਕੇ ਨਾਲ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਗਈ ਹੈ, ਉਸ ਦੀ ਸਮੀਖਿਆ ਕੀਤੀ ਜਾਵੇਗੀ। ਇਸ ਦੀ ਨਿਗਰਾਨੀ ਤਿੰਨ ਨਿਰਦੇਸ਼ਕ ਕਰਨਗੇ, ਜਿਨ੍ਹਾਂ ਵਿੱਚ ਲਾਸਨ ਨਾਇਡੂ, ਇਮਰਾਨ ਖਵਾਜਾ ਅਤੇ ਰੋਜਰ ਟੌਸ ਸ਼ਾਮਲ ਹਨ ਅਤੇ ਉਹ ਇਸ ਬਾਰੇ ਰਿਪੋਰਟ ਕਰਨਗੇ।”