31 ਮਈ 2024 (ਪੰਜਾਬੀ ਖਬਰਨਾਮਾ) : ਚਮਕੀਲੇ ਦੇ ਅਕਸ ਨੂੰ ਹੀਰੋ ਜਾਂ ਵਿਲੈਨ ਦੇ ਕੈਨਵਸ ’ਤੇ ਉਤਾਰਨ ਤੋਂ ਪਹਿਲਾ ਹੀਰੋ ਜਾਂ ਵਿਲੈਨ ਦੇ ਵਿਚਕਾਰ ਦੇ ਧੁੰਦਲੇ ਕਰੈਕਟਰ ਨੂੰ ਸਮਝਣਾ ਜ਼ਰੂਰੀ ਹੈ। ਇਕ ਵਿਲੈਨ ਜੋ ਹੀਰੋ ਵਰਗੇ ਕੰਮ ਵੀ ਕਰਦਾ ਹੈ ਤੇ ਇਕ ਹੀਰੋ ਜੋ ਕਦੇ ਵਿਲੈਨ ਬਣ ਜਾਂਦਾ ਹੈ। ਨਾਇਕ (ਸਫ਼ੈਦ) ਤੇ ਖਲਨਾਇਕ (ਕਾਲਾ) ਦੇ ਵਿਚਲਾ ਇਹ ਗ੍ਰੇਅ (ਸਲੇਟੀ) ਕਿਰਦਾਰ ਜੋ ਕਿਸੇ ਲਈ ਬਹੁਤਾ ਸਫ਼ੈਦ (ਨਾਇਕ) ਤੇ ਕਿਸੇ ਲਈ ਬਹੁਤਾ ਕਾਲਾ (ਖਲਨਾਇਕ) ਹੈ।

ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਫਿਲਮ ‘ਚਮਕੀਲਾ’ ਦਲਿਤ ਸਮਾਜ ਦੇ ਹੀਰੋ ਦਾ ਅਕਸ ਧਾਰੇ ਗਾਇਕ ਅਮਰ ਸਿੰਘ ਚਮਕੀਲਾ ਉਰਫ਼ ਧਨੀ ਰਾਮ ਦੀ ਬਾਇਓਪਿਕ ਹੈ। ਚਮਕੀਲਾ, ਜੋ ਗ਼ਰੀਬ ਪਰਿਵਾਰ ’ਚੋਂ ਉੱਠ ਕੇ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਕਲਾਕਾਰ ਬਣਦਾ ਹੈ। ਜੱਟਾਂ ਨਾਲ ਘਿਰੀ ਪਿੜ ਵਿਚ ਇਕ ਦਲਿਤ ਲਈ ਆਪਣੀ ਥਾਂ ਬਣਾਉਣਾ ਸੰਘਰਸ਼ ਅਤੇ ਜਿਗਰੇ ਦਾ ਕੰਮ ਹੈ ਪ੍ਰੰਤੂ ਉਸ ਦਾ ਔਰਤ ਨੂੰ ਸ਼ੈਅ ਸਮਝ ਕੇ ਗੀਤਾਂ ਜ਼ਰੀਏ ਬਿਆਨ ਕਰਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਜਿਸ ਦਾ ਵਾਹ ਦੋ ਤਰ੍ਹਾਂ ਦੇ ਲੋਕਾਂ ਨਾਲ ਹੈ। ਇਕ ਪਾਸੇ ਉਸਨੂੰ ਹੀਰੋ ਮੰਨਣ ਵਾਲੇ ਲੋਕ ਤੇ ਦੂਜੇ ਪਾਸੇ ਉਸ ਉੱਤੇ ਲੱਚਰ ਗਾਇਕੀ ਦੀ ਤੋਹਮਤ ਲਗਾਉਣ ਵਾਲੇ ਲੋਕ। ਬਹੁਤੇ ਕਲਾਕਾਰਾਂ ਅੱਗੇ ਦੋ ਧਿਰਾਂ ਆਹਮੋ-ਸਾਹਮਣੇ ਨਹੀਂ ਹੁੰਦੀਆਂ। ਇਹ ਬਾਈਨਰੀ ਆਪੋਜ਼ੀਸ਼ਨ ਜਾਂ ਦੋ-ਪੱਖਾ ਵਿਰੋਧ ਹੀ ਚਮਕੀਲੇ ਸਾਹਮਣੇ ਦੋ-ਪੱਖੀ ਧਿਰਾਂ ਦਾ ਮੁੱਢ ਬਣਿਆ।

ਬਾਇਓਪਿਕ ਜਾਂ ਜੀਵਨੀ ’ਤੇ ਅਧਾਰਤ ਫਿਲਮਾਂ ਹੀਰੋ ਦੇ ਦਿ੍ਰਸ਼ਟੀਕੋਣ ਤੋਂ ਬਣਦੀਆਂ ਹਨ। ਬੇਸ਼ੱਕ, ਹਰ ਬੰਦਾ ਆਪਣੀ ਕਹਾਣੀ ਦਾ ਹੀਰੋ ਹੈ ਤੇ ਚਮਕੀਲਾ ਵੀ ਹੈ। ਹਰ ਇਨਸਾਨ ਦੀ ਅਸਲ ਜ਼ਿੰਦਗੀ ਵਿਚ ਉਹ ਵੱਖ-ਵੱਖ ਜਗ੍ਹਾ ’ਤੇ ਵੱਖ-ਵੱਖ ਭੂਮਿਕਾ ਨਿਭਾਉਦਾ ਹੈ। ਇਕ ਜੱਦੋ-ਜਹਿਦ ਹੈ, ਇਕ ਦੌੜ ਹੈ। ਹੀਰੋ ਬਣਨ ਦੀ ਤੇ ਹੀਰੋ ਬਣਾਉਣ ਦੀ। ਇਹ ਵੇਖਦਿਆਂ ਕਿ ਹੀਰੋ ਬਣਾਉਣ ਵਾਲੇ ਕਿਸ ਦਾ ਹੀਰੋ ਚਾਹੁੰਦੇ ਹਨ, ਉਹ ਹੀਰੋ ਤਾਂ ਬਣ ਜਾਂਦਾ ਹੈ ਪਰ ਆਰਟਿਸਟ ਜਾ ਕਲਾਕਾਰ ਨਹੀਂ ਰਹਿੰਦਾ। ਬਹੁ-ਗਿਣਤੀ ਲੋਕਾਂ ਦੀ ਪਸੰਦ ਨੂੰ ਸੰਭਾਲਦਿਆਂ, ਕਲਾ ਹਥੇਲੀ ਵਿੱਚੋ ਰੇਤ ਵਾਂਗ ਕਿਰ ਜਾਂਦੀ ਹੈ। ਚਮਕੀਲਾ, ਜਿਸਦੇ ਫੈਨ ਉਸਨੂੰ ਪਰਿਵਾਰ ਤੋਂ ਜ਼ਿਆਦਾ ਪਿਆਰ ਕਰਦੇ ਸੀ, ਚਮਕੀਲੇ ਨੂੰ ਕੋਠੇ ਢਾਊ ਕਲਾਕਾਰ ਕਹਿ ਕੇ ਹੱਲਾਸ਼ੇਰੀ ਦੇਣ ਵਾਲੇ, ਕਾਲੇ ਦੌਰ ਵੇਲੇ ਵੀ ਉਸਨੂੰ ਗਾਉਣ ਲਈ ਉਤਸ਼ਾਹਤ ਕਰਦੇ ਦਿਖਾਏ ਗਏ ਹਨ। ‘ਬਾਕੀ ਕਲਾਕਾਰ ਮਹਾਨ ਨੇ, ਪਰ ਤੂੰ ਆਪਣਾ ਏ ਚਮਕੀਲੇ।’ ਇਕ ਦੁਵਿਧਾ ਵਿਚ ਫਸਿਆ ਚਮਕੀਲਾ ਇਹ ਸਮਝਣ ਵਿਚ ਅਸਮਰਥ ਹੈ ਕਿ ਲੋਕ ਉਸਨੂੰ ਪਸੰਦ ਕਰਦੇ ਹਨ ਜਾਂ ਨਾਪਸੰਦ।

ਇਕ ਪਾਸੇ ਤਾਂ ਚਮਕੀਲੇ ਦੇ ਸ਼ੋਅ ਲਈ 1024 ਸੀਟਾਂ ਵੱਧ ਲੱਗ ਰਹੀਆਂ ਹਨ ਤੇ ਹਾਲ ਵਿਚੋਂ ਬਾਹਰ ਨਿਕਲਦੇ ਹੀ ਉਸਨੂੰ ਧਮਕੀ ਮਿਲਦੀ ਹੈ, ‘ਅਸੀਂ ਧਰਮ ਨਹੀਂ ਸਮਾਜ ਦੇ ਰੱਖਿਅਕ ਹਾਂ ਅਸੀਂ ਤੈਨੂੰ ਸਮਾਜ ਨੂੰ ਗੰਦਾ ਨਹੀਂ ਕਰਨ ਦਿਆਂਗੇ।’ ਨਾਲ ਹੀ ਇਹ ਸਮਾਜ ਦੇ ਰੱਖਿਅਕ ਉਸਨੂੰ ਚਾਰ ਵਾਅਦੇ ਕਰਨ ਨੂੰ ਕਹਿੰਦੇ ਹਨ। ਇਕ ਤਾਂ ਇਹੋ ਜਿਹੇ ਲੱਚਰ ਗੀਤ ਨਹੀਂ ਗਾਓਗੇ, ਸ਼ਰਾਬ ਪੀਣਾ ਛੱਡ ਦਿਓਗੇ, ਮੀਟ ਮੱਛੀ ਛੱਡਣਾ ਅਤੇ ਸਿਗਰਟ ਤੇ ਬੀੜੀ ਨੂੰ ਹੱਥ ਲਾਉਣਾ ਛੱਡ ਦਿਓਗੇ। ਵਿਦਰੋਹੀ ਚਮਕੀਲਾ ਇਹ ਵਾਅਦੇ ਕਰਕੇ ਗੱਡੀ ਵਿਚ ਬੈਠਦੇ ਸਾਰ ਹੀ ਬੀੜੀ ਪੀਣਾ ਸ਼ੁਰੂ ਕਰ ਦਿੰਦਾ ਹੈ।

ਵਿਦਰੋਹ ਕਰਕੇ, ਹਾਲਾਤ ਨਾਲ ਲੜ ਕੇ ਦੁਨੀਆ ਦੇ ਬਦਲਦੇ ਰੰਗ ਵੇਖਦੇ ਤੇ ਅੱਗੇ ਵੱਧਦੇ ਵਿਦਰੋਹੀ ਨੂੰ ਵਿਦਰੋਹ ਕਰਨਾ ਜਾਂ ਦੂਜੇ ਦੇ ਸਾਹਮਣੇ ਡੱਟ ਕੇ ਖੜ੍ਹਨਾ ਕਦੋਂ ਔਖਾ ਲੱਗਦਾ ਹੈ। ਉਸ ਲਈ ਔਖਾ ਹੁੰਦਾ ਹੈ ਤਾਂ ਨਿਮਰਤਾ ਨਾਲ ਸਿਰ ਝੁਕਾਉਣਾ ਕਿਉਕਿ ਉਸਨੂੰ ਡਰ ਹੁੰਦਾ ਹੈ ਕਿ ਸਿਰ ਝੁਕਾਇਆ ਤਾਂ ਵੱਢਿਆ ਜਾ ਸਕਦਾ ਹੈ। ਇਸ ਸੀਨ ਤੋਂ ਬਾਅਦ ਦਾ ਇਹ ਡਾਇਲਾਗ ‘ਉਸਦੇ ਅੰਦਰ ਦਾ ਡਰ ਖ਼ਤਮ ਹੋ ਚੁਕਿਆ ਹੈ’ ਇਸ ਤੱਥ ਦੀ ਪੁਸ਼ਟੀ ਕਰਦਾ ਹੈ। ਸਰੋਤਿਆਂ ਤੇ ਦਰਸ਼ਕਾਂ ਨੂੰ ਸ਼ਸ਼ੋਪੰਜ ’ਚ ਪਾਉਂਦਾ ਹੋਇਆ ਉਹ ਕਦੇ ਰੱਬ ਦਾ ਸ਼ੁਕਰਾਨਾ ਕਰਦਾ, ਨਿਮਾਣਾ ਜਿਹਾ, ਚਾਹੁਣ ਵਾਲਿਆਂ ਅੱਗੇ ਹੇਠ ਜੋੜ ਕੇ ਲੱਗਣ ਵਾਲਾ ਚਮਕੀਲਾ ਹੋ ਜਾਂਦਾ ਹੈ।

ਚਮਕੀਲਾ, ਜਿਸਨੇ ਆਪਣੇ ਖ਼ਿਲਾਫ਼ ਦੂਜੇ ਵਿਆਹ ਵੇਲੇ ਉਠੀਆਂ ਆਵਾਜ਼ਾਂ ਨੂੰ ਪੰਚਾਇਤ ਵਿਚ ਆਪਸ ਵਿਚ ਹੀ ਲੜਵਾ ਦਿੱਤਾ। ਹੀਰੋ ਵਿਚਲਾ ਵਿਲੈਨ ਦਾ ਅਕਸ ਫਿੱਕਾ ਕਰਨ ਲਈ ਆਪਣੀ ਪਹਿਲੀ ਘਰਵਾਲੀ ਗੁਰਮੇਲ ਕੌਰ ਤੇ ਆਪਣੇ ਬੱਚੇ ਤੋਂ ਵਿਛੜਣ ਸਮੇਂ, ਪੈਸੇ ਫੜਾਉਂਦਿਆਂ ਚਮਕੀਲੇ ਦੇ ਮੂੰਹ ਤੇ ਸਮੇਂ ਉਦਾਸੀ ਦਿਖਾਈ ਦਿੰਦੀ ਹੈ। ਕਿਤਾਬਾਂ ਪੜ੍ਹਨ ਵਾਲੀ, ਪਿਆਰ ਤੇ ਇਜ਼ਹਾਰ ਵਿਚ ਪਹਿਲ ਕਰਨ ਵਾਲੀ ਅਮਰਜੋਤ ਕੌਰ, ਜਿਸ ਅਮਰਜੋਤ ਕੌਰ ਨੂੰ ਚਮਕੀਲੇ ਦੇ ਪਹਿਲੇ ਵਿਆਹ ਤੋਂ ਅਣਜਾਣ ਦਿਖਾਇਆ, ਤੇ ਜਿਸ ਨੇ ਚਮਕੀਲੇ ਨਾਲ ਵਿਆਹ ਦੋਗਾਣਾ ਜੋੜੀ ਨੂੰ ਬਚਾਉਣ ਲਈ ਕੀਤਾ, ਲੋਕਾਂ ਦੀਆਂ ਧਮਕੀਆਂ ਤੋਂ ਡਰਦੀ ਅਮਰਜੋਤ ਤੇ ਨਜ਼ਰਅੰਦਾਜ਼ ਕਰਦਾ ਚਮਕੀਲਾ ਆਪਣੀ ਕਾਰ ’ਤੇ ਗੋਲ਼ੀ ਚੱਲਣ ਤੋਂ ਬਾਅਦ ਉਸਨੂੰ ਸਮਝਾਉਂਦਾ ਹੈ ‘ਇਹ ਬੰਦੂਕ ਵਾਲਿਆਂ ਦਾ ਕੰਮ ਹੈ ਗੋਲ਼ੀ ਚਲਾਉਣਾ, ਇਹ ਚਲਾਉਣਗੇ। ਸਾਡਾ ਗਾਣ-ਵਜਾਣ ਵਾਲਿਆਂ ਦਾ ਕੰਮ ਹੈ ਗਾਉਣਾ, ਅਸੀਂ ਗਾਵਾਂਗੇ। ਨਾ ਉਹ ਸਾਡੇ ਲਈ ਰੁਕਣਗੇ, ਨਾ ਅਸੀਂ ਉਨ੍ਹਾਂ ਲਈ। ਜਦੋਂ ਤਕ ਅਸੀਂ ਜਿਊਂਦੇ ਹਾਂ, ਤਦ ਤਕ ਸਟੇਜ ’ਤੇ ਹਾਂ। ਜਿਊਂਦੇ ਜੀਅ ਮਾਰੇ ਜਾਣ ਤੋਂ ਚੰਗਾ ਹੈ ਮਰ ਕੇ ਜ਼ਿੰਦਾ ਰਹੀਏ।’ ਉਸਨੂੰ ਮਾਰਨ ਦੀ ਧਮਕੀ ਦੇਣ ਆਏ ਨੌਜਵਾਨਾਂ ਦੇ ਜਾਣ ਤੋਂ ਬਾਅਦ ਅਮਰਜੋਤ ਨੂੰ ਹੌਸਲਾ ਦਿੰਦਿਆਂ ਪਰੇਸ਼ਾਨ ਹੋਣ ਦੀ ਜਗਾ ਗਾਣਾ ਬਣਾਉਣ ਦੀ ਸਲਾਹ ਦਿੰਦਾ ਹੈ। ਆਖ਼ਰੀ ਸ਼ੋਅ ਵਿਚ ਜਾਣ ਤੋਂ ਪਹਿਲਾਂ, ਨਫ਼ਰਤ ਕਰਨ ਵਾਲਿਆਂ ਦੀ ਗੋਲ਼ੀ ਆਪਣੇ ਮੱਥੇ ’ਤੇ ਖਾਣ ਤੋਂ ਪਹਿਲਾਂ ਅਮਰਜੋਤ ਨੇ ਕਿਤਾਬ ਦਾ ਪੰਨਾ ਮੋੜਿਆ ‘ਮੇਰੀ ਭਰਜਾਈ ਦਾ ਤਲਾਕ’। ਇਹ ਵੀ ਉਸ ਦੇ ਕਿਰਦਾਰ ਦੇ ਬਾਈਨਰੀ ਵਿਰੋਧ ਦੀ ਪੇਸ਼ਕਾਰੀ ਹੈ, ਹੀਰੋ ਤੇ ਵਿਲੈਨ ਵਿਚਲਾ ਧੁੰਦਲਾ ਅਕਸ।

ਚਮਕੀਲੇ ਦੀ ਇੰਟਰਵਿਊ ਲੈਣ ਵਾਲੀ ਰਿਪੋਰਟਰ ਨੂੰ ਉਸਦਾ ਜਵਾਬ ‘ਹਰ ਕਿਸੀ ਕੀ ਸਹੀ ਗ਼ਲਤ ਸੋਚਨੇ ਕੀ ਔਕਾਤ ਨਹੀਂ ਹੋਤੀ ਮੈਡਮ, ਮੇਰੀ ਤੋ ਨਹੀਂ ਹੈ। ਮੁਝ ਜੈਸੇ ਕੋ ਤੋਂ ਬਸ ਜੈਸੇ ਤੈਸੇ ਕਰਕੇ ਜ਼ਿੰਦਾ ਰਹਿਨਾ ਹੈ। ਮੈ ਚਾਂਸ ਨਹੀਂ ਲੈ ਸਕਤਾ।’ ਇਕ ਕਿਰਦਾਰ ਜਿਸਦੇ ਗੁਣ ਉਸਦੇ ਔਗੁਣਾਂ ’ਤੇ ਭਾਰੀ ਪੈ ਜਾਣ ਤਾਂ ਦਰਸ਼ਕ ਦੇ ਜ਼ਿਹਨ ਵਿਚ ਉਸ ਦੀ ਨਾਇਕ ਦੀ ਸ਼ਖ਼ਸੀਅਤ ਖਲਨਾਇਕ ’ਤੇ ਭਾਰੀ ਪੈ ਜਾਂਦੀ ਹੈ।

ਅਹਿਮਦ ਸਾਹਿਬ ਦੇ ਬੋਲ, ‘ਅਪਨੇ ਧੰਦੇ ਕੀ ਫਿਤਰਤ ਸਮਝੀਏ, ਜਬ ਦੁਨੀਆ ਮੇਂ ਤਨਾਵ ਬੜ੍ਹਤਾ ਹੈ ਤਬ ਜਨਤਾ ਕੇ ਅੰਦਰ ਮਨੋਰੰਜਨ ਕੀ ਭੂਖ ਔਰ ਭੀ ਬੜ੍ਹ ਜਾਤੀ ਹੈ।’ ਇਕ ਪਾਸੇ ਤਾਂ ਸਿਪਾਹੀ ਦੇ ਇਹ ਪੁੱਛਣ ’ਤੇ ਕਿ ਪੁਲਿਸ ਅਫਸਰ ਚਮਕੀਲਾ ਸੁਣਦਾ ਹੈ? ਇਹ ਕਹਿੰਦਾ ਹੈ, ‘ਪੇਂਡੂ, ਦਿਹਾਤੀ, ਟਰੱਕ ਡਰਾਈਵਰ ਸੁਣਦੇ ਨੇ, ਸਿਪਾਹੀ ਸੁਣਦੇ ਨੇ ਚਮਕੀਲਾ।’ ਦੂਜੇ ਪਾਸੇ ਪੁਲਿਸ ਵਾਲੇ ਦੀ ਕਾਰ ਵਿਚ ਚਮਕੀਲੇ ਦੀਆਂ ਕੈਸਟਾਂ ਲੋਕਾਂ ਦੇ ਸਹੀ ਅਤੇ ਗ਼ਲਤ ਵਿਚ ਬਾਈਨਰੀ ਵਿਰੋਧ ਨੂੰ ਬਿਆਨ ਕਰਦੀਆਂ ਹਨ।

ਟਾਮ ਬ੍ਰਾਊਨ ਅਤੇ ਬੇਲੇਨ ਵਿਡਾਲ 2014 ਦੀ ਕਿਤਾਬ ‘ਦ ਬਿਓਪਿਕ ਇਨ ਕੌਂਟੇਂਪਰੇਰੀ ਫਿਲਮ ਜੈਨਰ’ ਵਿਚ ਲਿਖਦੇ ਹਨ , ‘ਆਟੋ-ਬਾਇਓਪਿਕ ਇਕ ਵਿਸ਼ਾ ਹੈ ਜਿਸ ਵਿਚ ਹੀਰੋ ਅਸਲ ਜ਼ਿੰਦਗੀ ’ਚ ਇਕ ਕਲਾਕਾਰ ਹੁੰਦਾ ਹੈ। ਇਸ ਲਈ ਉਸਦੇ ਜੀਵਨ ਦੇ ਵੱਖ-ਵੱਖ ਪ੍ਰਸੰਗਾਂ ਰਾਹੀਂ ਉਸਦੀ ਨਿੱਜੀ ਜ਼ਿੰਦਗੀ ਪਹਿਲਾਂ ਹੀ ਲੋਕਾਂ ਅੱਗੇ ਖੁੱਲ੍ਹੀ ਕਿਤਾਬ ਵਾਂਗ ਹੁੰਦੀ ਹੈ।’ ਖ਼ਬਰਾਂ ਜਾਂ ਅਫਵਾਹਾਂ ਇਸ ਗੱਲ ਦੀਆਂ ਹੁੰਦੀਆਂ ਹਨ ਕਿ ਲੋਕ ਕਲਾਕਾਰ ਬਾਰੇ ਕੀ ਸੋਚਦੇ ਹਨ ਤੇ ਉਸ ’ਤੇ ਆਧਾਰਤ ਫਿਲਮ ਉਸ ਕਲਾਕਾਰ ਦਾ ਦਿ੍ਰਸ਼ਟੀਕੋਣ ਬਿਆਨ ਕਰਦੀ ਹੈ। ਦਹਾਕਿਆਂ ਤੋਂ ਕਲਾਕਾਰ ਤੇ ਸਿਰਫ਼ ਤੋਹਮਤਾਂ ਲਗਾਉਣ ਵਾਲਿਆਂ ਨੂੰ, ਉਸਨੂੰ ਹਾਸ਼ੀਆਗ੍ਰਸਤ ਕਰ ਚੁੱਕਣ ਵਾਲਿਆਂ ਨੂੰ ਫਿਲਮ ਰਾਹੀਂ ਦਿਖਾਇਆ ਗਿਆ ਉਸਦਾ ਦਿ੍ਰਸ਼ਟੀਕੋਣ ਕਦੇ ਵੀ ਪ੍ਰਭਾਵਿਤ ਨਹੀਂ ਕਰੇਗਾ। ਬਾਇਓਪਿਕ ਦੀ ਖ਼ੂਬਸੂਰਤੀ ਕਹੋ ਜਾਂ ਤ੍ਰਾਸਦੀ ਇਹ ਹੈ ਕਿ ਜਿਸਦੇ ਪੱਖ ਤੋਂ ਤੁਸੀਂ ਕਹਾਣੀ ਸੁਣਾ ਦਿਤੀ, ਉਹ ਕਹਾਣੀ ਦਾ ਹੀਰੋ ਹੋ ਗਿਆ। ਫਿਲਮ ਵਿਚ ਉਹ ਸੰਘਰਸ਼ਾਂ ਅਤੇ ਕੈਥਾਰਸਿਸ ਦੀਆਂ ਸਥਿਤੀਆਂ ਵਿਚੋਂ ਗੀਤਾਂ ਨੂੰ ਤਿਆਰ ਕਰਦਾ ਹੈ। ਮਜ਼ਦੂਰੀ ਕਰਦੇ ਚਮਕੀਲੇ ਦੇ ਪਿਓ ਨੂੰ ਪੈਂਦੀ ਮਾਰ, ਉਸ ਲਈ ਪੈਸੇ ਕਮਾਉਣ ਦਾ ਅਰਥ ਇੱਜ਼ਤ ਕਮਾਉਣਾ ਬਣਾ ਦਿੰਦੀ ਹੈ। ਉਹ ਲਗਾਤਾਰ ਵੱਧ ਤੋਂ ਵੱਧ ਉੱਚੇ ਸੁਪਨਿਆਂ ਦੀ ਪ੍ਰਾਪਤੀ ਲਈ ਉਤਸੁਕ ਰਹਿੰਦਾ ਹੈ। ਖੂਹ ਵਿਚ ਗਾ ਕੇ, ਦੱਬੇ ਬੋਲਾਂ ਵਿਚ ਰਿਆਜ਼ ਕਰਨ ਵਾਲਾ ਚਮਕੀਲਾ, ਫੁੱਟਪਾਥ ’ਤੇ ਬਹਿ ਕੇ ਗਾਣੇ ਬਣਾਉਂਦਾ ਹੈ। ਉਸ ਦਾ ਇਹ ਸੰਘਰਸ਼ ਬਾਰ-ਬਾਰ ਦਰਸ਼ਕਾਂ ਨੂੰ ਦੁਚਿੱਤੀ ’ਚ ਪਾ ਦਿੰਦਾ ਹੈ। ਗ੍ਰਾਫਿਕਸ, ਮੋਂਟਾਜ ਅਤੇ ਦਿ੍ਰਸ਼ਾਂ ਰਾਹੀਂ ਉਸ ਸਮੇਂ ਦੀਆਂ ਖ਼ਬਰਾਂ, ਵੀਡੀਓ ਨੂੰ ਦਰਸਾਉਣ ਵਾਲੇ ਸ਼ਾਟ ਨਿਰਮਾਤਾ ਦੀ ਰਚਨਾਤਮਕਤਾ ਨੂੰ ਦਰਸਾਉਂਦੇ ਹਨ। ਉਸ ਸਮੇਂ ਦਾ ਪ੍ਰਭਾਵ ਦੇਣ ਲਈ ਚਾਨਣੀਆਂ, ਟੈਂਟ, ਦਰੀਆਂ ਤੇ ਕੱਪੜੇ ਆਦਿ ਵੀ ਉਸੇ ਵੇਲੇ ਦੇ ਵਰਤੇ ਗਏ ਹਨ। ਕਾਲੇ ਰੰਗ ਦੀ ਸਕ੍ਰੀਨ ਉੱਤੇ 1984 ਦੇ ਚਿੱਟੇ ਅੱਖਰ ਤੇ ਸੁੰਨਸਾਨ, 1984 ਦੀ ਮਾਰ-ਧਾੜ ਦੇ ਰੀਲ ਤੇ ਰੀਅਲ ਸ਼ਾਟ, ਚਮਕੀਲੇ ਦੇ ਮਰਨ ਪਿੱਛੋਂ ਵਿਯੋਗ ਦਾ ਸੀਨ, ਵੇਖਣ ਵਾਲਿਆਂ ਨੂੰ ਉਸ ਸਮੇਂ ਦੀ ਤ੍ਰਾਸਦੀ ਦਾ ਹਿੱਸਾ ਬਣਾਉਂਦੇ ਹਨ। ਉਹ ਤ੍ਰਾਸਦੀ ਜੋ ਲੋਕ ਨੂੰ ਦੁਚਿੱਤੀ ਵਿਚ ਪਾਉਂਦੀ ਹੈ ਕਿ ਚਮਕੀਲਾ ਨਾਇਕ ਹੈ ਜਾਂ ਖਲਨਾਇਕ। ਇਕ ਨਾਇਕ ਜੋ ਖਲਨਾਇਕ ਜਿਹੀ ਜ਼ਿੰਦਗੀ ਜੀਅ ਗਿਆ ਤੇ ਨਾਇਕ ਜਿਹੀ ਮੌਤ ਮਰਿਆ।

ਕਿਵੇਂ ਬਣਦੀ ਹੈ ਬਾਇਓਪਿਕ

1943 ਦੀ ‘ਹੀਰੋ ਇਨ ਹਿਸਟਰੀ’ ਕਿਤਾਬ ਦੇ ਲੇਖਕ ਸਿਡਨੀ ਹੂਕ ਅਨੁਸਾਰ ‘ਬਾਇਓਪਿਕ ਉਸ ਵਿਅਕਤੀ ਦੀ ਕਹਾਣੀ ਹੈ ਜਿਸਨੂੰ ਇਤਿਹਾਸ ਨੇ ਹੀਰੋ ਮੰਨਿਆ ਹੈ। ਇਤਿਹਾਸਕ ਹੀਰੋ ਕਿਵੇਂ ਬਣਦਾ ਹੈ ਇਹ ਉਸ ਸੰਸਾਰ ਜਾਂ ਆਲੇ-ਦੁਆਲੇ ’ਤੇ ਨਿਰਭਰ ਕਰਦਾ ਹੈ ਜਿਸ ਵਿਚ ਉਹ ਵਿਚਰਦਾ ਹੈ। ਉਹ ਆਪਣੇ ਸਮਾਜ ਵਿਚਲੇ ਬਦਲਾਵਾਂ ਲਈ ਜ਼ਿੰਮੇਵਾਰ ਬਣਦਾ ਹੈ, ਜਿਸ ਸਮਾਜ ਦੇ ਹਾਲਾਤ ਜਾਂ ਘਟਨਾਵਾਂ ਉਸਦੀ ਹੋਂਦ ਤੋਂ ਬਿਨਾਂ ਬਿਲਕੁਲ ਵੱਖਰਾ ਮੋੜੀ ਲੈਂਦੀਆਂ।’ ਇਸ ਤੱਥ ਦੀ ਪੁਸ਼ਟੀ ਕੀਤੀ ਗਈ ਹੈ ਕਿ ਚਮਕੀਲੇ ਨੇ ਆਪਣੇ ਗੀਤਾਂ ਦੇ ਬੋਲ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਵਾਰਤਾਲਾਪ ਤੇ ਵਿਹਾਰ ਤੋਂ ਲਏ ਹਨ ਜੋ ਉਹ ਬਚਪਨ ਤੋਂ ਸੁਣਦਾ ਤੇ ਦੇਖਦਾ ਆਇਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।