ਲੁਧਿਆਣਾ, 10 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਬੀਤੇ ਦਿਨ ਦੱਖਣੀ ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਸ਼ਹੀਦ ਹੋਏ ਸਮਰਾਲਾ ਦੇ ਪਿੰਡ ਮਾਨੂੰਪੁਰ ਵਾਸੀ ਲਾਂਸ ਨਾਇਕ ਪ੍ਰਿਤਪਾਲ ਸਿੰਘ ਦੀ ਦੇਹ ਉਨ੍ਹਾਂ ਦੇ ਘਰ ਪਹੁੰਚ ਗਈ ਹੈ। ਫੌਜ ਦੀ ਗੱਡੀ ‘ਚ ਉਨ੍ਹਾਂ ਦੀ ਦੇਹ ਲਿਆਂਦੀ ਗਈ। ਪਿੰਡ ਦੇ ਨੌਜਵਾਨਾਂ ਨੇ ਮੋਟਰਸਾਈਕਲਾਂ ‘ਤੇ ਹੱਥ ‘ਚ ਤਿਰੰਗਾ ਫੜ ਕੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ। ਜਦੋਂ ਦੇਹ ਘਰ ਪਹੁੰਚੀ, ਪੂਰਾ ਪਿੰਡ ਉੱਥੇ ਮੌਜੂਦ ਸੀ। ਉਨ੍ਹਾਂ ਦੀ ਦੇਹ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਪਰਿਵਾਰਕ ਮੈਂਬਰਾਂ ਦੀ ਹਾਲਤ ਇੰਨੀ ਬੁਰੀ ਸੀ ਕਿ ਉਹ ਫ਼ੌਜ ਦੇ ਟਰੱਕ ਨਾਲ ਲਿਪਟ ਕੇ ਰੋਣ ਲੱਗੇ। ਪਿੰਡ ਵਾਸੀਆਂ ਨੇ ਪਰਿਵਾਰ ਨੂੰ ਹੌਸਲਾ ਦਿੱਤਾ। ਕੁਝ ਸਮੇਂ ਬਾਅਦ ਦੇਹ ਨੂੰ ਸਸਕਾਰ ਲਈ ਲੈ ਜਾਇਆ ਜਾਵੇਗਾ। ਪ੍ਰਿਤਪਾਲ ਸਿੰਘ ਦੇ ਨਾਲ ਹੀ ਪੰਜਾਬ ਦੇ ਫਤਹਿਗੜ੍ਹ ਸਾਹਿਬ ਦਾ ਇਕ ਹੋਰ ਜਵਾਨ ਹਰਮਿੰਦਰ ਸਿੰਘ ਵੀ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਇਆ। ਵੱਡੀ ਤ੍ਰਾਸਦੀ ਇਹ ਹੈ ਕਿ ਪ੍ਰਿਤਪਾਲ ਸਿੰਘ ਦਾ ਵਿਆਹ ਅਜੇ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਰੱਖਿਆ ਖਾਤਰ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਜਜ਼ਬੇ ਅਤੇ ਬਹਾਦਰੀ ਨੂੰ ਸਲਾਮ ਕੀਤਾ ਤੇ ਆਮ ਆਦਮੀ ਪਾਰਟੀ ਦੀ ਨੀਤੀ ਮੁਤਾਬਕ ਦੋਵਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਣ ਦਾ ਐਲਾਨ ਕੀਤਾ।