ਨਵੀਂ ਦਿੱਲੀ, 25 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਸੰਸਦ ’ਚ ਪੱਛਮੀ ਏਸ਼ੀਆ ਸੰਕਟ ’ਤੇ ਰਾਜ ਸਭਾ ’ਚ ਬਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਜੰਗ ਨੇ ਪੂਰੀ ਦੁਨੀਆ ’ਚ ਗੰਭੀਰ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ। ਭਾਰਤ ਲਈ ਵੀ ਇਹ ਸਥਿਤੀ ਚਿੰਤਾਜਨਕ ਹੈ। ਸਾਡੇ ਵਪਾਰ ਦੇ ਰਸਤੇ ਪ੍ਰਭਾਵਿਤ ਹੋ ਰਹੇ ਹਨ। ਇਸ ਨਾਲ ਪੈਟਰੋਲ, ਡੀਜ਼ਲ, ਗੈਸ ਤੇ ਫਰਟੀਲਾਈਜ਼ਰ ਵਰਗੇ ਜ਼ਰੂਰੀ ਸਾਮਾਨ ਦੀ ਨਿਯਮਤ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਜੰਗ ਦੇ ਮਾੜੇ ਪ੍ਰਭਾਵ ਲੰਬੇ ਸਮੇਂ ਤੱਕ ਰਹਿਣ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਹਰ ਚੁਣੌਤੀ ਲਈ ਤਿਆਰ ਰਹਿਣਾ ਪਵੇਗਾ।

ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਚੌਕਸ ਹੈ, ਤਤਪਰ ਹੈ ਤੇ ਪੂਰੀ ਗੰਭੀਰਤਾ ਨਾਲ ਰਣਨੀਤੀ ਬਣਾ ਰਹੀ ਹੈ, ਹਰ ਫ਼ੈਸਲਾ ਲੈ ਰਹੀ ਹੈ। ਦੇਸ਼ ਦੀ ਜਨਤਾ ਦਾ ਹਿੱਤ ਸਰਕਾਰ ਲਈ ਸਭ ਤੋਂ ਉੱਪਰ ਹੈ।

ਜੰਗ ਦੇ ਲਗਪਗ 25 ਦਿਨ ਹੋ ਚੁੱਕੇ ਹਨ ਤੇ ਭਾਰਤ ਨੇ ਖੁਦ ਨੂੰ ਦੁਨੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਸੰਭਾਲ ਰੱਖਿਆ ਹੈ। ਅਗਲੇ ਇਕ ਪੰਦਰਵਾੜੇ ਤੱਕ ਭਾਰਤ ਇਸਦੇ ਅਸਰ ਨੂੰ ਹਰ ਤਰ੍ਹਾਂ ਨਾਲ ਰੋਕੇ ਰੱਖਣ ਲਈ ਤਿਆਰ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਇਸਦਾ ਅਸਰ ਦਿਸ ਸਕਦਾ ਹੈ। ਇਸ ਹਾਲਤ ’ਚ ਪ੍ਰਧਾਨ ਮੰਤਰੀ ਨੇ ਹਾਲਾਤ ਸਮਝਾਉਂਦੇ ਹੋਏ ਕਿਹਾ ਕਿ ਹੋਰਮੁਜ਼ ਸਟ੍ਰੇਟ ਵਿਸ਼ਵ ਵਪਾਰ ਦੇ ਸਭ ਤੋਂ ਵੱਡੇ ਰੂਟ ’ਚੋਂ ਇਕ ਹੈ। ਖਾਸ ਤੌਰ ’ਤੇ ਕੱਚੇ ਤੇਲ, ਗੈਸ ਤੇ ਫਰਟੀਲਾਈਜ਼ਰ ਨਾਲ ਜੁੜੀ ਟਰਾਂਸਪੋਰਟ ਇਸ ਖੇਤਰ ਤੋਂ ਬਹੁਤ ਵੱਡੀ ਮਾਤਰਾ ’ਚ ਹੁੰਦੀ ਹੈ। ਜੰਗ ਤੋਂ ਬਾਅਦ ਤੋਂ ਹੋਰਮੁਜ਼ ਸਟ੍ਰੇਟ ’ਚ ਜਹਾਜ਼ਾਂ ਦਾ ਆਉਣਾ-ਜਾਣਾ ਬਹੁਤ ਚੁਣੌਤੀਪੂਰਨ ਹੋ ਗਿਆ ਹੈ, ਪਰ ਮਾੜਾ ਹਾਲਾਤ ਦੇ ਬਾਵਜੂਦ ਸਰਕਾਰ ਨੇ ਸੰਵਾਦ ਤੇ ਕੂਟਨੀਤੀ ਜ਼ਰੀਏ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਕੁਝ ਦਿਨਾਂ ’ਚ ਦੁਨੀਆ ਦੇ ਅਨੇਕ ਦੇਸ਼ਾਂ ਤੋਂ ਕੱਚਾ ਤੇਲ ਤੇ ਐੱਲਪੀਜੀ ਨਾਲ ਭਰੇ ਜਹਾਜ਼ ਭਾਰਤ ਆਏ ਹਨ। ਇਸ ਦਿਸ਼ਾ ’ਚ ਸਰਕਾਰ ਦੀ ਕੋਸ਼ਿਸ਼ ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹੇਗੀ। ਸੰਕਟ ਨਾਲ ਨਜਿੱਠਣ ਦੀਆਂ ਭਾਰਤ ਦੀਆਂ ਤਿਆਰੀਆਂ ਦਾ ਵੇਰਵਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅਜਿਹੇ ਸੰਕਟਾਂ ਦਾ ਬਿਹਤਰ ਤਰੀਕੇ ਨਾਲ ਸਾਹਮਣਾ ਕਰ ਸਕੇ, ਇਸਦੇ ਲਈ ਪਿਛਲੇ 11 ਸਾਲਾਂ ’ਚ ਨਿਰੰਤਰ ਫ਼ੈਸਲੇ ਲਏ ਗਏ ਹਨ। ਊਰਜਾ ਦਰਾਮਦ ਦਾ ਵਿਭਿੰਨੀਕਰਨ ਅਜਹਿਆਂ ਹੀ ਕੋਸ਼ਿਸ਼ਾਂ ਦਾ ਹਿੱਸਾ ਹੈ। ਪਹਿਲਾਂ ਕੱਚਾ ਤੇਲ, ਐੱਲਐੱਨਜੀ ਤੇ ਐੱਲਪੀਜੀ ਦੀ 27 ਦੇਸ਼ਾਂ ਤੋਂ ਦਰਾਮਦ ਕੀਤੀ ਜਾਂਦੀ ਸੀ, ਜਦਕਿ ਅੱਜ 41 ਦੇਸ਼ਾਂ ਤੋਂ ਦਰਾਮਦ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਪਿਛਲੇ ਦਹਾਕੇ ’ਚ ਭਾਰਤ ਨੇ ਸੰਕਟ ਦੇ ਅਜਿਹੇ ਹੀ ਸਮੇਂ ਲਈ ਕੱਚੇ ਤੇਲ ਦੇ ਭੰਡਾਰਾਂ ਨੂੰ ਵੀ ਤਰਜੀਹ ਦਿੱਤੀ ਹੈ। ਪਿਛਲੇ 11 ਸਾਲਾਂ ’ਚ 53 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਤੱਕ ਸਟ੍ਰੇਟੇਜਿਕ ਪੈਟਰੋਲੀਅਮ ਰਿਜ਼ਰਵ ਵਿਕਸਤ ਕੀਤਾ ਗਿਆ ਹੈ ਤੇ 65 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਦੇ ਰਿਜ਼ਰਵ ਦੀ ਵਿਵਸਥਾ ’ਤੇ ਦੇਸ਼ ਕੰਮ ਕਰ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਾਰਤ ਕੋਲਕ ੱਚੇ ਤੇਲ ਦੇ ਉਚਿਤ ਭੰਡਾਰਨ ਤੇ ਨਿਰੰਤਰ ਸਪਲਾਈ ਦੀਆਂ ਵਿਵਸਥਾਵਾਂ ਹਨ। ਆਤਮਨਿਰਭਰ ਭਾਰਤ ਦੇ ਸੰਕਲਪ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ 90 ਫ਼ੀਸਦੀ ਤੋਂ ਜ਼ਿਆਦਾ ਤੇਲ ਦੀ ਦਰਾਮਦ ਵਿਦੇਸ਼ੀ ਜਹਾਜ਼ਾਂ ’ਤੇ ਹੁੰਦੀ ਹੈ। ਇਹ ਸਥਿਤੀ ਕਿਸੇ ਵੀ ਵਿਸ਼ਵ ਸੰਕਟ ’ਚ ਭਾਰਤ ਦੀ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੰਦੀ ਹੈ, ਇਸ ਲਈ ਸਰਕਾਰ ਨੇ ਮੇਡ ਇਨ ਇੰਡੀਆ ਜਹਾਜ਼ ਬਣਾਉਣ ਲਈ ਕਰੀਬ 70 ਹਜ਼ਾਰ ਕਰੋੜ ਰੁਪਏ ਦਾ ਅਭਿਆਨ ਸ਼ੁਰੂ ਕੀਤਾ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਭਰੋਸਾ ਦਿੱਤਾ ਕਿ ਸਰਕਾਰ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਆਉਮ ਵਾਲੇ ਬੁਆਈ ਸੀਜ਼ਨ ’ਚ ਕਿਸਾਨਾਂ ਨੂੰ ਉਚਿਤ ਖਾਦ ਮਿਲਦੀ ਰਹੇ। ਖਾਦ ਦੀ ਉਚਿਤ ਸਪਲਾਈ ਲਈ ਜ਼ਰੂਰੀ ਤਿਆਰੀਆਂ ਕੀਤੀਆਂ ਹਨ। ਸੰਕਟ ਭਾਵੇਂ ਜਿਹੋ ਜਿਹਾ ਵੀ ਹੋਵੇ, ਉੱਚ ਆਰਥਿਕ ਵਿਕਾਸ ਦਰ ਬਣਾਏ ਰੱਖਣਾ ਸਾਡੀ ਜ਼ਿੰਮੇਵਾਰੀ ਹੈ।

ਗੈਸ ਊਰਜਾ, ਮਹਿੰਗਾਈ ਆਦਿ ਲਈ ਬਣਾਏ ਸੱਤ ਅਧਿਕਾਰ ਪ੍ਰਾਪਤ ਸਮੂਹ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸੰਕਟ ਨੇ ਪੂਰੀ ਦੁਨੀਆ ਦੇ ਅਰਥਚਾਰੇ ਨੂੰ ਹਿਲਾ ਦਿੱਤਾ ਹੈ। ਹਾਲੇ ਤੱਕ ਪੱਛਮੀ ਏਸ਼ੀਆ ’ਚ ਜਿਹੜਾ ਨੁਕਸਾਨ ਹੋਇਆ ਹੈ, ਉਸ ਤੋਂ ਉਭਰਣ ’ਚ ਵੀ ਦੁਨੀਆ ਨੂੰ ਬਹੁਤ ਸਮਾਂ ਲੱਗੇਗਾ। ਭਾਰਤ ’ਚ ਇਸਦਾ ਘੱਟ ਤੋ ਘੱਟ ਮਾੜਾ ਅਸਰ ਹੋਵੇ, ਇਸ ਲਈ ਨਿਰੰਤਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਨੇ ਇਕ ਅੰਤਰ ਮੰਤਰਾਲੀ ਸਮੂਹ ਵੀ ਬਣਾਇਆ ਹੈ। ਇਹ ਦਰਾਮਦ-ਬਰਾਮਦ ’ਚ ਆਉਣ ਵਾਲੀ ਹਰ ਦਿੱਕਤ ਦੀ ਸਮੀਖਿਆ ਕਰਦਾ ਹੈ ਤੇ ਜ਼ਰੂਰੀ ਹੱਲ ’ਤੇ ਵੀ ਨਿਰੰਤਰ ਕੰਮ ਕਰਦਾ ਰਿਾ ਹੈ। ਇਸੇ ਤਰ੍ਹਾਂ ਜਿਵੇਂ ਕੋਰੋਨਾ ਦੇ ਸਮੇਂ ’ਚ ਵੱਖ-ਵੱਖ ਸੈਕਟਰਾਂ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਮਾਹਿਰਾਂ ਤੇ ਅਧਿਕਾਰੀਆਂ ਦੇ ਅਧਿਕਾਰ ਪ੍ਰਾਪਤ ਸਮੂਹ ਬਣੇ ਸਨ, ਉਸੇ ਤਰ੍ਹਾਂ ਹੀ ਸੱਤ ਨਵੇਂ ਅਧਿਕਾਰ ਪ੍ਰਾਪਤ ਸਮੂਹਾਂ ਦਾ ਵੀ ਗਠਨ ਕੀਤਾ ਗਿਆ ਹੈ ਜਿਨ੍ਹਾਂ ’ਚ ਅਧਿਕਾਰੀ ਤੇ ਸਬੰਧਤ ਮਾਹਿਰ ਸ਼ਾਮਲ ਕੀਤੇ ਗਏ ਹਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮੂਹ ਸਪਲਾਈ ਲੜੀ, ਪੈਟਰੋਲ-ਡੀਜ਼ਲ, ਫਰਟੀਲਾਈਜ਼ਰ, ਗੈਸ, ਮਹਿੰਗਾਈ ਵਰਗੇ ਵਿਸ਼ਿਆਂ ’ਤੇ ਤੁਰੰਤ ਤੇ ਦੂਰਗਾਮੀ ਰਣਨੀਤੀ ਦੇ ਤਹਿਤ ਕਾਰਵਾਈ ਕਰਨਗੇ।

ਸੂਬਿਆਂ ਨੂੰ ਸੰਦੇਸ਼, ਦੇਸ਼ ਦੀ ਵੱਡੀ ਪ੍ਰੀਖਿਆ ਲੈਣ ਵਾਲਾ ਹੈ ਇਹ ਸੰਕਟ

ਮੋਦੀ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਹ ਸੰਕਟ ਸਾਡੇ ਦੇਸ਼ ਦੀ ਵੱਡੀ ਪ੍ਰੀਖਿਆ ਲੈਣ ਵਾਲਾ ਹੈ ਤੇ ਇਸ ਪ੍ਰੀਖਿਆ ’ਚ ਸਫਲਤਾ ਲਈ ਸੂਬਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਹੁੱਲੜੂਬਾਜ਼ ਅਨਸਰਾਂ ਨੂੰ ਸੰਕਟ ਦਾ ਫਾਇਦਾ ਉਠਾਉਣ ਦੇ ਪ੍ਰਤੀ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਨੇ ਜਮ੍ਹਾਖੋਰੀ-ਕਾਲਾਬਾਜ਼ਾਰੀ ਕਰਨ ਵਾਲਿਆਂ ’ਤੇ ਤੁਰੰਤ ਕਾਰਵਾਈ ਤੇ ਜ਼ਰੂਹਰੀ ਵਸਤਾਂ ਦੀ ਬਿਨਾ ਰੁਕਾਵਟ ਸਪਲਾਈ ਨੂੰ ਤਰਜੀਹ ’ਚ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕੋਰੋਨਾ ਕਾਲ ’ਚ ਸੂਬਿਆਂ ਦੇ ਸਹਿਯੋਗ ਨੂੰ ਮਾਡਲ ਦੱਸਦੇ ਹੋਏ ਉਸੇ ਤਰ੍ਹਾਂ ਟੀਮ ਇੰਡੀਆ ਦੇ ਰੂਪ ’ਚ ਕੰਮ ਕਰਨ ਦੀ ਜ਼ਰੂਰਤ ਦੱਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਦਾ ਸੰਕਟ ਆਪਣੇ ਆਪ ’ਚ ਅਨੋਖਾ ਹੈ ਤੇ ਇਸਦੇ ਹੱਲ ਵੀ ਉਸੇ ਮੁਤਾਬਕ ਖ਼ਾਸ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਹਨ। ਦੇਸ਼ ਨੂੰ ਹਰ ਚੁਣੌਤੀ ਦਾ ਸਾਹਮਣਾ ਧੀਰਜ, ਸੰਜਮ ਤੇ ਸ਼ਾਂਤ ਮਨ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਨਾਗਿਰਕਾਂ ਨੂੰ ਅਪੀਲ ਕੀਤੀ ਕੇ ਉਹ ਆਉਣ ਵਾਲੀ ਹਰ ਚੁਣੌਤੀ ਲਈ ਤਿਆਰ ਰਹਿਣ।

ਭਾਰਤ ਦੀ ਕੋਸ਼ਿਸ਼ ਹੈ ਕਿ ਤੇਲ ਹੋਵੇ, ਗੈਸ ਹੋਵੇ ਜਾਂ ਫਰਟੀਲਾਈਜ਼ਰ ਹੋਵੇ, ਅਜਿਹੇ ਹਰ ਜ਼ਰੂਰੀ ਸਾਮਨਾ ਨਾਲ ਜੁੜੇ ਜਹਾਜ਼ ਭਾਰਤ ਤੱਕ ਸੁਰੱਖਿਅਤ ਪਹੁੰਚਣ। ਪਰ ਇਸ ਜੰਗ ਨਾਲ ਬਣੇ ਵਿਸ਼ਵ ਹਾਲਾਤ ਜੇਕਰ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ ਤਾਂ ਗੰਭੀਰ ਮਾੜੇ ਨਤੀਜੇ ਤੈਅ ਹਨ। ਇਸ ਲਈ ਭਾਰਤ ਨੇ ਜਿਹੜੀਆਂ ਵੀ ਕੋਸ਼ਿਸ਼ਾਂ ਪਿਛਲੇ ਸਾਲਾਂ ’ਚ ਕੀਤੀਆਂ ਹਨ, ਉਨ੍ਹਾਂ ਨੂੰ ਹੋਰ ਰਫਤਾਰ ਦੇ ਰਿਹਾ ਹੈ।

ਨਰਿੰਦਰ ਮੋਦੀ, ਪ੍ਰਧਾਨ ਮੰਤਰੀ

ਭਾਰਤ ਦੀ ਸੰਸਦ ਤੋਂ ਨਿਕਲੇ ਇਕਜੁੱਟ ਆਵਾਜ਼

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਭਾਰਤ ਲਈ ਮਹੱਤਵਪੂਰਨ ਹੈ ਕਿਉਂਕਿ ਖਾੜੀ ਦੇਸ਼ਾਂ ’ਚ ਲਗਪਗ ਇਕ ਕਰੋੜ ਭਾਰਤੀ ਰਹਿੰਦੇ ਤੇ ਕੰਮ ਕਰਦੇ ਹਨ। ਇਨ੍ਹਾਂ ਸਮੁੰਦਰਾਂ ’ਚ ਚੱਲਣ ਵਾਲੇ ਵਪਾਰਕ ਜਹਾਜ਼ਾਂ ’ਚ ਵੱਡੀ ਗਿਣਤੀ ’ਚ ਭਾਰਤੀ ਚਾਲਕ ਦਲ ਮੈਂਬਰ ਕੰਮ ਕਰਦੇ ਹਨ। ਇਨ੍ਹਾਂ ਵੱਖ-ਵੱਖ ਕਾਰਨਾਂ ਨਾਲ ਭਾਰਤ ਦੀਆਂ ਚਿੰਤਾਵਾਂ ਸੁਭਾਵਿਕ ਰੂਪ ਨਾਲ ਜ਼ਿਆਦਾ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਇਸ ਸੰਕਟ ’ਤੇ ਭਾਰਤ ਦੀ ਸੰਸਦ ਇਕ ਸਰਬਸੰਮਤ ਤੇ ਇਕਜੁੱਟ ਆਵਾਜ਼ ਦੁਨੀਆ ਤੱਕ ਪਹੁੰਚੇ।

ਇਕਜੁੱਟਤਾ ਬਣਾਉਣ ਲਈ ਸਰਬ ਪਾਰਟੀ ਬੈਠਕ ਅੱਜ

ਪੱਛਮੀ ਏਸ਼ੀਆ ’ਚ ਜੰਗ ਤੋਂ ਪੈਦਾ ਸੰਕਟ ਦਾ ਇਕਜੁੱਟ ਹੋ ਕੇ ਸਾਹਮਣਾ ਕਰਨ ’ਤੇ ਸਹਿਮਤੀ ਬਣਾਉਣ ਲਈ ਸਰਕਾਰ ਨੇ ਬੁੱਧਵਾਰ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ। ਪ੍ਰਧਾਨ ਮੰਤਰੀ ਨੇ ਰਾਜ ਸਭਾ ’ਚ ਇਸ ਸੰਕਟ ਨਾਲ ਨਿਜੱਠਣ ਲਈ ਇਕਜੁੱਟ ਕੋਸ਼ਿਸ਼ ਦੀ ਅਪੀਲ ਵੀ ਕੀਤੀ। ਸਰਬ ਪਾਰਟੀ ਬੈਠਕ ਨੂੰ ਇਸੇ ਦਿਸ਼ਾ ’ਚ ਦੇਖਿਆ ਜਾ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਇਸਦੀ ਅਗਵਾਈ ਕਰ ਸਕਦੇ ਹਨ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਬੈਠਕ ’ਚ ਮੌਜੂਦ ਰਹਿ ਸਕਦੇ ਹਨ। ਉੱਚ ਪੱਧਰੀ ਸੂਤਰਾਂ ਦੇ ਮੁਤਾਬਕ, ਬੁੱਧਵਾਰ ਸ਼ਾਮ ਪੰਜ ਵਜੇ ਬੁਲਾਈ ਗਈ ਬੈਠਕ ’ਚ ਸੱਤਾਧਾਰੀ ਭਾਜਪਾ ਤੇ ਉਸਦੇ ਐੱਨਡੀਏ ਸਹਿਯੋਗੀ ਦਲਾਂ ਦੇ ਨਾਲ ਨਾਲ ਕਾਂਗਰਸ ਤੇ ਉਸਦੇ ਸਹਿਯੋਗੀ ਵਿਰੋਧੀ ਦਲਾਂ ਦੇ ਪ੍ਰਮੁੱਖ ਆਗੂ ਸ਼ਾਮਲ ਹੋਣਗੇ। ਹਾਲਾਂਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੂਲ ਗਾਂਧੀ ਕਹਿ ਚੁੱਕੇ ਹਨ ਕਿ ਉਹ ਇਸ ਬੈਠਕ ’ਚ ਹਿੱਸਾ ਨਹੀਂ ਲੈ ਸਕਣਗੇ। ਬੈਠਕ ’ਚ ਜੰਗ ਤੋਂ ਪੈਦਾ ਸੰਕਟ ਦੇ ਵੱਖ-ਵੱਖ ਆਯਾਮਾਂ ਤੇ ਉਸ ਨਾਲ ਨਿਪਟਣ ਦੇ ਉਪਾਵਾਂ ’ਤੇ ਚਰਚਾ ਹੋਵੇਗੀ। ਸਰਕਾਰ ਵੱਲੋਂ ਵਿਰੋਧੀ ਧਿਰ ਦੇ ਸੁਝਾਵੁਾਂ ਨੂੰ ਸ਼ਾਮਲ ਕਰਦੇ ਹੋਏ ਇਕਜੁੱਟ ਕੋਸ਼ਿਸ਼ ਦੀ ਰੂਪਰੇਖਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਧਿਆਨ ਦੇਣ ਦੀ ਗੱਲ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਵੀ ਸਰਕਾਰ ਵਲੋਂ ਇਸੇ ਤਰ੍ਹਾਂ ਇਕਜੁੱਟਤਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਸੇ ਤਰ੍ਹਾਂ ਸਰਬ ਪਾਰਟੀ ਬੈਠਕ ਕਰ ਕੇ ਸਾਰੀਆਂ ਪਾਰਟੀਆਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਖੁਦ ਮੁੱਖ ਮੰਤਰੀਆਂ ਨਾਲ ਲਗਾਤਾਰ ਬੈਠਕ ਕਰ ਕੇ ਮਹਾਮਾਰੀ ਨਾਲ ਨਿਪਟਣ ਦੀਆਂ ਸਮੂਹਿਕ ਕੋਸ਼ਿਸ਼ਾਂ ਦੀ ਸਮੀਖਿਆ ਕਰ ਰਹੇ ਸਨ। ਨਵੇਂ ਸੰਕਟ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨੇ ਕੋਰੋਨਾ ਸੰਕਟ ਵਾਂਗ ਸੂਬਿਆਂ ਨੂੰ ਸਰਗਰਮ ਭਾਈਵਾਲੀ ਨਿਭਾਉਣ ਦੀ ਅਪੀਲ ਕੀਤੀ ਹੈ।

ਸੰਖੇਪ:-

ਭਾਰਤ ਪੱਛਮੀ ਏਸ਼ੀਆ ਸੰਕਟ ਦੇ ਮੱਦੇਨਜ਼ਰ ਊਰਜਾ, ਖਾਦ ਤੇ ਸਪਲਾਈ ਸੁਰੱਖਿਆ ਲਈ ਤਿਆਰ, ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ’ਚ ਭਰੋਸਾ ਦਿੱਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।