ਪੰਜਾਬ ਦੇ ਰਾਜਪਾਲ 26 ਜਨਵਰੀ ਨੂੰ ਪੋਲੋ ਗਰਾਊਂਡ ‘ਚ ਲਹਿਰਾਉਣਗੇ ਤਿਰੰਗਾ
75ਵੇਂ ਗਣਤੰਤਰ ਦਿਵਸ ਦੇ ਸਮਾਗਮ ਲਈ ਤਿਆਰੀਆਂ ਮੁਕੰਮਲ : ਸਾਕਸ਼ੀ ਸਾਹਨੀ
ਸੁਰੱਖਿਆ ਪੱਖੋਂ ਸਾਰੇ ਇੰਤਜ਼ਾਮ ਮੁਕੰਮਲ : ਐਸ.ਐਸ.ਪੀ
ਪਟਿਆਲਾ, 24 ਜਨਵਰੀ (ਪੰਜਾਬੀ ਖ਼ਬਰਨਾਮਾ)
26 ਜਨਵਰੀ ਨੂੰ ਦੇਸ਼ ਦੇ 75ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇੱਥੇ ਐਸ.ਐਸ.ਪੀ. ਵਰੁਣ ਸ਼ਰਮਾ ਸਮੇਤ ਇਸ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਮਾਣਯੋਗ ਸ੍ਰੀ ਬਨਵਾਰੀ ਲਾਲ ਪੁਰੋਹਿਤ ਇਸ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਦਾ ਨਿਰੀਖਣ ਕਰਨਗੇ ਅਤੇ ਪੰਜਾਬ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ। ਉਪਰੰਤ ਪੰਜਾਬ ਦੇ ਰਾਜਪਾਲ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲੈਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਰੇਡ ਵਿੱਚ 17 ਟੁਕੜੀਆਂ ਹਿੱਸਾ ਲੈਣਗੀਆਂ ਜਿਹਨਾਂ ਵਿਚੋਂ ਇਕ ਟੁਕੜੀ ਆਈ.ਟੀ.ਬੀ.ਪੀ., ਪੰਜ ਟੁਕੜੀਆਂ ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਪੀ.ਏ.ਪੀ. ਜਲੰਧਰ ਦੀਆਂ, ਦੋ ਟੁਕੜੀਆਂ ਆਰ.ਟੀ.ਸੀ. ਪੀ.ਏ.ਪੀ. ਮਹਿਲਾ ਵਿੰਗ ਤੇ ਇਕ ਇਕ ਟੁਕੜੀ ਹੋਮ ਗਾਰਡਜ਼ (ਮਹਿਲਾ ਤੇ ਪੁਰਸ਼) ਦੀ ਹੈ। ਇਸ ਤੋਂ ਇਲਾਵਾ ਰਾਜਸਥਾਨ ਪੁਲਿਸ ਟੁਕੜੀ ਸਮੇਤ ਐਨ.ਸੀ.ਸੀ. ਏਅਰ ਵਿੰਗ, ਐਨ.ਸੀ.ਸੀ. ਆਰਮੀ ਵਿੰਗ, ਐਨ.ਸੀ.ਸੀ. ਗਰਲਜ਼ ਬਟਾਲੀਅਨ, ਰੈਡ ਕਰਾਸ ਸੇਂਟ ਜੌਨ੍ਹ ਐਂਬੂਲੈਂਸ, ਸਕਾਊਟਸ ਤੇ ਗਰਲਜ਼ ਗਾਈਡ, ਪਟਿਆਲਾ ਸਕੂਲ ਆਫ਼ ਬਲਾਈਡ ਦੇ ਬੱਚਿਆਂ ਦੀ ਟੁਕੜੀ ਤੋਂ ਇਲਾਵਾ ਪੰਜਾਬ ਆਰਮਡ ਪੁਲਿਸ ਜਲੰਧਰ ਦਾ ਪਾਈਪ ਬੈਂਡ, ਬਰਾਸ ਬੈਂਡ ਤੇ ਆਈ.ਆਰ.ਬੀ. ਬੈਂਡ ਸ਼ਾਮਲ ਹੋਣਗੇ। ਪਰੇਡ ਦੀ ਅਗਵਾਈ ਪਰੇਡ ਕਮਾਂਡਰ ਏ.ਸੀ.ਪੀ. ਵੈਭਵ ਚੌਧਰੀ ਅਤੇ ਸੈਕਿੰਡ ਪਰੇਡ ਕਮਾਂਡਰ ਸਤਵੀਰ ਸਿੰਘ ਕਰਨਗੇ। ਉਨ੍ਹਾਂ ਦੱਸਿਆ ਕਿ ਮਾਰਚ ਪਾਸਟ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਜਾਣਗੀਆਂ ਅਤੇ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ, ਸਰਕਾਰੀ ਮਾਡਲ ਸਕੂਲ ਫੀਲਖਾਨਾ, ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ, ਸਰਕਾਰੀ ਮਲਟੀਪਰਪਜ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਦੇ ਵਿਦਿਆਰਥੀਆਂ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੌਕੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਵੱਖ ਵੱਖ ਖੇਡਾਂ ਦੀ ਪੇਸ਼ਕਾਰੀ ਵੀ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਆਜ਼ਾਦੀ ਘੁਲਾਟੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨਗੇ ਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕਰਨਗੇ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਸਮਾਰੋਹ ਦੇ ਅਖੀਰ ਵਿੱਚ ਰਾਸ਼ਟਰੀ ਗਾਨ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਇਸ ਸਾਰੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।