14 ਅਗਸਤ 2024 : ਮੁੱਖ ਮੰਤਰੀ ਭਗਵੰਤ ਮਾਨ(Bhagwant mann) ਨੇ ਪੰਚਾਇਤੀ ਚੋਣਾਂ ਬਾਰੇ ਮੰਗਲਵਾਰ ਨੂੰ ਆਪਣੀ ਰਿਹਾਇਸ਼ ’ਤੇ ਪਾਰਟੀ ਦੇ ਮੰਤਰੀਆਂ, ਵਿਧਾਇਕਾਂ(MLA) ਤੇ ਸੰਸਦ ਮੈਂਬਰਾਂ ਨਾਲ ਵਿਸ਼ੇਸ਼ ਬੈਠਕ ਕਰ ਕੇ ਚਰਚਾ ਕੀਤੀ। ਇਸ ਦੌਰਾਨ ਪਾਰਟੀ ਦੇ ਸਕੱਤਰ ਜਨਰਲ ਡਾ. ਸੰਦੀਪ ਪਾਠਕ ਵੀ ਹਾਜ਼ਰ ਰਹੇ। ਦੱਸਿਆ ਜਾਂਦਾ ਹੈ ਕਿ ਜ਼ਿਆਦਾਤਰ ਵਿਧਾਇਕਾਂ ਨੇ ਪੰਚਾਇਤੀ ਚੋਣਾਂ ਬਿਨਾਂ ਚੋਣ ਨਿਸ਼ਾਨ ਤੇ ਬਿਨਾਂ ਵਾਰਡ ਬੰਦੀ ਦੇ ਓਪਨ ਕਰਵਾਉਣ ਦਾ ਸੁਝਾਅ ਦਿੱਤਾ। ਪਰ ਮੁੱਖ ਮੰਤਰੀ (Cm mann)ਨੇ ਸੰਵਿਧਾਨ ਦੀ ਧਾਰਾ 243 ਸੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਵਿਧਾਨ ਬਿਨਾਂ ਵਾਰਡਬੰਦੀ ਚੋਣ ਕਰਵਾਉਣ ਦੀ ਆਗਿਆ ਨਹੀਂ ਦਿੰਦਾ। ਇਸ ਤਰ੍ਹਾਂ ਸਪਸ਼ਟ ਹੈ ਕਿ ਪੰਚਾਇਤਾਂ ਦੀ ਵਾਰਡਬੰਦੀ ਕਰਨੀ ਹੀ ਪਵੇਗੀ। ਹਾਲਾਂਕਿ ਬੈਠਕ ਦੌਰਾਨ ਪਾਰਟੀ ਦੇ ਚੋਣ ਨਿਸ਼ਾਨ ਤੋਂ ਬਗ਼ੈਰ ਚੋਣ ਕਰਵਾਉਣ ’ਤੇ ਸਹਿਮਤੀ ਬਣੀ ਦੱਸੀ ਜਾ ਰਹੀ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਬੁੱਧਵਾਰ ਸਵੇਰੇ ਪੰਜਾਬ ਵਜ਼ਾਰਤ ਦੀ ਮੀਟਿੰਗ ਬੁਲਾਈ ਹੋਈ ਹੈ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਪੁੱਛਿਆ ਕਿ ਪਹਿਲਾਂ ਪੰਚਾਇਤ ਚੋਣਾਂ ਕਰਵਾਈਆਂ ਜਾਣ ਜਾਂ ਫਿਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ? ਜ਼ਿਆਦਾਤਰ ਵਿਧਾਇਕਾਂ ਨੇ ਕਿਹਾ ਕਿ ਪਹਿਲਾਂ ਪੰਚਾਇਤੀ ਚੋਣਾਂ ਕਰਵਾਈਆਂ ਜਾਣ। ਜ਼ਿਲ੍ਹਾ ਸੰਮਤੀ, ਬਲਾਕ ਸੰਮਤੀ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਬਾਅਦ ’ਚ ਕਰਵਾਈਆਂ ਜਾਣ। ਜਾਣਕਾਰੀ ਮੁਤਾਬਕ ਮੀਟਿੰਗ ’ਚ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਬਾਰੇ ਵੀ ਚਰਚਾ ਕੀਤੀ ਗਈ।
ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਇਕ ਵਾਰ ਫਿਰ ਕਈ ਵਿਧਾਇਕਾਂ ਨੇ ਕੱਟੇ ਹੋਏ ਰਾਸ਼ਨ ਕਾਰਡ ਤੇ ਲੋੜਵੰਦਾਂ ਦੇ ਦੁਬਾਰਾ ਕਾਰਡ ਬਣਾਉਣ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਪਾਰਟੀ ਨੂੰ ਇਸ ਦਾ ਕਾਫ਼ੀ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਜ਼ਰੂਰਤਮੰਦ ਦਾ ਕਾਰਡ ਕੱਟਿਆ ਨਹੀਂ ਜਾਵੇਗਾ ਬਲਕਿ ਜੇਕਰ ਕੱਟਿਆ ਗਿਆ ਹੈ ਤਾਂ ਉਸ ਦਾ ਕਾਰਡ ਬਣਾਇਆ ਜਾਵੇਗਾ।
ਤੁਹਾਡਾ ਐੱਮਐੱਲਏ ਤੁਹਾਡੇ ਦੁਆਰ
ਬੈਠਕ ’ਚ ਮੌਜੂਦ ਰਹੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਵਿਧਾਇਕਾਂ ਨੇ ਸਿੱਧੇ ਤੌਰ ’ਤੇ ਲੋਕਾਂ ਵਿਚਕਾਰ ਜਾਣ ਦਾ ਫੈਸਲਾ ਕੀਤਾ ਹੈ। ਵਿਧਾਇਕ ਲੋਕਾਂ ਦੇ ਦਰਵਾਜ਼ੇ ‘ਤੇ ਜਾਣਗੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਕੋਲੋਂ ‘ਆਪ’ ਸਰਕਾਰ ਦੇ ਢਾਈ ਸਾਲਾਂ ’ਚ ਕੀਤੇ ਕੰਮਾਂ ਬਾਰੇ ਫੀਡਬੈਕ ਲਈ ਤੇ ਭਵਿੱਖ ਲਈ ਦਿਸ਼ਾ-ਨਿਰਦੇਸ਼ ਦਿੱਤੇ।
ਚੋਣ ਕਮਿਸ਼ਨ ਨੇ ਵੋਟਰ ਲਿਸਟਾਂ ਅਪਡੇਟ ਕਰਨ ਦੀ ਹਦਾਇਤ
ਪੰਜਾਬ ਰਾਜ ਦੇ ਚੋਣ ਕਮਿਸ਼ਨ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜ ਕੇ ਪਹਿਲੀ ਜਨਵਰੀ 2023 ਦੇ ਅਧਾਰ ’ਤੇ ਤਿਆਰ ਕੀਤੀਆਂ ਵੋਟਰ ਲਿਸਟਾਂ ਅਪਡੇਟ ਕਰਨ ਦੀ ਹਦਾਇਤ ਕੀਤੀ ਹੈ। ਪੰਜਾਬ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ ’ਚ ਕਿਹਾ ਕਿ ਕਮਿਸ਼ਨ ਵੱਲੋ ਪੰਚਾਇਤ ਦੀਆਂ ਆਮ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਵੋਟਰ ਲਿਸਟ ਪੂਰੀ ਤਰ੍ਹਾਂ ਅਪਡੇਟ ਕੀਤੀ ਜਾਵੇ। ਪੰਜਾਬ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਕਮਿਸ਼ਨ ਚੋਣਾਂ ਕਰਵਾਉਣ ਲਈ ਤਿਆਰ ਹੈ, ਇਸ ਸਬੰਧੀ ਪਹਿਲਾਂ ਨੋਟੀਫਿਕੇਸ਼ਨ ਪੰਚਾਇਤੀ ਰਾਜ ਵਿਭਾਗ ਵੱਲੋਂ ਜਾਰੀ ਕੀਤਾ ਜਾਵੇਗਾ। ਪੰਚਾਇਤੀ ਰਾਜ ਵਿਭਾਗ ਵੱਲੋਂ ਚੋਣਾਂ ਕਰਵਾਉਣ ਦੀ ਸਿਫਾਰਸ਼ ਬਾਅਦ ਕਮਿਸ਼ਨ ਚੋਣਾਂ ਦੀ ਤਾਰੀਕ ਤੈਅ ਕਰੇਗਾ।