(ਪੰਜਾਬੀ ਖ਼ਬਰਨਾਮਾ):ਖਨੌਰੀ ਬਾਰਡਰ ਉਤੇ ਚੱਲ ਰਹੇ ਕਿਸਾਨ ਅੰਦੋਲਨ ‘ਚ ਹਿੱਸਾ ਲੈਣ ਲਈ ਆ ਰਹੀ ਮਹਿਲਾ ਦੀ ਰੇਲ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਮਹਿਲਾ ਫਰੀਦਕੋਟ ਜ਼ਿਲ੍ਹੇ ਤੋਂ ਖਨੌਰੀ ਆ ਰਹੀ ਸੀ। ਇਸ ਦੌਰਾਨ ਖਨੌਰੀ ਨੇੜੇ ਦਾਰੋਦੀ ਰੇਲਵੇ ਸਟੇਸ਼ਨ ‘ਤੇ ਹਾਦਸਾ ਵਾਪਰ ਗਿਆ।
ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਲੇਰ ਦੀ 61 ਸਾਲਾ ਸੁਖਮਿੰਦਰ ਕੌਰ ਖਨੌਰੀ ਬਾਰਡਰ ‘ਤੇ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਲਈ ਫਰੀਦਕੋਟ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਆ ਰਹੀ ਸੀ, ਜਦੋਂ ਉਹ ਖਨੌਰੀ ਬਾਰਡਰ ਨੇੜੇ ਦਾਰੋਦੀ ਰੇਲਵੇ ਸਟੇਸ਼ਨ ‘ਤੇ ਰੇਲ ਤੋਂ ਉਤਰਨ ਲੱਗੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਈ।
ਉਸ ਨੂੰ ਜ਼ਖਮੀ ਹਾਲਤ ਵਿਚ ਨਰਵਾਣਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਉਸ ਦੇ ਪਿੰਡ ਕਲੇਰ ਜ਼ਿਲਾ ਫਰੀਦਕੋਟ ਵਿਖੇ ਲਿਜਾਇਆ ਗਿਆ ਹੈ।