12 ਜੂਨ (ਪੰਜਾਬੀ ਖਬਰਨਾਮਾ):ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨਵੇਂ ਥਲ ਸੈਨਾ ਮੁਖੀ ਹੋਣਗੇ। ਉਪੇਂਦਰ ਦਿਵੇਦੀ, ਜੋ ਵਰਤਮਾਨ ਵਿੱਚ ਥਲ ਸੈਨਾ ਦੇ ਉਪ ਮੁਖੀ ਹਨ, ਮੌਜੂਦਾ ਥਲ ਸੈਨਾ ਮੁਖੀ ਜਨਰਲ ਮਨੋਜ ਸੀ ਪਾਂਡੇ ਦੀ ਥਾਂ ਲੈਣਗੇ। ਜਨਰਲ ਪਾਂਡੇ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ।
ਮੱਧ ਪ੍ਰਦੇਸ਼ ਦੇ ਰੀਵਾ ਦੇ ਸੈਨਿਕ ਸਕੂਲ ਦੇ ਵਿਦਿਆਰਥੀ ਉਪੇਂਦਰ ਦਿਵੇਦੀ ਨੂੰ 15 ਦਸੰਬਰ 1984 ਨੂੰ ਭਾਰਤੀ ਫੌਜ ਦੀ ਇਨਫੈਂਟਰੀ (ਜੰਮੂ ਅਤੇ ਕਸ਼ਮੀਰ ਰਾਈਫਲਜ਼) ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਲਗਭਗ 40 ਸਾਲਾਂ ਦੀ ਆਪਣੀ ਲੰਬੀ ਅਤੇ ਵਿਲੱਖਣ ਸੇਵਾ ਦੌਰਾਨ, ਉਸ ਨੇ ਸਟਾਫ, ਸਿੱਖਿਆ ਅਤੇ ਵਿਦੇਸ਼ੀ ਮੋਰਚਿਆਂ ‘ਤੇ ਵੱਖ-ਵੱਖ ਕਮਾਂਡਾਂ ਵਿਚ ਸੇਵਾਵਾਂ ਦਿੱਤੀਆਂ ਹਨ। 18 ਜੰਮੂ ਅਤੇ ਕਸ਼ਮੀਰ ਰਾਈਫਲਜ਼, 26 ਸੈਕਟਰ ਅਸਾਮ ਰਾਈਫਲਜ਼, ਅਸਾਮ ਰਾਈਫਲਜ਼ (ਪੂਰਬੀ) ਅਤੇ 9 ਕੋਰ ਦੀ ਕਮਾਂਡ ਵੀ ਕੀਤੀ।
ਕਈ ਅਹਿਮ ਅਹੁਦਿਆਂ ‘ਤੇ ਕੀਤਾ ਕੰਮ
ਥਲ ਸੈਨਾ ਦੇ ਉਪ ਮੁਖੀ ਵਜੋਂ ਨਿਯੁਕਤ ਹੋਣ ਤੋਂ ਪਹਿਲਾਂ, ਉਨ੍ਹਾਂ ਨੇ 2022-2024 ਤੱਕ ਚੀਫ਼ ਆਫ਼ ਇਨਫੈਂਟਰੀ ਅਤੇ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ (ਹੈੱਡਕੁਆਰਟਰ ਉੱਤਰੀ ਕਮਾਂਡ) ਸਮੇਤ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ। ਉਨ੍ਹਾਂ ਕੋਲ ਦੇਸ਼ ਭਰ ਵਿੱਚ ਚੁਣੌਤੀਪੂਰਨ ਮਾਹੌਲ ਵਿੱਚ ਕੰਮ ਕਰਨ ਦਾ ਤਜਰਬਾ ਹੈ। ਕਸ਼ਮੀਰ ਘਾਟੀ ਦੇ ਨਾਲ-ਨਾਲ ਉਹ ਰਾਜਸਥਾਨ ਵਿਚ ਵੀ ਯੂਨਿਟ ਦੀ ਕਮਾਨ ਸੰਭਾਲ ਚੁੱਕੇ ਹਨ।
ਚੀਨੀ ਫੌਜ ਨਾਲ ਗੱਲਬਾਤ ‘ਚ ਸ਼ਾਮਲ
ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਦੇਸ਼ ਦੀਆਂ ਪੱਛਮੀ ਸਰਹੱਦਾਂ ‘ਤੇ ਰਾਈਜ਼ਿੰਗ ਸਟਾਰ ਕੋਰ ਦੀ ਕਮਾਂਡ ਵੀ ਸੰਭਾਲੀ ਹੈ। ਉੱਤਰੀ ਅਤੇ ਪੱਛਮੀ ਸਰਹੱਦਾਂ ‘ਤੇ ਚੁਣੌਤੀਪੂਰਨ ਮਾਹੌਲ ਵਿੱਚ ਫੌਜ ਦੀ ਅਗਵਾਈ ਕੀਤੀ। ਉਨ੍ਹਾਂ ਨੇ ਜੰਮੂ-ਕਸ਼ਮੀਰ ‘ਚ ਅੱਤਵਾਦ ਵਿਰੁੱਧ ਮੁਹਿੰਮਾਂ ‘ਚ ਵੱਡੀ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਉੱਤਰੀ ਅਤੇ ਪੱਛਮੀ ਸਰਹੱਦਾਂ ‘ਤੇ ਰਣਨੀਤਕ ਮਾਰਗਦਰਸ਼ਨ ਵੀ ਦਿੱਤਾ। ਉਹ ਚੀਨ ਸਰਹੱਦੀ ਵਿਵਾਦ ਬਾਰੇ ਗੱਲਬਾਤ ਵਿੱਚ ਵੀ ਸ਼ਾਮਲ ਰਿਹਾ ਹੈ। ਫੌਜ ਦੇ ਆਧੁਨਿਕੀਕਰਨ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ।