ਲਖਵੰਤ ਸਿੰਘ, ਮੁਹਾਲੀ(ਪੰਜਾਬੀ ਖ਼ਬਰਨਾਮਾ): ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਇਸ ਸਮੇਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਚਾਰੇ ਪਾਸੇ ਬਰਫ਼ ਦੀ ਚਾਦਰ ਵਿੱਛੀ ਹੋਈ ਹੈ ਅਤੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ 15 ਫੁੱਟ ਦੇ ਕਰੀਬ ਬਰਫ਼ ਜੰਮੀ ਹੋਈ ਹੈ ਜਦਕਿ ਸਰੋਵਰ ਬਰਫ਼ ਨਾਲ ਢੱਕਿਆ ਹੋਇਆ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਸਮੇਂ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਰਸਤਾ ਪੂਰੀ ਤਰ੍ਹਾਂ ਬਰਫ਼ ਨਾਲ ਦੱਬਿਆ ਹੋਇਆ ਹੈ। ਐਤਵਾਰ ਨੂੰ ਫ਼ੌਜ ਦੇ ਜਵਾਨ ਗੁਰਦੁਆਰਾ ਗੋਵਿੰਦ ਘਾਟ ਤੋਂ ਅਰਦਾਸ ਕਰਨ ਤੋਂ ਬਾਅਦ ਗੁਰਦੁਆਰਾ ਗੋਵਿੰਦ ਧਾਮ ਲਈ ਰਵਾਨਾ ਹੋਏ ਜਿੱਥੇ ਜਵਾਨ 4-5 ਦਿਨ ਰੁਕਣਗੇ ਅਤੇ ਰਸਤੇ ’ਤੇ ਪਈ ਬਰਫ਼ ਨੂੰ ਹਟਾਉਣ ਦਾ ਕੰਮ ਸ਼ੁਰੂ ਕਰਨਗੇ।
ਇਸ ਮੌਕੇ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਹਰ ਸਾਲ ਫ਼ੌਜ ਦੇ ਜਵਾਨਾਂ ਵੱਲੋਂ ਸੰਗਤ ਲਈ ਪਵਿੱਤਰ ਅਸਥਾਨ ਦੇ ਰਸਤੇ ਦੀ ਪੂਰੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ ਤਾਂ ਜੋ ਸੰਗਤ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਅਤ ਪਹੁੰਚ ਕੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਪਵਿੱਤਰ ਯਾਤਰਾ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯਾਤਰਾ ’ਤੇ ਆਉਣ ਵਾਲੀ ਸੰਗਤ ਨੂੰ ਕੋਈ ਦਿੱਕਤ ਜਾਂ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।