ਸ੍ਰੀ ਗੋਇੰਦਵਾਲ ਸਾਹਿਬ, 20 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਰੋਵਾਲ ਵਾਸੀ ਬੱਚੇ ਦੇ ਭੇਦਭਰੇ ਹਾਲਾਤਾਂ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ। ਜਿਸਦੇ ਚੱਲਦਿਆਂ ਬੱਚੇ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਉਥੇ ਹੀ ਪਿੰਡ ਵਾਸੀ ਬੱਚੇ ਦੀ ਸਲਾਮਤੀ ਦੀਆਂ ਅਰਦਾਸਾਂ ਕਰ ਰਹੇ ਹਨ।
ਬੱਚੇ ਦੀ ਮਾਂ ਮਨਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ 10 ਕੁ ਸਾਲ ਦਾ ਲੜਕਾ ਗੁਰਮਾਨਦੀਪ ਸਿੰਘ ਲੰਘੀ ਸ਼ਾਮ ਤਿੰਨ ਕੁ ਵਜੇ ਘਰੋਂ ਬਾਹਰ ਦੋਸਤਾਂ ਨਾਲ ਖੇਡਣ ਲਈ ਗਿਆ ਸੀ, ਜੋ ਬਾਅਦ ਵਿਚ ਘਰ ਨਹੀਂ ਆਇਆ। ਬੱਚੇ ਦੀ ਮਾਤਾ ਅਨੁਸਾਰ ਜਦੋਂ ਨਾਲ ਖੇਡਣ ਗਏ ਬੱਚਿਆਂ ਤੋਂ ਗੁਰਮਾਨਦੀਪ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਕਿ ਉਹ ਫਤਿਆਬਾਦ ਨਜ਼ਦੀਕ ਵਗਦੀ ਨਹਿਰ ’ਚ ਨਹਾਉਣ ਗਏ ਸੀ ਤਾਂ ਗੁਰਮਾਨਦੀਪ ਨਹਿਰ ਵਿੱਚੋਂ ਬਾਹਰ ਨਹੀਂ ਨਿਕਲਿਆ।
ਬੱਚੇ ਦੀ ਮਾਤਾ ਅਨੁਸਾਰ ਉਨ੍ਹਾਂ ਇਸ ਸਬੰਧੀ ਪੁਲਸ ਚੌਕੀ ਫਤਿਆਬਾਦ ਨੂੰ ਜਾਣਕਾਰੀ ਦਿੱਤੀ। ਲੜਕੇ ਦੀ ਮਾਤਾ ਅਨੁਸਾਰ ਪੁਲਿਸ ਤੇ ਪਿੰਡ ਵਾਸੀ ਲੜਕੇ ਨੂੰ ਲੱਭਣ ਵਿਚ ਪਰਿਵਾਰ ਦੀ ਮਦਦ ਕਰ ਰਹੇ ਹਨ। ਪਰ ਹਾਲੇ ਤੱਕ ਲੜਕੇ ਦੀ ਕੋਈ ਜਾਣਕਾਰੀ ਨਹੀਂ ਮਿਲੀ। ਲਾਪਤਾ ਬੱਚਾ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਤੇ ਉਸਦੇ ਪਿਤਾ ਦਲਬੀਰ ਸਿੰਘ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ।