08 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਬੰਗਲਾਦੇਸ਼ ਦੇ ਸਾਬਕਾ ਕਪਤਾਨ ਤਮੀਮ ਇਕਬਾਲ ਅੱਜ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ ਸੀ ਬੀ) ਦਾ ਸਭ ਤੋਂ ਘੱਟ ਉਮਰ ਦਾ ਮੁਖੀ ਬਣ ਗਿਆ ਹੈ। ਇਹ ਨਿਯੁਕਤੀ ਰਾਸ਼ਟਰੀ ਖੇਡ ਪਰਿਸ਼ਦ (ਐੱਨ ਐੱਸ ਸੀ) ਨੇ ਬੀ ਸੀ ਬੀ ਦੇ ਡਾਇਰੈਕਟਰਜ਼ ਆਫ ਬੋਰਡ ਨੂੰ ਭੰਗ ਕੀਤੇ ਜਾਣ ਤੋਂ ਬਾਅਦ ਕੀਤੀ ਹੈ।
ਐੱਨ ਐੱਸ ਸੀ ਦੇ ਖੇਡ ਨਿਰਦੇਸ਼ਕ ਮੁਹੰਮਦ ਅਮੀਨੁਲ ਅਹਿਸਾਨ ਨੇ ਢਾਕਾ ਵਿੱਚ ਪੱਤਰਕਾਰਾਂ ਨੂੰ ਕਿਹਾ, ‘‘ਸਾਨੂੰ ਉਮੀਦ ਹੈ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਯਕੀਨੀ ਤੌਰ ’ਤੇ ਇਸ (ਨਿਯੁਕਤੀ ਦੇ) ਫ਼ੈਸਲੇ ਦਾ ਸਮਰਥਨ ਕਰੇਗੀ।’’ ਇਸ ਤੋਂ ਪਹਿਲਾਂ ਬੰਗਲਾਦੇਸ਼ ਕ੍ਰਿਕਟ ਬੋਰਡ ਵੱਲੋਂ ਭਾਰਤੀ ਕ੍ਰਿਕਟ ਬੋਰਡ (ਬੀ ਸੀ ਸੀ ਆਈ) ਨਾਲ ਦੁਵੱਲੇ ਸਬੰਧਾਂ ਨੂੰ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੇ ਜਾਣ ਦੇ ਕੁਝ ਹੀ ਦਿਨਾਂ ਮਗਰੋਂ ਦੇਸ਼ ਦੀ ਕੌਮੀ ਖੇਡ ਪਰਿਸ਼ਦ ਨੇ ਬੀ ਸੀ ਬੀ ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਨੂੰ ਅੱਜ ਅਹੁਦੇ ਤੋਂ ਹਟਾ ਦਿੱਤਾ ਸੀ। ਨਵੀਆਂ ਚੋਣਾਂ ਹੋਣ ਤੱਕ ਬੋਰਡ ਦੇ ਕੰਮ-ਕਾਜ ਚਲਾਉਣ ਲਈ 11 ਮੈਂਬਰੀ ਐਡਹਾਕ ਕਮੇਟੀ ਬਣਾਈ ਗਈ ਹੈ, ਜਿਸ ਦਾ ਮੁਖੀ ਤਮੀਮ ਇਕਬਾਲ ਨੂੰ ਬਣਾਇਆ ਗਿਆ ਹੈ। ਬੀ ਸੀ ਬੀ ਦੇ ਸੂਤਰਾਂ ਅਨੁਸਾਰ, ਬੁਲਬੁਲ ਨੂੰ ਮੁੱਖ ਤੌਰ ’ਤੇ ਟੀ-20 ਵਿਸ਼ਵ ਕੱਪ ਦੌਰਾਨ ਹੋਏ ਵਿਵਾਦ ਕਾਰਨ ਹਟਾਇਆ ਗਿਆ ਹੈ।
