Today’s date in Punjabi is:
19 ਅਗਸਤ 2024 : ਸਿਸਟੇਮੈਟਿਕ ਇਨਵੈਸਟਮੈਂਟ ਪਲਾਨ (SIP) ਰਾਹੀਂ ਮਿਊਚਲ ਫੰਡਾਂ ‘ਚ ਨਿਵੇਸ਼ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਲੰਬੇ ਸਮੇਂ ‘ਚ ਜਾਦੂਈ ਰਿਟਰਨ ਪ੍ਰਾਪਤ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ। ਖਾਸ ਤੌਰ ‘ਤੇ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਵੱਡੀ ਇਕਮੁਸ਼ਤ ਰਕਮ ਮਿਲਦੀ ਹੈ, ਜੋ ਤੁਹਾਡੀ ਜ਼ਿੰਦਗੀ ਨੂੰ ਅੱਗੇ ਆਸਾਨ ਬਣਾਉਂਦੀ ਹੈ।
ਕੀ ਹੈ ਸਿਸਟੇਮੈਟਿਕ ਵਿਡਰਾਲ ਪਲਾਨ (SWP) ?
SIP ‘ਚ ਤੁਸੀਂ ਹਰ ਮਹੀਨੇ ਇਕ ਨਿਸ਼ਚਿਤ ਰਕਮ ਦਾ ਨਿਵੇਸ਼ ਕਰਦੇ ਹੋ। ਮਿਊਚਲ ਫੰਡ ਇਸ ਤੋਂ ਯੂਨਿਟ ਖਰੀਦਦਾ ਹੈ ਤੇ ਉਸ ਦੇ ਵਧਣ ‘ਤੇ ਤੁਹਾਨੂੰ ਚੰਗਾ ਰਿਟਰਨ ਮਿਲਦਾ ਹੈ। SWP ਬਿਲਕੁਲ ਇਸਦੇ ਉਲਟ ਪ੍ਰਕਿਰਿਆ ਹੈ। ਇਸਨੂੰ ਸੈੱਟਅਪ ਕਰਨ ਤੋਂ ਬਾਅਦ ਫੰਡ ਹਾਊਸ ਤੁਹਾਡੀਆਂ ਮਿਊਚਲ ਫੰਡ ਹੋਲਡਿੰਗ ‘ਚੋਂ ਲੋੜੀਂਦੀਆਂ ਇਕਾਈਆਂ ਨੂੰ ਰੀਡੀਮ ਕਰੇਗਾ ਤੇ ਉਨ੍ਹਾਂ ਨੂੰ ਤੁਹਾਡੇ ਬੈਂਕ ਖਾਤੇ ‘ਚ ਜਮ੍ਹਾ ਕਰੇਗਾ। ਇਹ ਤੁਹਾਨੂੰ ਮਿਊਚਲ ਫੰਡਾਂ ਤੋਂ ਨਿਯਮਤ ਤੇ ਯੋਜਨਾਬੱਧ ਤਰੀਕੇ ਨਾਲ ਪੈਸੇ ਕਢਵਾਉਣ ‘ਚ ਮਦਦ ਕਰਦਾ ਹੈ। ਇਸ ਵਿੱਚ ਤੁਸੀਂ ਇਹ ਵੀ ਚੁਣ ਸਕਦੇ ਹੋ ਕਿ ਤੁਸੀਂ ਕਿੰਨੇ ਪੈਸੇ ਕਢਵਾਉਣਾ ਚਾਹੁੰਦੇ ਹੋ ਤੇ ਕਿੰਨੀ ਵਾਰ।
ਕਿਵੇਂ ਕੰਮ ਕਰਦਾ ਹੈ ਸਿਸਟਮੈਟਿਕ ਵਿਡਰਾਲ ਪਲਾਨ ?
ਹੁਣ ਮੰਨ ਲਓ ਕਿ ਤੁਹਾਡੇ ਕੋਲ 5 ਲੱਖ ਰੁਪਏ ਦਾ ਮਿਊਚਲ ਫੰਡ ਕਾਰਪਸ ਹੈ। ਇਹ ਫੰਡ ਹਰ ਸਾਲ ਔਸਤਨ 12 ਪ੍ਰਤੀਸ਼ਤ ਰਿਟਰਨ ਦਿੰਦਾ ਹੈ। ਇਸਦਾ ਮਤਲਬ ਹੈ ਕਿ ਇਕ ਸਾਲ ਵਿੱਚ ਤੁਹਾਡਾ ਕਾਰਪਸ 5,60,000 ਰੁਪਏ ਹੋ ਜਾਵੇਗਾ। ਹੁਣ ਤੁਹਾਨੂੰ ਸਾਲਾਨਾ 50 ਹਜ਼ਾਰ ਰੁਪਏ ਕਢਵਾਉਣ ਲਈ SWP ਕਰਨਾ ਹੋਵੇਗਾ। ਤਾਂ ਇਹ ਤੁਹਾਡੇ ਸਾਲ ਭਰ ਦੇ ਰਿਟਰਨ ਤੋਂ ਮਿਲੇਗੀ ਜੋ ਕਿ 12 ਫ਼ੀਸਦ ਦੇ ਹਿਸਾਬ ਨਾਲ 60 ਹਜ਼ਾਰ ਰੁਪਏ ਹੋਵੇਗੀ। ਇਸ 60 ਹਜ਼ਾਰ ‘ਚੋਂ 50 ਹਜ਼ਾਰ ਤੁਹਾਡੇ ਬੈਂਕ ਖਾਤੇ ‘ਚ SWP ਰਾਹੀਂ ਆ ਜਾਣਗੇ, ਜਦੋਂਕਿ ਬਾਕੀ 10 ਹਜ਼ਾਰ ਰੁਪਏ ਦੀ ਵਾਪਸੀ ਤੁਹਾਡੇ ਕਾਰਪਸ ‘ਚ ਜੋੜ ਦਿੱਤੀ ਜਾਵੇਗੀ ਅਤੇ ਇਹ 5,10,000 ਰੁਪਏ ਹੋ ਜਾਣਗੇ।
SWP ‘ਚ ਕੀ ਫਾਇਦਾ ਮਿਲਦਾ ਹੈ ?
SWP ਦਾ ਸਭ ਤੋਂ ਵਧੀਆ ਫਾਇਦਾ ਇਹ ਹੈ ਕਿ ਇਹ ਤੁਹਾਨੂੰ ਆਮਦਨ ਦਾ ਇਕ ਨਿਯਮਿਤ ਜ਼ਰੀਆ ਮਿਲ ਜਾਂਦਾ ਹੈ। ਇਹ ਉਨ੍ਹਾਂ ਲਈ ਵਧੀਆ ਵਿਕਲਪ ਹੈ ਜੋ ਆਪਣੇ ਨਿਵੇਸ਼ਾਂ ਤੋਂ ਨਿਯਮਤ ਆਮਦਨ ਚਾਹੁੰਦੇ ਹਨ ਜਿਵੇਂਕਿ ਸੇਵਾਮੁਕਤ ਲੋਕ। ਨਾਲ ਹੀ ਤੁਹਾਨੂੰ ਇਕ ਵਾਰ ਵਿੱਚ SWP ‘ਚ ਆਪਣੇ ਪੂਰੇ ਨਿਵੇਸ਼ ਨੂੰ ਰੀਡੀਮ ਕਰਨ ਦੀ ਲੋੜ ਨਹੀਂ ਹੈ। ਸਟਾਕ ਮਾਰਕੀਟ ਦੀ ਮਾੜੀ ਕਾਰਗੁਜ਼ਾਰੀ ਦੇ ਮਾਮਲੇ ‘ਚ ਇੱਕੋ ਸਮੇਂ SIPs ਨੂੰ ਰੀਡੀਮ ਕਰਨਾ ਵੀ ਜੋਖ਼ਮ ਭਰਿਆ ਹੋ ਸਕਦਾ ਹੈ, ਕਿਉਂਕਿ ਉਸ ਸਮੇਂ ਤੁਹਾਡੇ ਨਿਵੇਸ਼ ਦਾ ਮੁੱਲ ਘੱਟ ਜਾਂਦਾ ਹੈ। ਪਰ, ਇਹ ਸਮੱਸਿਆ SWP ਨਾਲ ਨਹੀਂ ਹੁੰਦੀ।
ਕੀ SWP ਦੇ ਨੁਕਸਾਨ ਵੀ ਹਨ?
ਜੇ ਅਸੀਂ SWP ਦੇ ਨੁਕਸਾਨਾਂ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮਾਰਕੀਟ ਜੋਖ਼ਮ ਸ਼ਾਮਲ ਹੁੰਦਾ ਹੈ ਕਿਉਂਕਿ ਰਿਟਰਨ ਦੀ ਗਾਰੰਟੀ ਨਹੀਂ ਹੁੰਦੀ ਹੈ। ਇਹ ਜ਼ਿਆਦਾਤਰ ਤੁਹਾਡੇ ਫੰਡ ਦੀ ਕਾਰਗੁਜ਼ਾਰੀ ‘ਤੇ ਨਿਰਭਰ ਕਰਦਾ ਹੈ। ਜੇਕਰ ਨਿਕਾਸੀ ਰਿਟਰਨ ਤੋਂ ਵੱਧ ਜਾਂਦੀ ਹੈ ਤਾਂ ਪੂੰਜੀ ਘਟਣ ਦੀ ਵੀ ਸੰਭਾਵਨਾ ਰਹਿੰਦੀ ਹੈ। ਇਸ ਤੋਂ ਇਲਾਵਾ SWP ‘ਚ ਐਗਜ਼ਿਟ ਲੋਡ ਤੇ ਟੈਕਸ ਵਰਗੇ ਖਰਚੇ ਵੀ ਸ਼ਾਮਲ ਹੋ ਸਕਦੇ ਹਨ, ਜੋ ਤੁਹਾਡੇ ਸਮੁੱਚੇ ਰਿਟਰਨ ਨੂੰ ਪ੍ਰਭਾਵਿਤ ਕਰ ਸਕਦੇ ਹਨ।